ਅੰਬਾਨੀ ਤੇ ਨੀਰਵ ਮੋਦੀ ਦੀਆਂ ਜੇਬ੍ਹਾਂ ’ਚੋ ਕੱਢ ਕੇ ਗਰੀਬਾਂ ਨੂੰ ਦੇਵਾਂਗੇ ਪੈਸੇ : ਰਾਹੁਲ (ਵੀਡੀਓ)

Wednesday, May 15, 2019 - 06:20 PM (IST)

ਫਰੀਦਕੋਟ (ਜਗਤਾਰ) - ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਅੱਜ ਬਰਗਾੜੀ ਵਿਖੇ ਫਰੀਦਕੋਟ ਦੇ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਦੇ ਹੱਕ 'ਚ ਰੈਲੀ ਕਰ ਰਹੇ ਹਨ। ਬਰਗਾੜੀ ਵਿਖੇ ਹੋ ਰਹੀ ਇਸ ਰੈਲੀ 'ਚ ਰਾਹੁਲ ਗਾਂਧੀ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਪ੍ਰਦੇਸ਼ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ, ਮੁਹੰਮਦ ਸਦੀਕ, ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਢਿੱਲੋਂ, ਰਾਣਾ ਗੁਰਮੀਤ ਸਿੰਘ ਸੋਢੀ ਆਦਿ ਤੋਂ ਇਲਾਵਾ ਕਾਂਗਰਸੀ ਆਗੂ ਮੌਜੂਦ ਸਨ। ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਜੋ ਗੋਲੀ ਕਾਂਡ ਵਾਪਰੇ, ਉਸ ਸਭ ਕੁਝ ਲਈ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜ਼ਿੰਮੇਵਾਰ ਹਨ। ਜੇਕਰ ਇੰਨੇ ਵੱਡੇ ਕਾਂਡ ਦੇ ਵਾਪਰਨ ਤੋਂ ਬਾਅਦ ਜੇ ਉਨ੍ਹਾਂ ਨੂੰ ਕੁਝ ਨਹੀਂ ਪਤਾ ਤਾਂ ਉਹ ਆਪਣੇ ਅਹੁਦੇ 'ਤੇ ਰਹਿਣ ਦੇ ਕਾਬਲ ਨਹੀਂ। ਉਨ੍ਹਾਂ ਕਿਹਾ ਕਿ ਮੇਰੀ ਸਰਕਾਰ ਵਿਚ ਜੇਕਰ ਕਿਤੇ ਗੋਲੀ ਚੱਲਦੀ ਹੈ ਤਾਂ ਇਹ ਨਹੀਂ ਹੋ ਸਕਦਾ ਹੈ ਕਿ ਮੇਰੇ ਧਿਆਨ 'ਚ ਨਾ ਹੋਵੇ, ਇਸ ਲਈ ਬਾਦਲ ਝੂਠ ਬੋਲ ਰਹੇ ਹਨ ਕਿ ਗੋਲੀ ਚੱਲਣ ਦਾ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ। ਅਕਾਲੀ ਸਰਕਾਰ ਸਮੇਂ 58 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ, 47 ਗੁਟਕਾ ਸਾਹਿਬ, 23 ਗੀਤਾ, 5 ਕੁਰਾਨ ਸ਼ਰੀਫ਼ ਅਤੇ 1 ਪਵਿੱਤਰ ਬਾਈਬਲ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਪਰ ਕਿਸੇ ਨੂੰ ਵੀ ਕੋਈ ਸਜ਼ਾ ਨਹੀਂ ਮਿਲੀ।

