ਕਾਂਗਰਸ ਨੇ ਪੰਜਾਬ ''ਚੋਂ ਆਪਣਾ ਆਧਾਰ ਹੀ ਨਹੀਂ, ਵੱਕਾਰ ਵੀ ਘਟਾਇਆ : ਘੁੰਨਸ

Saturday, Jan 06, 2018 - 11:09 AM (IST)

ਤਪਾ ਮੰਡੀ (ਮਾਰਕੰਡਾ)- ਪੰਜਾਬ 'ਚ ਬਣੀ ਕਾਂਗਰਸ ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ 'ਚ ਸੱਤਾ ਹਥਿਆਉਣ ਲਈ ਲੋਕ ਲੁਭਾਊ ਵਾਅਦੇ ਕੀਤੇ ਸਨ, ਜਿਨ੍ਹਾਂ ਦੀ ਸੇਰ 'ਚੋਂ ਪੂਣੀ ਵੀ ਨਹੀਂ ਕੱਤੀ ਗਈ। ਆਉਣ ਵਾਲੀਆਂ ਪੰਜਾਬ ਦੀਆਂ ਲੋਕ ਸਭਾ ਚੋਣਾਂ ਸਮੇਂ ਕਾਂਗਰਸ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ। ਇਹ ਸ਼ਬਦ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਨੇ ਤਪ ਅਸਥਾਨ ਘੁੰਨਸ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਹੇ।
ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਨੇ ਆਪਣੇ ਰਾਜ ਭਾਗ ਦੌਰਾਨ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਪੂਰੇ ਹੀ ਨਹੀਂ ਕੀਤੇ, ਸਗੋਂ ਸੰਗਤ ਦਰਸ਼ਨ ਲਾ ਕੇ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਲਈ ਦਿਲ ਖੋਲ੍ਹ ਕੇ ਫ਼ੰਡ ਦਿੱਤੇ ਤੇ ਵਿੱਤੋਂ ਵੱਧ ਕੰਮ ਕਰ ਕੇ ਦਿਖਾਇਆ। ਬਾਦਲ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਕੈਪਟਨ ਸਰਕਾਰ ਨੇ ਨੌਜਵਾਨਾਂ ਨਾਲ ਰੋਜ਼ਗਾਰ ਦੇਣ ਦੇ ਨਾਂ 'ਤੇ ਧੋਖਾ ਕੀਤਾ। ਨੌਕਰੀਆਂ ਦੇਣ ਦੀ ਬਜਾਏ ਸਰਕਾਰੀ ਮੁਲਾਜ਼ਮਾਂ ਦੀ ਛਾਂਟੀ ਕੀਤੀ ਜਾ ਰਹੀ ਹੈ। ਕਾਂਗਰਸ ਨੇ ਪੰਜਾਬ 'ਚੋਂ ਆਪਣਾ ਆਧਾਰ ਹੀ ਨਹੀਂ, ਸਗੋਂ ਵੱਕਾਰ ਵੀ ਘਟਾਇਆ ਹੈ।
ਇਸ ਮੌਕੇ ਜ਼ਿਲਾ ਯੂਥ ਅਕਾਲੀ ਦਲ ਦੇ ਪ੍ਰਧਾਨ ਰੰਮੀ ਢਿੱਲੋਂ, ਜਸਵਿੰਦਰ ਸਿੰਘ ਲੱਧੜ ਪੀ. ਏ. ਘੁੰਨਸ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤਿਰਲੋਚਨ ਬਾਂਸਲ, ਵਿਨੋਦ ਕੁਮਾਰ ਬਾਂਸਲ ਤੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਰਾਕੇਸ਼ ਟੋਨਾ ਹਾਜ਼ਰ ਸਨ।


Related News