ਵੋਟਾਂ ਤੋਂ 1 ਦਿਨ ਪਹਿਲਾਂ ਪੰਜਾਬ ਚੋਣ ਕਮਿਸ਼ਨ ਕੋਲ ਪਹੁੰਚੀ ਸ਼ਿਕਾਇਤ, ਸੁਖਪਾਲ ਖਹਿਰਾ ਨੇ ਕੀਤੀ ਇਹ ਮੰਗ
Saturday, Dec 13, 2025 - 02:06 PM (IST)
ਚੰਡੀਗੜ੍ਹ/ਕਪੂਰਥਲਾ (ਵੈੱਬ ਡੈਸਕ): ਭਲਕੇ ਯਾਨੀ 14 ਦਸੰਬਰ ਨੂੰ ਪੰਜਾਬ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਹੋਣ ਜਾ ਰਹੀਆਂ ਹਨ। ਇਸ ਤੋਂ ਇਕ ਦਿਨ ਪਹਿਲਾਂ ਵਿਧਾਨ ਸਭਾ ਹਲਕਾ ਭੁਲੱਥ ਦੇ ਐੱਮ.ਐੱਲ.ਏ. ਅਤੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਸਟੇਟ ਇਲੈਕਸ਼ਨ ਕਮਿਸ਼ਨਰ ਨੂੰ ਸ਼ਿਕਾਇਤ ਕਰਨ ਦੇ ਨਾਲ-ਨਾਲ ਇਹ ਮੰਗ ਕੀਤੀ ਹੈ ਕਿ ਇਨ੍ਹਾਂ ਚੋਣਾਂ ਵਾਲੇ ਦਿਨ ਹਲਕਾ ਭੁਲੱਥ ਦੇ ਸਾਰੇ ਚੋਣ ਬੂਥਾਂ 'ਤੇ ਜ਼ਿਲ੍ਹੇ ਤੋਂ ਬਾਹਰ ਦਾ ਪੁਲਸ ਸੁਰੱਖਿਆ ਅਮਲਾ ਤਾਇਨਾਤ ਕੀਤਾ ਜਾਵੇ, ਤਾਂ ਜੋ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਈਆਂ ਜਾ ਸਕਣ।
ਸੱਤਾਧਾਰੀ ਪਾਰਟੀ 'ਤੇ ਧੱਕੇਸ਼ਾਹੀ ਦਾ ਦੋਸ਼
ਸੁਖਪਾਲ ਸਿੰਘ ਖਹਿਰਾ ਨੇ ਕਮਿਸ਼ਨ ਨੂੰ ਦੱਸਿਆ ਕਿ ਚੋਣਾਂ ਦੌਰਾਨ ਸੱਤਾਧਾਰੀ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਅਤੇ ਧੱਕੇਸ਼ਾਹੀ ਨੂੰ ਉਹ ਵਾਰ-ਵਾਰ ਕਮਿਸ਼ਨ ਦੇ ਧਿਆਨ ਵਿਚ ਲਿਆ ਚੁੱਕੇ ਹਨ। ਉਨ੍ਹਾਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਚੋਣਾਂ ਵਾਲੇ ਦਿਨ ਲੋਕਲ ਪੁਲਸ ਵੱਲੋਂ ਸਿਆਸੀ ਦਬਾਅ ਹੇਠ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਹਰ ਹੀਲਾ ਵਰਤਿਆ ਜਾ ਸਕਦਾ ਹੈ। ਇਸ ਦੌਰਾਨ ਚੋਣ ਬੂਥਾਂ 'ਤੇ ਕਬਜ਼ਾ ਕੀਤਾ ਜਾਣਾ ਵੀ ਸੰਭਵ ਹੈ।
ਕਾਂਗਰਸੀ ਉਮੀਦਵਾਰਾਂ ਨੂੰ ਵੀ ਕੀਤਾ ਗਿਆ ਨਾਮਜ਼ਦ