PunjabKesari

ਬਾਦਲਾਂ ਨੂੰ ਲੱਗਦਾ ਹੈ ਕਿ ਲੋਕ ਇਸ ਬੇਅਦਬੀ ਕਾਂਡ ਨੂੰ ਭੁੱਲ ਜਾਣਗੇ ਪਰ ਅਜਿਹਾ ਨਹੀਂ ਹੋਵੇਗਾ। ਸੈਂਕੜੇ ਸਾਲ ਪਹਿਲਾਂ ਹੋਏ ਘੱਲੂਘਾਰੇ ਅਤੇ ਗੁਰਦੁਆਰਾ ਸਾਹਿਬ ਨੂੰ ਬਚਾਉਣ ਲਈ ਲੱਗੇ ਮੋਰਚਿਆਂ ਵਿਚ ਸ਼ਹੀਦ ਹੋਏ ਸਿੱਖਾਂ ਨੂੰ ਲੋਕ ਅਜੇ ਨਹੀਂ ਭੁੱਲੇ ਅਤੇ ਬਰਗਾੜੀ ਕਾਂਡ ਨੂੰ ਇੰਨੀ ਜਲਦੀ ਕਿਵੇਂ ਭੁੱਲ ਜਾਣਗੇ। ਉਨ੍ਹਾਂ ਕਿਹਾ ਕਿ ਬਹਿਬਲ ਕਾਂਡ ਵਿਚ ਮਾਰੇ ਗਏ ਲੋਕਾਂ ਦੀ ਯਾਦ ਵਿਚ ਯਾਦਗਾਰ ਸਥਾਪਤ ਕੀਤੀ ਜਾਵੇਗੀ ਅਤੇ ਇਸ ਬਾਰੇ ਇਕ ਕਮੇਟੀ ਬਣੇਗੀ, ਜਿਹੜੀ ਕਿ ਹਲਕੇ ਦੇ ਪਤਵੰਤਿਆਂ ਅਤੇ ਪੰਚਾਇਤਾਂ ਨੂੰ ਨਾਲ ਲੈ ਕੇ ਯਾਦਗਾਰ ਬਾਰੇ ਸਾਰੀ ਰੂਪ-ਰੇਖਾ ਤਿਆਰ ਕਰੇਗੀ ਅਤੇ ਉਸੇ ਮੁਤਾਬਕ ਹੀ ਯਾਦਗਾਰ ਬਣਾਈ ਜਾਵੇਗੀ।

ਚੌਕੀਦਾਰ ਦਾ ਨਾਅਰਾ ਲਗਾ ਕੇ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਮੋਦੀ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਰਾਹੁਲ ਗਾਂਧੀ ਦੇ ਪੂਰੇ ਭਾਸ਼ਣ 'ਚ ਨਰਿੰਦਰ ਮੋਦੀ ਭਾਰੂ ਰਹੇ ਅਤੇ ਉਨ੍ਹਾਂ ਅੰਬਾਨੀ, ਮਹਿਲ ਚੌਕਸੀ, ਨੀਰਵ ਮੋਦੀ ਅਤੇ ਵਿਜੇ ਮਾਲੀਆ ਵਰਗੇ ਲੋਕਾਂ ਨੂੰ ਫ਼ਾਇਦੇ ਪਹੁੰਚਾਉਣ ਦੇ ਮਾਮਲੇ ਨੂੰ ਖੂਬ ਪਰਚਾਰਿਆ। ਉਨ੍ਹਾਂ ਸਪੱਸ਼ਟ ਕਿਹਾ ਕਿ ਇਨ੍ਹਾਂ ਸਾਰਿਆਂ ਦੇ ਖਾਤਿਆਂ 'ਚੋਂ ਨਰਿੰਦਰ ਮੋਦੀ ਵੱਲੋਂ ਦਿੱਤੇ ਪੈਸੇ ਕੱਢ ਕੇ ਕਿਸਾਨਾਂ ਅਤੇ ਬੇਰੋਜ਼ਗਾਰਾਂ ਨੂੰ ਦਿੱਤੇ ਜਾਣਗੇ।ਉਨ੍ਹਾਂ ਅੰਬਾਨੀ ਤੇ ਨੀਰਵ ਮੋਦੀ ਦੀਆਂ ਜੇਬ੍ਹਾਂ ’ਚੋ ਕੱਢ ਕੇ ਗਰੀਬਾਂ ਨੂੰ ਪੈਸੇ ਦੇਣ ਦੀ ਗੱਲ ਕਹੀ। ਸਭ ਤੋਂ ਪਹਿਲਾਂ ਪੈਸਾ ਅਨਿਲ ਅੰਬਾਨੀ ਦੇ ਖਾਤੇ 'ਚੋਂ ਪੈਸਾ ਕੱਢ ਕੇ ਉਨ੍ਹਾਂ ਦੇ ਖਾਤਿਆਂ 'ਚ ਪਾਇਆ ਜਾਵੇਗਾ। ਉਸ ਤੋਂ ਬਾਅਦ ਨੀਰਵ ਮੋਦੀ, ਜਿਸ ਨੂੰ ਤੁਸੀਂ ਭਰਾ ਕਹਿੰਦੇ ਹੋ। ਵਿਜੇ ਮਾਲਿਆ, ਜੋ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਪਾਰਲੀਮੈਂਟ 'ਚ ਮਿਲ ਕੇ ਲੰਡਨ ਗਿਆ ਸੀ। ਫਿਰ ਲਲਿਤ ਮੋਦੀ, ਜਿਸ ਨੇ ਰਾਜਸਥਾਨ ਦੇ ਮੁੱਖ ਮੰਤਰੀ ਦੇ ਪੁੱਤਰ ਦੇ ਬੈਂਕ ਖਾਤੇ 'ਚ ਪੈਸੇ ਪਾਏ ਸਨ, ਇਨ੍ਹਾਂ ਸਾਰੇ ਚੋਰਾਂ ਦੇ ਖਾਤਿਆਂ 'ਚੋਂ ਪੈਸਾ ਕੱਢ ਕੇ ਲੋਕਾਂ ਦੇ ਖਾਤਿਆਂ 'ਚ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਇਨ੍ਹਾਂ ਨੂੰ 5 ਲੱਖ 50 ਹਜ਼ਾਰ ਕਰੋੜ ਰੁਪਏ ਦਿੱਤੇ, ਉਸੇ ਤਰ੍ਹਾਂ ਅਸੀਂ ਇਹ ਪੈਸਾ ਫਰੀਦਕੋਟ ਅਤੇ ਪੰਜਾਬ ਦੇ ਸਭ ਤੋਂ ਗਰੀਬ ਲੋਕਾਂ ਦੇ ਖਾਤਿਆਂ 'ਚ ਪਾ ਦੇਵਾਂਗੇ। 

PunjabKesari

ਰਾਹੁਲ ਗਾਂਧੀ ਨੇ ਕਿਹਾ ਕਿ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਜੇਕਰ ਕਾਂਗਰਸ ਦੀ ਸਰਕਾਰ ਬਣੀ ਤਾਂ ਕਿਸਾਨਾਂ ਦੀ ਭਲਾਈ ਲਈ ਇਹ ਬਜਟ ਪਹਿਲੇ ਸਾਲ ਤੋਂ ਪੇਸ਼ ਕਰ ਦਿੱਤਾ ਜਾਵੇਗਾ ਅਤੇ ਇਸ ਸਬੰਧੀ ਮਾਹਿਰਾਂ ਨਾਲ ਗੱਲਬਾਤ ਕੀਤੀ ਜਾ ਚੁੱਕੀ ਹੈ। ਨਿਆਂ ਯੋਜਨਾ ਨਾਲ ਦੀ ਇਕ ਨਵੀਂ ਯੋਜਨਾ ਚਾਲੂ ਕੀਤੀ ਜਾਵੇਗੀ, ਜਿਸ ਤਹਿਤ ਪੰਜਾਬ ਹੀ ਨਹੀਂ, ਬਲਕਿ ਦੇਸ਼ ਦੇ 25 ਕਰੋੜ ਲੋਕਾਂ ਨੂੰ ਹਰ ਸਾਲ ਬੈਂਕ ਖਾਤਿਆਂ ਰਾਹੀਂ ਪੈਸੇ ਦੇਣ ਲਈ ਵੱਡੇ ਚੋਰਾਂ ਦੇ ਖਾਤਿਆਂ 'ਚੋਂ ਉਹ ਪੈਸੇ ਕੱਢੇ ਜਾਣਗੇ, ਜਿਹੜੇ ਨਰਿੰਦਰ ਮੋਦੀ ਨੇ ਗਲਤ ਤਰੀਕੇ ਨਾਲ ਉਨ੍ਹਾਂ ਦੇ ਖਾਤਿਆਂ ਵਿਚ ਪਾਏ ਹਨ ਅਤੇ ਇਹ ਯੋਜਨਾ ਗਰੀਬਾਂ, ਮਜ਼ਦੂਰਾਂ, ਕਿਸਾਨਾਂ ਅਤੇ ਬੇਰੋਜ਼ਗਾਰਾਂ ਦੇ ਹੱਕ ਵਿਚ ਹੋਵੇਗੀ। ਉਨ੍ਹਾਂ ਕਿਹਾ ਕਿ ਬੇਰੋਜ਼ਗਾਰਾਂ ਨੂੰ 22 ਲੱਖ ਸਰਕਾਰੀ ਨੌਕਰੀਆਂ, 12 ਹਜ਼ਾਰ ਤੋਂ ਘੱਟ ਆਮਦਨ ਵਾਲਿਆਂ ਨੂੰ 72,000 ਰੁਪਏ ਪ੍ਰਤੀ ਸਾਲ ਦੇਣ ਤੋਂ ਇਲਾਵਾ ਕਈ ਹੋਰ ਭਲਾਈ ਸਕੀਮਾਂ ਸ਼ੁਰੂ ਕਰਨ ਲਈ ਉਨ੍ਹਾਂ ਪਹਿਲਾਂ ਆਰਥਕ ਮਾਹਿਰਾਂ ਨਾਲ ਰਾਏ ਕਰ ਲਈ ਹੈ। 

