ਬਲੈਰੋ ਅਤੇ ਟਰੈਕਟਰ-ਟਰਾਲੀ ’ਚ ਟੱਕਰ, ਨੌਜਵਾਨ ਦੀ ਮੌਤ
Tuesday, Jul 10, 2018 - 03:31 AM (IST)
ਅਮਰਗਡ਼੍ਹ, (ਜੋਸ਼ੀ, ਡਿੰਪਲ)– ਅੱਜ ਸਵੇਰੇ ਕਰੀਬ 5 ਵਜੇ ਨਾਭਾ ਮਾਲੇਰਕੋਟਲਾ ਰੋਡ ਪਿੰਡ ਬਾਗਡ਼ੀਆਂ ਵਿਖੇ ਸ਼ਰਾਬ ਦੇ ਠੇਕੇ ਸਾਹਮਣੇ ਬਲੈਰੋ ਦੀ ਟਰੈਕਟਰ-ਟਰਾਲੀ ਨਾਲ ਸਿੱਧੀ ਟੱਕਰ ਵਿਚ ਗੱਡੀ ਦੇ ਡਰਾਈਵਰ ਦੀ ਮੌਕੇ ’ਤੇ ਮੌਤ ਹੋ ਗਈ। ਮੇਜਰ ਸਿੰਘ ਪੁੱਤਰ ਲਾਲ ਸਿਘ ਵਾਸੀ ਸਰਦਾਰਗਡ਼੍ਹ (ਬਠਿੰਡਾ) ਨੇ ਦੱਸਿਆ ਕਿ ਮੇਰਾ ਲਡ਼ਕਾ ਨਾਨਕ ਸਿੰਘ ਬਲੈਰੋ ਗੱਡੀ ਚਲਾਉਂਦਾ ਸੀ। ਸੋਮਵਾਰ ਸਵੇਰੇ ਜਦੋਂ ਮੈਂ ਅਤੇ ਮੇਰਾ ਲਡ਼ਕਾ ਨਾਭੇ ਤੋਂ ਅਮਰਗਡ਼੍ਹ ਵੱਲ ਆ ਰਹੇ ਸੀ ਤਾਂ ਬਾਗਡ਼ੀਆਂ ਵਿਖੇ ਸਾਹਮਣੇ ਤੋਂ ਆ ਰਹੀ ਤੇੇਜ਼ ਰਫਤਾਰ ਟਰੈਕਟਰ-ਟਰਾਲੀ, ਜਿਸ ’ਤੇ ਪਰਾਲੀ ਦੀਆਂ ਗੱਠਾਂ ਲੱਦੀਆਂ ਹੋਈਆਂ ਸਨ, ਨੇ ਸਾਡੀ ਗੱਡੀ ਵਿਚ ਸਿੱਧੀ ਟੱਕਰ ਮਾਰ ਦਿੱਤੀ। ਟਰਾਲੀ ਦੇ ਨਾਲ ਲੱਗੀ ਐਂਗਲ ਟੁੱਟ ਕੇ ਮੇਰੇ ਲਡ਼ਕੇ ਦੇ ਪੇਟ ਵਿਚ ਧੱਸ ਗਈ, ਜਿਸ ਕਾਰਨ ਮੇਰੇ ਲਡ਼ਕੇ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਪੁਲਸ ਵੱਲੋਂ ਮੇਜਰ ਸਿੰਘ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਟਰੈਕਟਰ ਦੇ ਡਰਾਈਵਰ ਰਣਜੀਤ ਸਿੰਘ ਪੁੱਤਰ ਨਰੰਗ ਸਿਘ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
