ਲੋਕ ਸਭਾ ਸੀਟਾਂ ''ਤੇ ਮਿਲੀ ਹਾਰ ''ਤੇ ਕਾਂਗਰਸ ਵਲੋਂ ਨਵੇਂ ਚਿਹਰਿਆਂ ਦੀ ਭਾਲ ਸ਼ੁਰੂ
Monday, Jul 30, 2018 - 06:14 PM (IST)
ਚੰਡੀਗੜ੍ਹ : ਪੰਜਾਬ ਕਾਂਗਰਸ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੇ ਕੁਝ ਲੋਕ ਸਭਾ ਹਲਕਿਆਂ ਲਈ ਉਮੀਦਵਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਸਿਲਸਿਲੇ ਵਿਚ ਪੰਜ ਲੋਕ ਸਭਾ ਹਲਕਿਆਂ ਦੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਬੀਤੇ ਦਿਨੀਂ ਪਹਿਲੇ ਪੜਾਅ ਦੀ ਗੱਲਬਾਤ ਕਰਕੇ ਸੰਭਾਵੀ ਉਮੀਦਵਾਰਾਂ ਦਾ ਜਾਇਜ਼ਾ ਲਿਆ ਗਿਆ। ਇਹ ਉਹ ਲੋਕ ਸਭਾ ਹਲਕੇ ਹਨ ਜਿਨ੍ਹਾਂ ਵਿਚ ਕਾਂਗਰਸ ਨੂੰ 2014 ਦੀਆਂ ਲੋਕ ਸਭਾ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਐਤਵਾਰ ਨੂੰ ਪੰਜ ਲੋਕ ਸਭਾ ਹਲਕਿਆਂ ਖਡੂਰ ਸਾਹਿਬ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ, ਸੰਗਰੂਰ ਅਤੇ ਫਰੀਦਕੋਟ 'ਚ ਉਮੀਦਵਾਰਾਂ ਦੀ ਭਾਲ ਲਈ ਪਾਰਟੀ ਦੀ ਸੂਬਾ ਇੰਚਾਰਜ ਆਸ਼ਾ ਕੁਮਾਰੀ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ 8 ਘੰਟੇ ਤਕ ਮੀਟਿੰਗ ਕੀਤੀ। ਪਟਿਆਲਾ ਲੋਕ ਸਭਾ ਸੀਟ ਛੱਡ ਕੇ ਕਾਂਗਰਸ ਮੁੱਖ ਰੂਪ 'ਚ 8 ਸੀਟਾਂ 'ਤੇ ਉਮੀਦਵਾਰਾਂ ਦੀ ਭਾਲ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਪਹਿਲੇ ਪੜਾਅ ਵਿਚ ਕਾਂਗਰਸ ਨੇ ਖਡੂਰ ਸਾਹਿਬ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ, ਸੰਗਰੂਰ ਅਤੇ ਫਰੀਦਕੋਟ 'ਚ ਆਪਣੇ ਉਮੀਦਵਾਰਾਂ ਨੂੰ ਲੈ ਕੇ ਸੰਬੰਧਤ ਇਲਾਕਿਆਂ ਦੇ ਵਿਧਾਇਕਾਂ, ਜ਼ਿਲਾ ਪ੍ਰਧਾਨਾਂ ਆਦਿ ਨਾਲ ਬੈਠਕ ਕੀਤੀ। ਕੁਝ ਸੀਟਾਂ 'ਤੇ ਚੋਣ ਲੜਨ ਵਾਲੇ ਉਮੀਦਵਾਰ ਵਿਧਾਇਕ ਅਤੇ ਮੰਤਰੀ ਬਣ ਚੁੱਕੇ ਹਨ। ਫਤਿਹਗੜ੍ਹ ਸਾਹਿਬ 'ਚ ਸਾਧੂ ਸਿੰਘ ਧਰਮਸੌਤ ਅਤੇ ਸੰਗਰੂਰ 'ਚ ਵਿਜੇ ਇੰਦਰ ਸਿੰਗਲਾ ਲੋਕ ਸਭਾ ਚੋਣਾਂ ਲੜੇ ਸਨ ਜੋ ਇਸ ਮੰਤਰੀ ਕੈਬਨਿਟ ਮੰਤਰੀ ਹਨ।
ਇਸੇ ਤਰ੍ਹਾਂ ਖਡੂਰ ਸਾਹਿਬ ਤੋਂ ਹਰਮਿੰਦਰ ਸਿੰਘ ਗਿੱਲ ਚੋਣ ਲੜੇ ਸਨ ਜੋ ਮੌਜੂਦਾ ਸਮੇਂ 'ਚ ਪੱਟੀ ਤੋਂ ਵਿਧਾਇਕ ਹਨ। ਹੁਸ਼ਿਆਰਪੁਰ ਤੋਂ ਸਾਬਕਾ ਕੈਬਨਿਟ ਮੰਤਰੀ ਤੇ ਸਾਬਕਾ ਸੰਸਦ ਮੈਂਬਰ ਮੋਹਿੰਦਰ ਸਿੰਘ ਕੇ. ਪੀ. ਚੋਣ ਲੜੇ ਸਨ ਅਤੇ ਹਾਰ ਗਏ ਸਨ। ਬਾਅਦ 'ਚ ਉਹ ਆਦਮਪੁਰ ਤੋਂ ਵਿਧਾਨ ਸਭਾ ਚੋਣ ਵੀ ਲੜੇ ਪਰ ਇਸ ਚੋਣ ਵਿਚ ਵੀ ਉਨ੍ਹਾਂ ਨੂੰ ਹਾਰ ਮਿਲੀ। ਇਸ ਨੂੰ ਦੇਖਦੇ ਹੋਏ ਇਸ ਗੱਲ ਦੀ ਪੂਰੀ-ਪੂਰੀ ਸੰਭਾਵਨਾ ਹੈ ਕਿ ਲੋਕ ਸਭਾ ਚੋਣਾਂ 'ਚ ਕਾਂਗਰਸ ਉਨ੍ਹਾਂ 'ਤੇ ਦਾਅ ਨਹੀਂ ਖੇਡੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਇਨ੍ਹਾਂ ਹਲਕਿਆਂ 'ਤੇ ਕਿਨ੍ਹਾਂ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਨ ਦਾ ਫੈਸਲਾ ਲੈਂਦੀ ਹੈ।
