ਅਕਾਲੀ ਅਤੇ ਕਾਂਗਰਸੀ ਕਰਨਗੇ ਇਕ-ਦੂਜੇ ''ਤੇ ਸ਼ਬਦੀ ਵਾਰ

04/14/2018 6:17:58 AM

ਤਲਵੰਡੀ ਸਾਬੋ(ਮੁਨੀਸ਼)-ਖਾਲਸਾ ਸਾਜਨਾ ਦਿਵਸ ਵਿਸਾਖੀ ਜੋੜ ਮੇਲੇ ਮੌਕੇ 14 ਅਪ੍ਰੈਲ ਨੂੰ ਤਲਵੰਡੀ ਸਾਬੋ ਵਿਖੇ ਸਿਆਸੀ ਪਾਰਟੀਆਂ ਵਲੋਂ ਕੀਤੀਆਂ ਜਾ ਰਹੀਆਂ ਕਾਨਫਰੰਸਾਂ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਮੁੱਖ ਤੌਰ ਸ਼੍ਰੋਮਣੀ ਅਕਾਲੀ ਦਲ ਤੇ ਸੱਤਾਧਾਰੀ ਪਾਰਟੀ ਕਾਂਗਰਸ ਦੀਆਂ ਕਾਨਫਰੰਸਾਂ 'ਤੇ ਸਭ ਦੀ ਨਜ਼ਰ ਰਹੇਗੀ ਪਰ ਸ਼੍ਰੋਮਣੀ ਅਕਾਲੀ ਦਲ (ਅ) ਅਤੇ ਪੰਥਕ ਕਾਨਫਰੰਸ 'ਚ ਵੱਡਾ ਸੰਘਰਸ਼ ਦਾ ਐਲਾਨ ਹੋ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੀ ਕਾਨਫਰੰਸ ਪੁਰਾਣੇ ਭਾਈ ਡੱਲ ਸਿੰਘ ਦੀਵਾਨ ਹਾਲ ਵਿਚ ਕੀਤੀ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਸ਼੍ਰੋਮਣੀ ਅਕਾਲੀ ਦਲ ਦੇ ਜਨ. ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਕੀਤੀਆਂ ਹਨ, ਜਿਨ੍ਹਾਂ ਨੇ ਫਾਈਨਲ ਪ੍ਰਬੰਧਾ ਦਾ ਜਾਇਜ਼ਾ ਲਿਆ। ਸ. ਸਿੱਧੂ ਨੇ ਕਿਹਾ ਕਿ ਸੂਬੇ ਦੀ ਜਨਤਾ ਦਾ ਕਾਂਗਰਸ ਦੀ ਇਕ ਸਾਲ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋ ਚੁੱਕਾ ਹੈ ਤੇ ਲੋਕ ਅਕਾਲੀ-ਭਾਜਪਾ ਸਰਕਾਰ ਵਲੋਂ ਪਿਛਲੇ 10 ਸਾਲਾਂ ਵਿਚ ਕੀਤੇ ਕੰਮਾਂ ਨੂੰ ਚੇਤੇ ਕਰ ਰਹੇ ਹਨ,  ਜਿਸ ਦਾ ਸਬੂਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਭਰ ਅੰਦਰ ਕੀਤੀਆਂ ਜਾ ਰਹੀਆਂ ਪੋਲ ਖੋਲ੍ਹ ਰੈਲੀਆਂ ਵਿਚ ਇਕੱਤਰ ਹੁੰਦੇ ਵੱਡੇ ਇਕੱਠਾਂ ਤੋਂ ਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਤਲਵੰਡੀ ਸਾਬੋ ਵਿਖੇ ਵਿਸਾਖੀ ਮੌਕੇ ਕੀਤੀ ਜਾਣ ਵਾਲੀ ਰਾਜਸੀ ਰੈਲੀ ਵੀ ਪੋਲ ਖੋਲ੍ਹ ਦਾ ਹੀ ਇਕ ਹਿੱਸਾ ਹੈ ਤੇ ਲੋਕਾਂ ਨੂੰ ਕਾਂਗਰਸ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਵਿਚੋਂ ਇਕ ਵੀ ਪੂਰਾ ਨਾ ਕੀਤੇ ਜਾਣ ਸਬੰਧੀ ਸਾਰੇ ਤੱਥਾਂ ਤੋਂ ਜਾਣੂ ਕਰਵਾਇਆ ਜਾਵੇਗਾ। ਸ. ਸਿੱਧੂ ਨੇ ਦੱਸਿਆ ਕਿ ਕਾਨਫਰੰਸ ਦੌਰਾਨ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਅਕਾਲੀ-ਭਾਜਪਾ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਰਹੇਗੀ। ਉਨ੍ਹਾਂ ਕਿਹਾ ਕਿ ਰੈਲੀ ਸੂਬੇ ਦੇ ਨਵੇਂ ਸਿਆਸੀ ਸਮੀਕਰਨ ਬਣਾਵੇਗੀ। ਇਸ ਮੌਕੇ ਉਨ੍ਹਾਂ ਨਾਲ ਸਿਆਸੀ ਸਕੱਤਰ ਗੁਰਮੀਤ ਬੁਰਜ ਮਹਿਮਾ, ਨਿੱਜੀ ਸਹਾਇਕ ਨਿਰਮਲ ਜੋਧਪੁਰ,  ਹਲਕਾ ਪ੍ਰਧਾਨ ਭਾਗ ਸਿੰਘ ਕਾਕਾ, ਯੂਥ ਪ੍ਰਧਾਨ ਸੁਖਬੀਰ ਚੱਠਾ, ਬਾਬੂ ਸਿੰਘ ਮਾਨ, ਅਵਤਾਰ ਮੈਨੂੰਆਣਾ, ਰਣਜੀਤ ਮਲਕਾਣਾ, ਭੋਲਾ ਕਲਾਲਵਾਲਾ, ਸੁਰਜੀਤ ਭੰਮ, ਨਿੱਪੀ ਸਿੱਧੂ ਜ਼ਿਲਾ ਪ੍ਰਧਾਨ ਐੱਸ. ਓ. ਆਈ., ਚਿੰਟੂ ਜਿੰਦਲ, ਮੋਹਣ ਮਿਰਜ਼ੇਆਣਾ, ਮੇਜਰ ਮਿਰਜ਼ੇਆਣਾ, ਗੁਰਮੇਲ ਲਾਲੇਆਣਾ ਆਦਿ ਆਗੂ ਹਾਜ਼ਰ ਸਨ।
ਕਾਂਗਰਸ ਦੀ ਕਾਨਫਰੰਸ ਨੂੰ ਲੈ ਕੇ ਹਲਕਾ ਸੇਵਾਦਾਰ ਖੁਸ਼ਬਾਜ਼ ਜਟਾਣਾ ਪੱਬਾਂ ਭਾਰ
ਸੱਤਾਧਾਰੀ ਕਾਂਗਰਸ ਵਲੋਂ ਵਿਸਾਖੀ ਮੌਕੇ ਕੀਤੀ ਜਾਣ ਵਾਲੀ ਸਿਆਸੀ ਕਾਨਫਰੰਸ ਲਈ ਕਾਂਗਰਸ ਦੇ ਬੁਲਾਰੇ ਤੇ ਹਲਕਾ ਸੇਵਾਦਾਰ ਖੁਸ਼ਬਾਜ਼ ਜਟਾਣਾ ਕਈ ਦਿਨਾਂ ਤੋਂ ਤਿਆਰੀਆਂ ਵਿਚ ਜੁਟੇ ਹੋਏ ਹਨ, ਜਿਨ੍ਹਾਂ ਵੱਲੋਂ ਕਾਨਫਰੰਸ ਦੇ ਫਾਈਨਲ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ। ਕਾਂਗਰਸ ਪਾਰਟੀ ਦੀ ਕਾਨਫਰੰਸ ਜੰਡਸਰ ਰੋਡ 'ਤੇ ਮਾਤਾ ਸਾਹਿਬ ਕੌਰ ਕਾਲਜ ਦੇ ਨਜ਼ਦੀਕ ਪੁਰਾਣੀ ਜਗ੍ਹਾ 'ਤੇ ਹੀ ਕੀਤੀ ਜਾ ਰਹੀ ਹੈ। ਕਾਨਫਰੰਸ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੁਸ਼ਬਾਜ ਜਟਾਣਾ ਨੇ ਦੱਸਿਆ ਕਿ ਕਾਂਗਰਸ ਵੱਲੋਂ ਕੀਤੀ ਜਾ ਰਹੀ ਵਿਸ਼ਾਲ ਕਾਨਫਰੰਸ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ ਸਮੂਹ ਮੰਤਰੀ ਸਾਹਿਬਾਨ ਅਤੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਰੈਲੀ ਵਿਚ ਸ਼ਮੂਲੀਅਤ ਕਰੇਗੀ। ਕਾਂਗਰਸੀ ਬੁਲਾਰੇ ਨੇ ਦੱਸਿਆ ਕਿ ਰੈਲੀ ਦੌਰਾਨ ਪੰਜਾਬ ਸਰਕਾਰ ਵਲੋਂ ਆਉਣ ਵਾਲੇ ਸਮੇਂ ਵਿਚ ਦਿੱਤੀਆਂ ਜਾਣ ਵਾਲੀਆਂ ਸੌਗਾਤਾਂ ਬਾਰੇ ਦੱਸਿਆ ਜਾਵੇਗਾ, ਨਾਲ ਹੀ ਉਨ੍ਹਾਂ ਉਮੀਦ ਜਤਾਈ ਕਿ ਪੰਜਾਬ ਸਰਕਾਰ ਵਲੋਂ ਹਲਕਾ ਤਲਵੰਡੀ ਸਾਬੋ ਲਈ ਕੋਈ ਵੱਡਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਸੰਦੀਪ ਭੁੱਲਰ ਸੂਬਾ ਆਗੂ, ਕ੍ਰਿਸ਼ਨ ਭਾਗੀਵਾਂਦਰ ਬਲਾਕ ਪ੍ਰਧਾਨ ਕਾਂਗਰਸ, ਗੁਰਪ੍ਰੀਤ ਸਿੰਘ ਮਾਨਸ਼ਾਹੀਆ ਪ੍ਰਧਾਨ ਨਗਰ ਪੰਚਾਇਤ, ਗੁਰਤਿੰਦਰ ਸਿੰਘ ਰਿੰਪੀ ਮਾਨ ਸਾਬਕਾ ਪ੍ਰਧਾਨ, ਰਣਜੀਤ ਸੰਧੂ, ਯੂਥ ਕਾਂਗਰਸੀ ਆਗੂ ਮਨਜੀਤ ਲਾਲੇਆਣਾ, ਅਮਨਦੀਪ ਸ਼ਰਮਾ, ਅੰਮ੍ਰਿਤਪਾਲ ਕਾਕਾ, ਸਤਪਾਲ ਲਹਿਰੀ, ਇਕਬਾਲ ਸਿੰਘ ਸਿੱਧੂ, ਕੌਂਸਲਰ ਹਰਬੰਸ ਸਿੰਘ ਅਤੇ ਅਜੀਜ ਖਾਨ, ਜਸਕਰਨ ਸਿੰਘ ਅਤੇ ਦਿਲਪ੍ਰੀਤ ਜੱਗਾ, ਕਾਂਗਰਸੀ ਆਗੂ ਤਰਸੇਮ ਸੇਮੀ, ਅੰਮ੍ਰਿਤਪਾਲ ਗਹਿਲੇਵਾਲਾ, ਬਰਿੰਦਰਪਾਲ ਮਹੇਸ਼ਵਰੀ, ਜਗਤਾਰ ਮੈਨੂਆਣਾ, ਬਲਬੀਰ ਲਾਲੇਆਣਾ, ਨਾਨਕ ਸ਼ੇਖਪੁਰਾ ਤੇ ਮਨਪ੍ਰੀਤ ਸਿੰਘ ਵੀ ਮੌਜੂਦ ਸਨ।
ਪੰਥਕ ਕਾਨਫਰੰਸ ਵਿਚ ਸੰਘਰਸ਼ ਦਾ ਹੋ ਸਕਦਾ ਐਲਾਨ
ਇਸ ਵਾਰ ਸ਼੍ਰੋਮਣੀ ਅਕਾਲੀ ਦਲ (ਅ) ਅਤੇ ਸਰਬੱਤ ਖਾਲਸਾ ਦੇ ਜਥੇਦਾਰਾਂ ਤੋਂ ਇਲਾਵਾ ਵੱਖ-ਵੱਖ ਪੰਥਕ ਜਥੇਬੰਦੀਆਂ ਵੱਲੋਂ ਸਾਂਝੀ ਕਾਨਫਰੰਸ ਪੰਥਕ ਇਕੱਠ ਦੇ ਨਾਂ ਹੇਠ ਕੀਤੀ ਜਾ ਰਹੀ ਹੈ, ਜਿਸ ਵਿਚ ਸਰਬੱਤ ਖਾਲਸਾ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂ, ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਤੋਂ ਇਲਾਵਾ ਹੋਰ ਵੀ ਪੰਥਕ ਸ਼ਖਸੀਅਤਾਂ ਪੁੱਜ ਰਹੀਆਂ ਹਨ, ਜਿਨ੍ਹਾਂ ਵਲੋਂ ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ, ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਨਾਨਕ ਸ਼ਾਹ ਫਕੀਰ ਵਰਗੀਆਂ ਸਿੱਖ ਸਿਧਾਂਤ ਵਿਰੋਧੀ ਫਿਲਮਾਂ ਉਪਰ ਪੂਰਨ ਪਾਬੰਦੀ ਲਈ ਕੋਈ ਵੱਡਾ ਐਲਾਨ ਕੀਤਾ ਜਾ ਸਕਦਾ ਹੈ।


Related News