ਪਾਵਰਕਾਮ ਨੇ ਡਿਫਾਲਟਰਾਂ ''ਤੇ ਵੱਡੇ ਪੱਧਰ ''ਤੇ ਸ਼ੁਰੂ ਕੀਤੀ ਕਾਰਵਾਈ, ਕੁਨੈਕਸ਼ਨ ਕੱਟਣਗੀਆਂ 13 ਟੀਮਾਂ
Tuesday, Jan 20, 2026 - 05:49 PM (IST)
ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪਾਵਰਕਾਮ ਵਲੋਂ ਆਪਣੀ 7 ਕਰੋੜ ਰੁਪਏ ਦੀ ਡਿਫਾਲਟਰ ਰਾਸ਼ੀ ਵਸੂਲਣ ਲਈ ਅਦਾਇਗੀ ਨਾ ਕਰਨ ਵਾਲੇ ਖਪਤਕਾਰਾਂ ਨੂੰ ‘ਕਰੰਟ’ ਲਗਾਉਣ ਦੀ ਮੁਹਿੰਮ ਸ਼ੁਰੂ ਕਰਦਿਆਂ ਉਨ੍ਹਾਂ ਦੇ ਕੁਨੈਕਸ਼ਨ ਕੱਟਣ ਦੀ ਕਾਰਵਾਈ ਆਰੰਭ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਡਵੀਜ਼ਨ ਮਾਛੀਵਾੜਾ ਸਾਹਿਬ ਦੇ ਐੱਸ.ਡੀ.ਓ. ਅਮਰਜੀਤ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਕਰੀਬ 24000 ਦੇ ਕਰੀਬ ਸ਼ਹਿਰੀ ਤੇ ਪੇਂਡੂ ਕੁਨੈਕਸ਼ਨ ਹਨ ਜਿਨ੍ਹਾਂ ’ਚੋਂ 2550 ਖਪਤਕਾਰਾਂ ਨੇ ਬਿਜਲੀ ਬਿੱਲ ਅਦਾ ਨਹੀਂ ਕੀਤਾ ਜਿਨ੍ਹਾਂ ਵੱਲ 7 ਕਰੋੜ ਰੁਪਏ ਦੀ ਰਾਸ਼ੀ ਬਕਾਇਆ ਹੈ। ਅੱਜ ਪਾਵਰਕਾਮ ਵਿਭਾਗ ਵਲੋਂ ਬਾਹਰੋਂ ਆਈ ਟੀਮਾਂ ਅਤੇ ਇੱਥੋਂ ਦੇ ਕਰਮਚਾਰੀਆਂ ਨੇ ਸੰਯੁਕਤ ਆਪ੍ਰੇਸ਼ਨ ਚਲਾਇਆ ਜਿੱਥੇ 2 ਦਿਨਾਂ ਵਿਚ 50 ਤੋਂ ਵੱਧ ਡਿਫਾਲਟਰ ਖਪਤਕਾਰਾਂ ਦੇ ਕੁਨੈਕਸ਼ਨ ਕੱਟੇ ਗਏ ਉੱਥੇ 23 ਲੱਖ 46 ਹਜ਼ਾਰ ਰੁਪਏ ਦੀ ਰਿਕਵਰੀ ਵੀ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਡਿਫਾਲਟਰ ਖਪਤਕਾਰ ਜਿਨ੍ਹਾਂ ਨੇ ਰਾਸ਼ੀ ਅਦਾ ਨਹੀਂ ਕੀਤੀ ਉਨ੍ਹਾਂ ਦੇ ਮੀਟਰ ਕੁਨੈਕਸ਼ਨ ਕੱਟੇ ਜਾਣਗੇ ਜਿਸ ਤੋਂ ਬਾਅਦ ਅਦਾਇਗੀ ਕਰਨ ’ਤੇ ਜ਼ੁਰਮਾਨਾ ਵਸੂਲਣ ਤੋਂ ਬਾਅਦ ਹੀ ਕੁਨੈਕਸ਼ਨ ਜੋੜਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ੁੱਕਰਵਾਰ ਨੂੰ ਰਾਖਵੀਂ ਛੁੱਟੀ