PunjabKesari

ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਤੇ ਜੀ. ਐੱਸ. ਟੀ. ਨੇ ਦੇਸ਼ ਦਾ ਕਾਰੋਬਾਰ ਤਾਂ ਤਬਾਹ ਕੀਤਾ ਹੈ, ਜਿਸ ਕਾਰਨ ਕਈ ਉਦਯੋਗ ਬੰਦ ਹੋ ਗਏ ਅਤੇ ਲੱਖਾਂ ਲੋਕ ਬੇਰੋਜ਼ਗਾਰ ਹੋਏ। ਉਨ੍ਹਾਂ ਸਪੱਸ਼ਟ ਕੀਤਾ ਕਿ ਕਾਂਗਰਸ ਦੀ ਸਰਕਾਰ ਆਉਣ 'ਤੇ 72,000 ਰੁਪਏ ਸਾਲਾਨਾ ਰਾਸ਼ੀ ਨਾਲ ਛੋਟੇ ਵਪਾਰੀਆਂ ਦਾ ਕਾਰੋਬਾਰ ਚਮਕੇਗਾ ਅਤੇ ਬੰਦ ਪਏ ਉਦਯੋਗ ਦੁਬਾਰਾ ਚੱਲਣਗੇ, ਜਿਸ ਨਾਲ ਬੇਰੋਜ਼ਗਾਰ ਹੋਏ ਸਾਰੇ ਨੌਜਵਾਨਾਂ ਨੂੰ ਦੁਬਾਰਾ ਨੌਕਰੀਆਂ ਮਿਲਣਗੀਆਂ। ਪੰਜਾਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਹੋਈ ਬੇਅਦਬੀ ਅਤੇ ਬਰਗਾੜੀ ਨਜ਼ਦੀਕ ਵਾਪਰੇ ਬਹਿਬਲ ਕਾਂਡ ਬਾਰੇ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਉਸ ਵੇਲੇ ਵੀ ਲੋਕਾਂ ਨਾਲ ਦੁੱਖ ਸਾਂਝਾ ਕਰਨ ਆਏ ਸਨ ਅਤੇ ਅੱਜ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਖੜ੍ਹੇ ਹਨ। ਕਿਸੇ ਵੀ ਧਰਮ ਨਾਲ ਗਲਤ ਕਾਰਵਾਈ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ।


author

rajwinder kaur

Content Editor

Related News