ਖਹਿਰਾ ਵੀ ਹੁਣ ਨੈਤਿਕਤਾ ਦੇ ਆਧਾਰ ''ਤੇ ਅਸਤੀਫਾ ਦੇਵੇ : ਧਰਮਸੌਤ

Saturday, Jan 20, 2018 - 07:28 AM (IST)

ਖਹਿਰਾ ਵੀ ਹੁਣ ਨੈਤਿਕਤਾ ਦੇ ਆਧਾਰ ''ਤੇ ਅਸਤੀਫਾ ਦੇਵੇ : ਧਰਮਸੌਤ

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)-ਜਦੋਂ ਵੀ ਸ਼ਹੀਦਾਂ ਨੂੰ ਅਣਗੌਲਿਆਂ ਕੀਤਾ ਗਿਆ, ਆਉਣ ਵਾਲੀਆਂ ਕੌਮਾਂ ਕਮਜ਼ੋਰ ਹੋਈਆਂ ਹਨ। ਕਾਂਗਰਸ ਪਾਰਟੀ ਦੇਸ਼ ਭਗਤਾਂ ਵਾਲੀ ਪਾਰਟੀ ਹੈ ਜੋ ਕਦੇ ਵੀ ਆਪਣੇ ਗੁਰੂਆਂ ਨੂੰ ਨਹੀਂ ਭੁੱਲੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਬਰਸੀ ਸਮਾਗਮ ਮੌਕੇ ਪਿੰਡ ਠੀਕਰੀਵਾਲ ਵਿਖੇ ਬਰਸੀ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਮਹਾਨ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਜਿਹੇ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ । ਇਸ ਮੌਕੇ ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਸਰਕਾਰ ਤੋਂ ਹਰ ਰੋਜ਼ ਵਿਕਾਸ ਕਾਰਜਾਂ ਦਾ ਹਿਸਾਬ ਮੰਗਿਆ ਜਾ ਰਿਹਾ ਹੈ, ਜਦਕਿ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੀ ਵਾਗਡੋਰ ਸੰਭਾਲੀ ਨੂੰ ਅਜੇ ਨਿਗੁਣਾ ਸਮਾਂ ਹੀ ਹੋਇਆ ਹੈ । ਉਨ੍ਹਾਂ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਤੋਂ ਹਿਸਾਬ ਲੈਣ ਤੋਂ ਪਹਿਲਾਂ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਨੁਮਾਇੰਦਿਆਂ ਨੂੰ ਪਿਛਲੇ 10 ਸਾਲਾਂ ਵਿਚ ਕੀਤੇ ਕੰਮਾਂ ਦਾ ਹਿਸਾਬ ਦੇਣਾ ਚਾਹੀਦਾ ਹੈ ਕਿਉਂਕਿ ਪਿਛਲੀ ਸਰਕਾਰ ਵੇਲੇ ਹੋਈਆਂ ਗੜਬੜੀਆਂ ਕਾਰਨ ਹੀ ਸੂਬੇ ਦੇ ਸਿਰ ਕਰਜ਼ੇ ਦੀ ਪੰਡ ਭਾਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਲਈ ਵੱਡੇ ਕਦਮ ਚੁੱਕੇ ਗਏ ਹਨ ਅਤੇ ਵੱਡੀ ਗਿਣਤੀ ਵਿਚ ਕਿਸਾਨਾਂ ਦਾ ਕਰਜ਼ਾ ਮੁਆਫ਼ ਵੀ ਕੀਤਾ ਗਿਆ ਹੈ। ਪੰਜਾਬ ਦੇ ਜੰਗਲਾਤ, ਛਪਾਈ ਤੇ ਲਿਖਣ ਸਮੱਗਰੀ, ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਮੰਤਰੀ, ਪੰਜਾਬ ਸ. ਸਾਧੂ ਸਿੰਘ ਧਰਮਸੌਤ ਨੇ ਇਸ ਮੌਕੇ ਸੰਬੋਧਨ ਕਰਦਿਆਂ ਆਖਿਆ ਕਿ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੇ ਲੋਕਾਂ ਦੇ ਹਿੱਤਾਂ ਖ਼ਾਤਿਰ ਆਜ਼ਾਦੀ ਦੀ ਲੜਾਈ ਲੜੀ ਤੇ ਹਕੂਮਤ ਅੱਗੇ ਨਾ ਝੁਕਦਿਆਂ ਆਪਣਾ ਜੀਵਨ ਆਮ ਲੋਕਾਂ ਲਈ ਕੁਰਬਾਨ ਕਰ ਦਿੱਤਾ । ਉਨ੍ਹਾਂ ਕੈਪਟਨ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ 9 ਹਜ਼ਾਰ ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਪੰਜਾਬ ਦਾ ਜੀ. ਐੱਸ. ਟੀ. ਦਾ 7 ਹਜ਼ਾਰ ਕਰੋੜ ਰੁਪਇਆਂ ਰੋਕੀ ਬੈਠੀ ਹੈ ਪਰ ਅਸੀਂ ਫਿਰ ਵੀ ਆਪਣੇ ਕੀਤੇ ਵਾਅਦੇ ਪੂਰੇ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਅੰਦਰ 1 ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਕਾਲੀ ਰਾਜ 'ਚ ਸ਼ਗਨ ਸਕੀਮ 15 ਹਜ਼ਾਰ ਤੋਂ ਨਹੀਂ ਵਧੀ ਜਦਕਿ ਕੈਪਟਨ ਸਰਕਾਰ ਆਉਂਦੇ ਸਾਲ ਤੋਂ ਹੀ ਸ਼ਗਨ ਸਕੀਮ ਦੀ ਰਕਮ ਵਧਾ ਕੇ 21 ਹਜ਼ਾਰ ਰੁਪਏ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਨੈਤਿਕਤਾ ਦੇ ਆਧਾਰ ਤੇ ਆਪਣਾ ਅਸਤੀਫਾ ਦੇ ਦਿੱਤਾ ਹੈ ਜਦਕਿ ਬਾਦਲ ਸਰਕਾਰ ਵੇਲੇ ਬਾਦਲ ਸਰਕਾਰ ਦੀ ਬਿਕਰਮਜੀਤ ਸਿੰਘ ਮਜੀਠੀਆ ਤੋਂ ਅਸਤੀਫਾ ਮੰਗਣ ਦੀ ਹਿੰਮਤ ਤੱਕ ਨਹੀਂ ਪਈ ਸੀ। ਉਨ੍ਹਾਂ ਕਿਹਾ ਕਿ ਜੇਕਰ ਆਪ ਪਾਰਟੀ 'ਚ ਨੈਤਿਕਤਾ ਹੈ ਤਾਂ ਉਹ ਸੁਖਪਾਲ ਸਿੰਘ ਖਹਿਰਾ ਤੋਂ ਵੀ ਅਸਤੀਫਾ ਲਵੇ। ਬਾਅਦ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਕਾਂਗਰਸ ਪਾਰਟੀ ਮਾਲਵਾ ਵਿਚ ਕਦੇ ਕਮਜ਼ੋਰ ਨਹੀਂ ਹੋਈ, ਹੁਣ ਆਉਣ ਵਾਲੀਆਂ ਐੱਮ. ਪੀ. ਚੋਣਾਂ 'ਚ ਸਪੱਸ਼ਟ ਹੋ ਜਾਵੇਗਾ ਕਿ ਮਾਲਵਾ ਵਿਚ ਬਹੁਮਤ ਕਿਹੜੀ ਪਾਰਟੀ ਦੇ ਨਾਲ ਹੈ। ਜਦੋਂ ਉਨ੍ਹਾਂ ਨਾਲ ਬੈਠੇ ਬੀਬੀ ਰਾਜਿੰਦਰ ਕੌਰ ਭੱਠਲ ਤੋਂ ਸੰਗਰੂਰ ਲੋਕਸਭਾ ਹਲਕੇ ਤੋਂ ਚੋਣ ਲੜਨ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਜੇਕਰ ਮੈਨੂੰ ਲੋਕ ਸਭਾ ਚੋਣ ਲੜਨ ਦਾ ਆਦੇਸ਼ ਦੇਵੇਗੀ ਤਾਂ ਮੈਂ ਖਿੜੇ ਮੱਥੇ ਇਸ ਨੂੰ ਪ੍ਰਵਾਨ ਕਰਾਂਗੀ। ਇਸ ਸਮੇਂ ਮਹੰਤ ਗੁਰਮੀਤ ਸਿੰਘ ਠੀਕਰੀਵਾਲਾ, ਸਾਬਕਾ ਸਰਪੰਚ ਪ੍ਰਗਟ ਸਿੰਘ ਠੀਕਰੀਵਾਲਾ, ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਪੀ. ਏ. ਗੁਰਜੀਤ ਸਿੰਘ ਬਰਾੜ, ਸਿਟੀ ਕਾਂਗਰਸ ਦੇ ਪ੍ਰਧਾਨ ਮਨੀਸ਼ ਕੁਮਾਰ ਕਾਕਾ, ਧਰਮਪਾਲ ਧਰਮਾ ਐੱਮ. ਸੀ., ਸੀ. ਕਾਂਗਰਸੀ ਆਗੂ ਬੀਬੀ ਸੁਰਿੰਦਰ ਕੌਰ ਬਾਲੀਆਂ, ਸੀ. ਕਾਂਗਰਸੀ ਆਗੂ ਨਰਿੰਦਰ ਸ਼ਰਮਾ, ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ, ਕਿੰਗਜ਼ ਗੱਰੁਪ ਦੇ ਐੱਮ. ਡੀ. ਹਰਦੇਵ ਸਿੰਘ ਲੀਲਾ ਬਾਜਵਾ, ਕਾਂਗਰਸੀ ਆਗੂ ਰਣਜੀਤ ਸਿੰਘ ਰਾਣਾ ਕਲਾਲਾਂ, ਕੁਲਦੀਪ ਸਿੰਘ ਗੁੱਗ ਸੀ. ਕਾਂਗਰਸੀ ਆਗੂ, ਸਤੀਸ਼ ਜੱਜ, ਮੱਖਣ ਸ਼ਰਮਾ, ਹੰਸਰਾਜ ਧੂਰੀ, ਜੱਸੀ ਧਨੌਲਾ, ਮੰਗਲਸੈਨ ਮੰਗਲੀ, ਕਸਤੂਰੀ ਲਾਲ, ਦਰਸ਼ਨ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ 'ਚ ਸੰਗਤ ਹਾਜ਼ਰ ਸੀ।


Related News