ਐੱਸਡੀਓ ਅਮਰਜੀਤ ਸਿੰਘ ਨੇ ਦੱਸਿਆ ਕਿ ਮਾਛੀਵਾੜਾ ਸ਼ਹਿਰ ਵਿਚ ਹੀ ਕਰੀਬ 550 ਡਿਫਾਲਟਰ ਖਪਤਕਾਰ ਹਨ ਜਿਨ੍ਹਾਂ ਵੱਲ 1 ਕਰੋੜ 17 ਲੱਖ ਬਕਾਇਆ ਹੈ ਅਤੇ ਪਿੰਡਾਂ ਦੇ 2000 ਡਿਫਾਲਟਰ ਖਪਤਕਾਰ ਹਨ ਜਿਨ੍ਹਾਂ ਵੱਲ 4 ਕਰੋੜ 79 ਲੱਖ ਰੁਪਏ ਬਕਾਇਆ ਰਾਸ਼ੀ ਹੈ। ਉਨ੍ਹਾਂ ਕਿਹਾ ਕਿ ਇਹ ਉਹ ਡਿਫਾਲਟਰ ਖਪਤਕਾਰ ਹਨ ਜਿਨ੍ਹਾਂ ਵੱਲ 10 ਹਜ਼ਾਰ ਤੋਂ ਵੱਧ ਰਾਸ਼ੀ ਬਕਾਇਆ ਹੈ। ਫਿਲਹਾਲ ਉਨ੍ਹਾਂ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਬਾਅਦ ਵਿਚ ਘੱਟ ਰਾਸ਼ੀ ਵਾਲਿਆਂ ਤੋਂ ਵੀ ਵਸੂਲੀ ਕੀਤੀ ਜਾਵੇਗੀ। ਜੇਕਰ ਉਨ੍ਹਾਂ ਨੇ ਅਦਾਇਗੀ ਨਾ ਕੀਤੀ ਤਾਂ ਸਭ ਦੇ ਕੁਨੈਕਸ਼ਨ ਕੱਟ ਲਏ ਜਾਣਗੇ। ਉਨ੍ਹਾਂ ਕਿਹਾ ਕਿ ਪਾਵਰਕਾਮ ਵਿਭਾਗ ਵਲੋਂ ਮਾਛੀਵਾੜਾ ਸਬ-ਡਵੀਜ਼ਨ ਵਿਚ 13 ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਸ ਵਿਚ 39 ਕਰਮਚਾਰੀ ਤਾਇਨਾਤ ਕੀਤੇ ਹਨ ਜੋ ਕਿ ਡਿਫਾਲਟਰ ਖਪਤਕਾਰਾਂ ਦੇ ਅਦਾਇਗੀ ਨਾ ਕਰਨ ’ਤੇ ਕੁਨੈਕਸ਼ਨ ਕੱਟ ਰਹੇ ਹਨ। ਉਨ੍ਹਾਂ ਕਿਹਾ ਕਿ ਡਿਫਾਲਟਰ ਖਪਤਕਾਰਾਂ ਨੂੰ ਵਿਭਾਗ ਦੇ ਕਰਮਚਾਰੀ ਕਈ ਵਾਰ ਬੇਨਤੀ ਕਰ ਚੁੱਕੇ ਹਨ ਕਿ ਆਪਣੀ ਰਾਸ਼ੀ ਜਮ੍ਹਾਂ ਕਰਵਾਓ ਪਰ ਹੁਣ ਜਦੋਂ ਅਦਾਇਗੀ ਨਹੀਂ ਕੀਤੀ ਤਾਂ ਅਖੀਰ ਉਨ੍ਹਾਂ ਨੂੰ ਮਜਬੂਰ ਹੋ ਕੇ ਕੁਨੈਕਸ਼ਨ ਕੱਟਣੇ ਪੈ ਰਹੇ ਹਨ। ਐੱਸ.ਡੀ.ਓ. ਨੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੀ ਅਦਾਇਗੀ ਬਕਾਇਆ ਹੈ ਉਹ ਤੁਰੰਤ ਅਦਾ ਕਰ ਦੇਣ ਨਹੀਂ ਤਾਂ ਵਿਭਾਗ ਦੀਆਂ ਟੀਮਾਂ ਕੁਨੈਕਸ਼ਨ ਕੱਟ ਦੇਣਗੀਆਂ। ਇਸ ਮੌਕੇ ਉਨ੍ਹਾਂ ਨਾਲ ਜੂਨੀਅਰ ਇੰਜੀਨੀਅਰ ਅਨੁਜ ਸ਼ਰਮਾ, ਜੂਨੀਅਰ ਇੰਜੀਨੀਅਰ ਜਸਵੀਰ ਸਿੰਘ, ਲਾਈਨਮੈਨ ਬਲਦੇਵ ਸਿੰਘ, ਰਿਸ਼ਭ ਸ਼ਰਮਾ, ਸ਼ਰਨਪ੍ਰੀਤ ਸਿੰਘ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਪਾਰਟੀ ਬਦਲਣ ਦੀਆਂ ਅਫਵਾਹਾਂ ਵਿਚਾਲੇ ਚਰਨਜੀਤ ਚੰਨੀ ਦਾ ਵੱਡਾ ਬਿਆਨ
78 ਸਰਕਾਰੀ ਅਦਾਰਿਆਂ ਵੱਲ 1 ਕਰੋੜ ਤੋਂ ਵੱਧ ਰਾਸ਼ੀ ਬਕਾਇਆ
