ਪੰਜਾਬ ਦੀ ਸਿਆਸਤ 'ਚ ਹਲਚਲ, ਕਾਂਗਰਸ ਵਲੋਂ ਬਿਨਾਂ ਮੁੱਖ ਮੰਤਰੀ ਦੇ ਚਿਹਰੇ ਤੋਂ ਚੋਣਾਂ ਲੜਨ ਦਾ ਐਲਾਨ
Monday, Jan 12, 2026 - 03:09 PM (IST)
ਚੰਡੀਗੜ੍ਹ (ਅੰਕੁਰ ਤਾਂਗੜੀ) : ਪੰਜਾਬ ਕਾਂਗਰਸ ਅੰਦਰ ਲੰਬੇ ਸਮੇਂ ਤੋਂ ਚੱਲ ਰਹੀ ਅੰਦਰੂਨੀ ਫੁੱਟਬਾਜ਼ੀ ਇਕ ਵਾਰ ਫਿਰ ਸਿਆਸੀ ਚਰਚਾ ਦੇ ਕੇਂਦਰ 'ਚ ਆ ਗਈ ਹੈ। ਇਸ ਵਾਰੀ ਮੁੱਦਾ ਸਿੱਧਾ 2027 ਦੀਆਂ ਵਿਧਾਨ ਸਭਾ ਚੋਣਾਂ ਨਾਲ ਜੁੜਿਆ ਹੋਇਆ ਹੈ-ਮੁੱਖ ਮੰਤਰੀ ਦਾ ਚਿਹਰਾ। ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਵੱਲੋਂ ਦਿੱਤਾ ਗਿਆ ਤਾਜ਼ਾ ਬਿਆਨ ਨਾ ਸਿਰਫ ਅੰਦਰੂਨੀ ਹਲਚਲ ਨੂੰ ਤੇਜ਼ ਕਰ ਗਿਆ ਹੈ, ਸਗੋਂ ਕਾਂਗਰਸ ਦੀ ਚੋਣ ਰਣਨੀਤੀ ਨੂੰ ਲੈ ਕੇ ਵੀ ਨਵੇਂ ਸਵਾਲ ਖੜ੍ਹੇ ਕਰ ਰਿਹਾ ਹੈ। ਭੂਪੇਸ਼ ਬਘੇਲ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਹੈ ਕਿ ਕਾਂਗਰਸ ਪਾਰਟੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਕਿਸੇ ਵੀ ਮੁੱਖ ਮੰਤਰੀ ਦੇ ਚਿਹਰੇ ਤੋਂ ਬਿਨਾਂ ਲੜੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਲਈ ਸਭ ਤੋਂ ਵੱਡਾ ਚਿਹਰਾ ਰਾਹੁਲ ਗਾਂਧੀ ਹਨ ਅਤੇ ਕਾਂਗਰਸ ਇਕਜੁੱਟ ਹੋ ਕੇ ਚੋਣ ਮੈਦਾਨ 'ਚ ਉਤਰੇਗੀ। ਇਹ ਬਿਆਨ ਆਪਣੇ ਆਪ 'ਚ ਸਿਆਸੀ ਤੌਰ 'ਤੇ ਕਾਫ਼ੀ ਅਹਿਮ ਹੈ ਕਿਉਂਕਿ ਇਹ ਸਿੱਧਾ-ਸਿੱਧਾ ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੀਆਂ ਅਭਿਲਾਸ਼ਾਵਾਂ ਅਤੇ ਟਕਰਾਵਾਂ 'ਤੇ ਲਕੀਰ ਖਿੱਚਣ ਵਜੋਂ ਵੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਵਾਹਨ ਚਾਲਕਾਂ ਨੂੰ ਮਿਲੀ ਵੱਡੀ ਸਹੂਲਤ, ਹੁਣ ਘਰ ਬੈਠੇ ਹੀ ਲੈ ਸਕਣਗੇ ਲਾਭ
