ਸਫ਼ਾਈ ਸੇਵਕਾਂ ਦੇ ਮੁੱਦੇ ''ਤੇ ਕਾਂਗਰਸ ਦੀ ਏਕਤਾ ਫਿਰ ਸਵਾਲਾਂ ਦੇ ਘੇਰੇ ''ਚ, ਛਿੜੀ ਚਰਚਾ
Sunday, Jul 26, 2026 - 05:22 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ਵਿਖੇ ਸਫ਼ਾਈ ਸੇਵਕਾਂ ਨਾਲ ਹੋਈ ਕੁੱਟਮਾਰ ਦੇ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਨੇ ਸਰਕਾਰ ਖ਼ਿਲਾਫ਼ ਆਪਣਾ ਰੋਸ ਤਾਂ ਜਤਾਇਆ ਪਰ ਇਸ ਸਾਰੇ ਘਟਨਾਕ੍ਰਮ ਦੌਰਾਨ ਕਾਂਗਰਸ ਦੀ ਅੰਦਰੂਨੀ ਏਕਤਾ ਨੂੰ ਲੈ ਕੇ ਵੀ ਕਈ ਸਵਾਲ ਖੜ੍ਹੇ ਹੋ ਗਏ। ਭਾਵੇਂ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਬਰਨਾਲਾ ਪੁੱਜੀ, ਪਰ ਸਾਰੇ ਵੱਡੇ ਆਗੂ ਇੱਕੋ ਸਮੇਂ ਅਤੇ ਇੱਕੋ ਮੰਚ 'ਤੇ ਇਕੱਠੇ ਨਜ਼ਰ ਨਾ ਆਉਣ ਕਾਰਨ ਸਿਆਸੀ ਗਲਿਆਰਿਆਂ ਵਿੱਚ ਚਰਚਾਵਾਂ ਦਾ ਦੌਰ ਗਰਮ ਰਿਹਾ। ਸਵੇਰੇ ਮੀਡੀਆ ਨੂੰ ਜਾਰੀ ਕੀਤੇ ਗਏ ਅਧਿਕਾਰਕ ਸੰਦੇਸ਼ 'ਚ ਦੱਸਿਆ ਗਿਆ ਸੀ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਸੀਨੀਅਰ ਆਗੂ ਸਵੇਰੇ 10 ਵਜੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਕੋਠੀ ਪਹੁੰਚਣਗੇ ਅਤੇ ਉੱਥੋਂ ਸਫਾਈ ਸੇਵਕਾਂ ਦੇ ਧਰਨੇ 'ਚ ਸ਼ਾਮਲ ਹੋਣਗੇ।
ਇਸ ਸੰਦੇਸ਼ ਤੋਂ ਬਾਅਦ ਇਹ ਉਮੀਦ ਬਣੀ ਕਿ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਇੱਕਜੁੱਟ ਹੋ ਕੇ ਸਫਾਈ ਸੇਵਕਾਂ ਦੇ ਹੱਕ ਵਿੱਚ ਖੜ੍ਹੀ ਨਜ਼ਰ ਆਵੇਗੀ। ਨਿਰਧਾਰਤ ਸਮੇਂ 'ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਸੀਨੀਅਰ ਆਗੂ ਸਫਾਈ ਸੇਵਕਾਂ ਦੇ ਧਰਨੇ ਵਿੱਚ ਪਹੁੰਚੇ ਅਤੇ ਪੀੜਤ ਕਰਮਚਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ। ਹਾਲਾਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਮੌਕੇ ਮੌਜੂਦ ਨਹੀਂ ਸਨ, ਜਿਸ ਕਾਰਨ ਸਿਆਸੀ ਹਲਕਿਆਂ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ। ਧਰਨੇ ਦਾ ਪ੍ਰੋਗਰਾਮ ਖ਼ਤਮ ਹੋਣ ਅਤੇ ਹੋਰ ਆਗੂਆਂ ਦੇ ਵਾਪਸ ਜਾਣ ਤੋਂ ਬਾਅਦ ਸ਼ਾਮ ਦੇ ਸਮੇਂ ਅਮਰਿੰਦਰ ਸਿੰਘ ਰਾਜਾ ਵੜਿੰਗ ਬਰਨਾਲਾ ਪਹੁੰਚੇ। ਉਨ੍ਹਾਂ ਨੇ ਜ਼ਖ਼ਮੀ ਸਫਾਈ ਸੇਵਕਾਂ ਦਾ ਹਾਲ-ਚਾਲ ਪੁੱਛਿਆ, ਉਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਬਾਅਦ ਵਿੱਚ ਕੈਂਡਲ ਮਾਰਚ ਵਿੱਚ ਵੀ ਸ਼ਮੂਲੀਅਤ ਕੀਤੀ। ਪੀੜਤ ਸਫਾਈ ਸੇਵਕਾਂ ਨਾਲ ਮੁਲਾਕਾਤ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਵੱਲੋਂ ਇੱਕ ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਭਵਿੱਖ ਵਿੱਚ ਵੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਦੀ ਇਸ ਐਲਾਨ ਨੂੰ ਸਫਾਈ ਸੇਵਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਸਰਾਹਿਆ ਗਿਆ।
ਸਥਾਨਕ ਲੋਕਾਂ ਵਿੱਚ ਇਹ ਗੱਲ ਵੀ ਚਰਚਾ ਦਾ ਵਿਸ਼ਾ ਰਹੀ ਕਿ ਕਾਂਗਰਸ ਦੇ ਹੋਰ ਸੀਨੀਅਰ ਆਗੂਆਂ ਨੇ ਭਾਵੇਂ ਆਪਣਾ ਸਮਰਥਨ ਪ੍ਰਗਟਾਇਆ ਪਰ ਮੌਕੇ 'ਤੇ ਕਿਸੇ ਹੋਰ ਆਗੂ ਵੱਲੋਂ ਮਾਲੀ ਸਹਾਇਤਾ ਦਾ ਐਲਾਨ ਨਹੀਂ ਕੀਤਾ ਗਿਆ। ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਆਗੂ ਧਰਨੇ ਵਿੱਚ ਮੌਜੂਦ ਸਨ, ਉਸ ਵੇਲੇ ਰਾਜਾ ਵੜਿੰਗ ਦੇ ਕਰੀਬੀ ਮੰਨੇ ਜਾਂਦੇ ਕਈ ਸਥਾਨਕ ਆਗੂ ਉੱਥੇ ਨਜ਼ਰ ਨਹੀਂ ਆਏ। ਇਨ੍ਹਾਂ ਵਿੱਚ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਸੀਨੀਅਰ ਮਹਿਲਾ ਆਗੂ ਬੀਬੀ ਸੁਰਿੰਦਰ ਕੌਰ ਬਾਲੀਆਂ, ਸਾਬਕਾ ਜ਼ਿਲ੍ਹਾ ਪ੍ਰਧਾਨ ਜਗਜੀਤ ਧੌਲਾ, ਸਾਬਕਾ ਯੂਥ ਪ੍ਰਧਾਨ ਗੁਰਕੀਮਤ ਸਿੱਧੂ, ਐਸ.ਸੀ. ਵਿੰਗ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਪੱਖੋਂ ਅਤੇ ਮਹਿੰਦਰ ਪਾਲ ਪੱਖੋ ਸਮੇਤ ਹੋਰ ਆਗੂ ਸ਼ਾਮਲ ਸਨ। ਇਹ ਸਾਰੇ ਆਗੂ ਸ਼ਾਮ ਵੇਲੇ ਰਾਜਾ ਵੜਿੰਗ ਨਾਲ ਹੀ ਸਫਾਈ ਸੇਵਕਾਂ ਕੋਲ ਪਹੁੰਚੇ ਅਤੇ ਕੈਂਡਲ ਮਾਰਚ ਵਿੱਚ ਹਿੱਸਾ ਲਿਆ।