ਐੱਸਡੀਓ ਅਮਰਜੀਤ ਸਿੰਘ ਨੇ ਦੱਸਿਆ ਕਿ ਮਾਛੀਵਾੜਾ ਸਬ ਡਵੀਜ਼ਨ ਅਧੀਨ 78 ਅਜਿਹੇ ਸਰਕਾਰੀ ਅਦਾਰੇ ਹਨ ਜਿਨ੍ਹਾਂ ਵੱਲ 1 ਕਰੋੜ ਰੁਪਏ ਤੋਂ ਵੱਧ ਰਾਸ਼ੀ ਦੇ ਬਿਜਲੀ ਬਿੱਲ ਬਕਾਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਦਾਰਿਆਂ ਵਿਚ ਸਰਕਾਰੀ ਸਕੂਲ, ਤਹਿਸੀਲ, ਸਰਕਾਰੀ ਪਾਣੀ ਵਾਲੀਆਂ ਟੈਂਕੀਆਂ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਅਦਾਰਿਆਂ ਨੂੰ ਵੀ ਨੋਟਿਸ ਭੇਜਿਆ ਗਿਆ ਹੈ ਕਿ ਉਹ ਅਦਾਇਗੀ ਜਲਦ ਕਰਨ ਤਾਂ ਜੋ ਭਵਿੱਖ ਵਿਚ ਸਰਕਾਰੀ ਕੰਮਾਂ ਵਿਚ ਵਿਘਨ ਨਾ ਪੈ ਸਕੇ।
ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਤਾਰੀਖਾਂ ਨੂੰ ਪਵੇਗਾ ਮੀਂਹ, ਆਵੇਗਾ ਹਨੇਰੀ, ਤੂਫਾਨ
300 ਯੂਨਿਟ ਮੁਫ਼ਤ ਬਿਜਲੀ ਦੇ ਚੱਕਰ ਵਿਚ ਕਈ ਖਪਤਕਾਰ ਹੋਏ ਡਿਫਾਲਟਰ
ਪੰਜਾਬ ਸਰਕਾਰ ਵਲੋਂ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਹਰੇਕ ਮਹੀਨੇ ਦਿੱਤੀ ਜਾ ਰਹੀ ਹੈ ਅਤੇ ਜੇਕਰ ਇਕ ਯੂਨਿਟ ਵੀ ਵੱਧ ਗਿਆ ਤਾਂ ਉਸ ਨੂੰ ਸਾਰੀ ਅਦਾਇਗੀ ਕਰਨੀ ਪਵੇਗੀ। ਕਈ ਖਪਤਕਾਰ ਜਿਨ੍ਹਾਂ ਦੀ ਬਿਜਲੀ ਖਪਤ ਘੱਟ ਹੈ ਅਤੇ ਸਰਦੀਆਂ ਵਿਚ ਏ.ਸੀ., ਪੱਖੇ, ਕੂਲਰ ਬੰਦ ਹੁੰਦੇ ਹਨ ਤਾਂ ਉਨ੍ਹਾਂ ਦਾ ਬਿੱਲ 300 ਯੂਨਿਟ ਤੋਂ ਘੱਟ ਆਉਂਦਾ ਹੈ ਅਤੇ ਜਦੋਂ ਗਰਮੀਆਂ ਵਿਚ ਬਿਜਲੀ ਖਪਤ ਵੱਧ ਜਾਂਦੀ ਹੈ ਤਾਂ ਬਿੱਲ 300 ਯੂਨਿਟ ਪ੍ਰਤੀ ਮਹੀਨੇ ਤੋਂ ਵੱਧ ਜਾਂਦਾ ਹੈ। ਖਪਤਕਾਰ ਮੁਫ਼ਤ ਬਿਜਲੀ ਦੇ ਚੱਕਰ ਵਿਚ 300 ਯੂਨਿਟ ਤੋਂ ਵੱਧ ਖਪਤ ਹੋਣ ਤੋਂ ਬਾਅਦ ਬਿੱਲ ਅਦਾ ਨਹੀਂ ਕਰਦੇ ਅਤੇ ਜੁਰਮਾਨੇ ਪੈਣ ਤੋਂ ਬਾਅਦ ਰਾਸ਼ੀ ਦੁੱਗਣੀ ਹੋ ਜਾਂਦੀ ਹੈ ਜਿਸ ਕਾਰਨ ਬਾਅਦ ਵਿਚ ਉਹ ਡਿਫਾਲਟਰ ਹੋ ਜਾਂਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
