ਕਾਂਗਰਸੀ ਪੰਚ ਨੇ 50 ਸਾਲਾਂ ਤੋਂ ਬਣੀ ਗਲੀ ''ਚ ਪਿੱਲਰ ਬਣਾ ਕੇ ਕੀਤਾ ਕਬਜ਼ਾ

01/19/2018 6:42:59 AM

ਬਨੂੜ, (ਗੁਰਪਾਲ)- ਸੂਬੇ ਦੇ ਕਾਂਗਰਸੀ ਵਰਕਰਾਂ 'ਤੇ ਸੱਤਾ ਦਾ ਨਸ਼ਾ ਏਨਾ ਜ਼ਿਆਦਾ ਸਿਰ 'ਤੇ ਚੜ੍ਹ ਗਿਆ ਹੈ ਕਿ ਉਨ੍ਹਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਵਧੀਕੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਅਜਿਹੀ ਹੀ ਇਕ ਘਟਨਾ ਥਾਣਾ ਸ਼ੰਭੂ ਅਧੀਨ ਪੈਂਦੇ ਨੇੜਲੇ ਪਿੰਡ ਨਨਹੇੜਾ ਵਿਖੇ ਵਾਪਰੀ ਹੈ, ਜਿੱਥੇ 
ਇਕ ਕਾਂਗਰਸੀ ਪੰਚਾਇਤ ਮੈਂਬਰ ਨੇ 50 ਸਾਲਾਂ ਤੋਂ ਬਣੀ ਹੋਈ ਗਲੀ ਵਿਚ ਪਿੱਲਰ ਬਣਾ ਕੇ ਨਾਜਾਇਜ਼ ਕਬਜ਼ਾ ਕਰ ਲਿਆ। 
ਪਿੰਡ ਨਨਹੇੜਾ ਦੇ ਵਸਨੀਕ ਸੂਬਾ ਸਿੰਘ ਪੁੱਤਰ ਵਿਧਾਵਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿਛਲੀਆਂ ਕਈ ਪੀੜ੍ਹੀਆਂ ਤੋਂ ਇਸੇ ਪਿੰਡ ਵਿਚ ਰਹਿ ਰਹੇ ਹਨ। ਬੀਤੇ ਦਿਨੀਂ ਪਿੰਡ ਦੇ ਕਾਂਗਰਸੀ ਪੰਚਾਇਤ ਮੈਂਬਰ ਸਤਨਾਮ ਸਿੰਘ ਪੁੱਤਰ ਸੰਤਾ ਸਿੰਘ ਨੇ ਪਿਛਲੇ 50-60 ਸਾਲਾਂ ਤੋਂ ਬਣੀ ਪੰਚਾਇਤੀ ਗਲੀ ਵਿਚ ਪਿੱਲਰ ਬਣਾ ਕੇ ਨਾਜਾਇਜ਼ ਕਬਜ਼ਾ ਕਰ ਲਿਆ ਹੈ, ਜਦਕਿ ਸਾਡੇ ਮਕਾਨਾਂ ਦਾ ਪਾਣੀ ਇਸੇ ਗਲੀ ਵਿਚੋਂ ਨਿਕਲਦਾ ਹੈ। ਮਕਾਨਾਂ ਦੀਆਂ ਤਾਕੀਆਂ ਵੀ ਇਸ ਗਲੀ ਵੱਲ ਖੁੱਲ੍ਹਦੀਆਂ ਹਨ। ਉਨ੍ਹਾਂ ਦੱਸਿਆ ਕਿ ਹਾਲੇ ਪਿਛਲੇ ਸਾਲ ਹੀ ਇਹ ਗਲੀ ਕੰਕਰੀਟ ਨਾਲ ਬਣਾਈ ਗਈ ਹੈ। ਇਸਦੀ ਸ਼ਿਕਾਇਤ ਕਈ ਵਾਰ ਪਿੰਡ ਦੇ ਸਰਪੰਚ ਨੂੰ ਕਰਨ ਦੇ ਬਾਵਜੂਦ ਸੱਤਾਧਾਰੀ ਪਾਰਟੀ ਦਾ ਮੈਂਬਰ ਹੋਣ ਕਾਰਨ ਕੋਈ ਕਾਰਵਾਈ ਨਹੀਂ ਹੋਈ। ਸੂਬਾ ਸਿੰਘ ਨੇ ਦੱਸਿਆ ਕਿ ਮੈਂ ਇਸਦੀ ਸ਼ਿਕਾਇਤ ਥਾਣਾ ਸ਼ੰਭੂ ਵਿਖੇ ਕੀਤੀ ਹੈ। ਇਸ ਮਾਮਲੇ ਬਾਰੇ ਜਦੋਂ ਕਾਂਗਰਸੀ ਪੰਚ ਸਤਨਾਮ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਮੰਨਿਆ ਕਿ ਇਹ ਗਲੀ ਪੰਚਾਇਤੀ ਹੈ। ਉਸ ਨੇ ਪਿੱਲਰ ਜ਼ਰੂਰ ਬਣਾਏ ਹਨ ਪਰ ਇਨ੍ਹਾਂ 'ਤੇ ਗੇਟ ਨਹੀਂ ਲਾਇਆ ਜਾਵੇਗਾ। 
ਇਸ ਬਾਰੇ ਘਨੌਰ ਬਲਾਕ ਦੇ ਬੀ. ਡੀ. ਪੀ. ਓ. ਅਜਾਇਬ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ। ਜੇਕਰ ਕੋਈ ਲਿਖਤੀ ਸ਼ਿਕਾਇਤ ਮਿਲੇਗੀ ਤਾਂ ਕਾਂਗਰਸੀ ਮੈਂਬਰ ਵਿਰੁੱਧ ਜਾਂਚ ਕਰ ਕੇ ਕਾਰਵਾਈ ਕੀਤੀ ਜਾਵੇਗੀ, ਜਦੋਂ ਇਸ ਘਟਨਾ ਬਾਰੇ ਜਾਂਚ ਅਧਿਕਾਰੀ ਏ. ਐੈੱਸ. ਆਈ. ਬੂਟਾ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸਦੀ ਸ਼ਿਕਾਇਤ ਮੈਨੂੰ ਮਿਲ ਗਈ ਹੈ। 


Related News