ਅਸਲ 'ਚ ਪਿਛਲੇ ਕੁੱਝ ਮਹੀਨਿਆਂ ਤੋਂ ਪੰਜਾਬ ਕਾਂਗਰਸ ਅੰਦਰ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਲਗਾਤਾਰ ਬਿਆਨਾਂ ਅਤੇ ਸੰਕੇਤਾਂ ਦੀ ਬਾਰਸ਼ ਹੋ ਰਹੀ ਸੀ। ਕਦੇ ਕੋਈ ਆਗੂ ਆਪਣੇ ਆਪ ਨੂੰ 2027 ਲਈ ਤਿਆਰ ਦੱਸਦਾ ਦਿਸਿਆ ਤਾਂ ਕਦੇ ਕੋਈ ਇਹ ਕਹਿੰਦਾ ਨਜ਼ਰ ਆਇਆ ਕਿ ਉਹ ਮੁੱਖ ਮੰਤਰੀ ਦੀ ਦੌੜ 'ਚ ਨਹੀਂ ਹੈ। ਇਹ ਸਾਰੇ ਬਿਆਨ ਖੁੱਲ੍ਹੇ ਦਾਅਵੇ ਤਾਂ ਨਹੀਂ ਸਨ ਪਰ ਇਨ੍ਹਾਂ ਨਾਲ ਇਹ ਸਪੱਸ਼ਟ ਹੋ ਰਿਹਾ ਸੀ ਕਿ ਪਾਰਟੀ ਅੰਦਰ ਇਕ ਅਣ-ਐਲਾਨੀ ਦੌੜ ਜ਼ਰੂਰ ਚੱਲ ਰਹੀ ਹੈ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਵੱਲੋਂ ਦਿੱਤਾ ਗਿਆ ਉਹ ਬਿਆਨ ਜਿਸ 'ਚ ਮੁੱਖ ਮੰਤਰੀ ਦੀ ਕੁਰਸੀ ਨੂੰ '500 ਕਰੋੜ ਦੇ ਅਟੈਚੀ ਨਾਲ ਜੋੜਿਆ ਗਿਆ, ਜੋ ਪੰਜਾਬ ਦੀ ਸਿਆਸਤ 'ਚ ਭੂਚਾਲ ਲਿਆਉਣ ਵਰਗਾ ਸਾਬਤ ਹੋਇਆ, ਹਾਲਾਂਕਿ ਬਾਅਦ 'ਚ ਇਸ ਬਿਆਨ ਤੋਂ ਇਨਕਾਰ ਵੀ ਕੀਤਾ ਗਿਆ ਪਰ ਉਸ ਸਮੇਂ ਤੱਕ ਇਹ ਗੱਲ ਕਾਂਗਰਸ ਦੀ ਅੰਦਰੂਨੀ ਲੜਾਈ ਅਤੇ ਕਾਂਗਰਸ ਦੇ ਭਰੋਸੇ ਦੇ ਸੰਕਟ ਦਾ ਪ੍ਰਤੀਕ ਬਣ ਚੁੱਕੀ ਸੀ।
ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, ਨਾਲ ਹੀ ਲਿਆ ਗਿਆ ਵੱਡਾ ਫ਼ੈਸਲਾ
ਪੰਜਾਬ ਕਾਂਗਰਸ ਦੇ ਕਈ ਸੀਨੀਅਰ ਆਗੂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਭ ਦੇ ਨਾ ਕਿਸੇ ਨਾ ਕਿਸੇ ਮੌਕੇ 'ਤੇ 2027 ਦੇ ਚਰਚਾ 'ਚ ਰਹੇ ਸਨ। ਰਾਜਾ ਵੜਿੰਗ ਨੇ ਇਕ ਸਮੇਂ ਖ਼ੁਦ ਕਿਹਾ ਸੀ ਕਿ ਉਹ ਆਪਣੇ ਆਪ ਨੂੰ 2027 ਲਈ ਤਿਆਰ ਸਮਝਦੇ ਹਨ ਪਰ ਨਾਲ ਹੀ ਇਹ ਵੀ ਜ਼ੋਰ ਦਿੱਤਾ ਕਿ ਉਨ੍ਹਾ ਲਈ ਨਸ਼ਿਆਂ ਅਤੇ ਗੈਂਗਸਟਰਵਾਦ ਖ਼ਿਲਾਫ਼ ਲੜਾਈ ਕੁਰਸੀ ਤੋਂ ਵੱਡੀ ਤਰਜ਼ੀਹ ਹੈ। ਇਹ ਸਾਰਾ ਮਾਹੌਲ ਇਸ ਗੱਲ ਵੱਲ ਇਸ਼ਾਰਾ ਕਰਦਾ ਸੀ ਕਿ ਪੰਜਾਬ ਕਾਂਗਰਸ ਅੰਦਰ ਸਿਰਫ ਸਿਆਸੀ ਲੜਾਈ ਨਹੀਂ, ਸਗੋਂ ਲੀਡਰਸ਼ਿਪ ਨੂੰ ਲੈ ਕੇ ਵੀ ਅਨਿਸ਼ਚਿਤਤਾ ਮੌਜੂਦ ਹੈ। ਅਜਿਹੇ ਹਾਲਾਤਾਂ 'ਚ ਭੂਪੇਸ਼ ਬਘੇਲ ਦਾ ਇਹ ਐਲਾਨ ਕਿ ਪਾਰਟੀ ਬਿਨਾ ਕਿਸੇ ਮੁੱਖ ਮੰਤਰੀ ਦੇ ਚਿਹਰੇ ਤੇ ਚੋਣ ਲੜੇਗੀ, ਅੰਦਰੂਨੀ ਫੁੱਟਬਾਜ਼ੀ 'ਤੇ ਬ੍ਰੇਕ ਲਗਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