ਖਹਿਰਾ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵੋਟਰਾਂ ਨੂੰ ਡਰਾਉਣ-ਧਮਕਾਉਣ ਲਈ, ਕਪੂਰਥਲਾ ਪੁਲਸ ਨੇ ਸੱਤਾਧਾਰੀ ਪਾਰਟੀ ਦੇ ਦਬਾਅ ਹੇਠ 14 ਨਵੰਬਰ 2025 ਨੂੰ ਥਾਣਾ ਸੁਭਾਨਪੁਰ ਵਿਖੇ ਇਕ ਸਰਾਸਰ ਝੂਠਾ ਅਤੇ ਮਨਘੜਤ ਮੁਕੱਦਮਾ ਨੰਬਰ 251 ਦਰਜ ਕੀਤਾ ਸੀ। ਉਨ੍ਹਾਂ ਅਨੁਸਾਰ ਇਹ ਇਕ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਸੀ। ਇਸ ਮੁਕੱਦਮੇ ਵਿਚ ਕੁੱਲ 8 ਕਾਂਗਰਸੀ ਵਰਕਰਾਂ ਅਤੇ ਕੁਝ ਅਣਪਛਾਤਿਆਂ ਨੂੰ ਨਾਮਜ਼ਦ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ 2 ਆਗੂਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ, ਜਦਕਿ ਬਾਕੀਆਂ ਦੀਆਂ ਜ਼ਮਾਨਤਾਂ ਹੋ ਗਈਆਂ ਸਨ। ਇਸ ਸਾਜਿਸ਼ ਤਹਿਤ ਬਾਅਦ ਵਿਚ ਹੋਰ ਕਾਂਗਰਸੀ ਆਗੂਆਂ ਨੂੰ ਚੁਣ-ਚੁਣ ਕੇ ਅਣਪਛਾਤਿਆਂ ਵਿਚ ਨਾਮਜ਼ਦ ਕੀਤਾ ਗਿਆ ਤਾਂ ਜੋ ਸਹਿਮ ਦਾ ਮਾਹੌਲ ਬਣਾਕੇ ਚੋਣਾਂ ਨੂੰ ਲੁੱਟਿਆ ਜਾ ਸਕੇ।

ਮੁਕੱਦਮੇ ਵਿਚ ਨਾਮਜ਼ਦ ਕੀਤੇ ਗਏ ਕਾਂਗਰਸੀ ਆਗੂਆਂ ਵਿਚ ਬਲਾਕ ਸੰਮਤੀ ਉਮੀਦਵਾਰ ਪੂਰਨ ਸਿੰਘ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਉਮੀਦਵਾਰ ਨਰਿੰਦਰਜੀਤ ਕੌਰ ਦੇ ਪਤੀ ਜਸਵਿੰਦਰ ਸਿੰਘ ਵੀ ਸ਼ਾਮਲ ਹਨ। ਖਹਿਰਾ ਨੇ ਜ਼ੋਰ ਦੇ ਕੇ ਕਿਹਾ ਕਿ ਪੁਲਸ ਵੱਲੋਂ ਇਹ ਸਾਰੀ ਪੱਖਪਾਤੀ ਕਾਰਵਾਈ ਸਿਰਫ਼ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਵਿਚ ਡਰ ਦਾ ਮਾਹੌਲ ਪੈਦਾ ਕਰਨ ਲਈ ਕੀਤੀ ਗਈ ਹੈ। ਇਸ ਲਈ, ਐਮ.ਐਲ.ਏ. ਖਹਿਰਾ ਨੇ ਅੰਤ ਵਿਚ ਕਮਿਸ਼ਨ ਨੂੰ ਚੋਣਾਂ ਵਾਲੇ ਦਿਨ ਬਾਹਰੀ ਸੁਰੱਖਿਆ ਪ੍ਰਬੰਧ ਤਾਇਨਾਤ ਕਰਨ ਦੀ ਦੁਹਰਾਈ ਕੀਤੀ ਹੈ ਤਾਂ ਜੋ ਨਿਰਪੱਖ ਅਤੇ ਅਜ਼ਾਦ ਚੋਣਾਂ ਕਰਵਾਈਆਂ ਜਾ ਸਕਣ। ਇਸ ਪੱਤਰ ਦੀਆਂ ਕਾਪੀਆਂ ਆਬਜ਼ਰਵਰ ਤੇ ਪੁਲਸ ਆਬਜ਼ਰਵਰ ਕਪੂਰਥਲਾ ਨੂੰ ਵੀ ਭੇਜੀਆਂ ਗਈਆਂ ਹਨ।
