ਸਿਹਤ ਵਿਭਾਗ ਅਮਰਗੜ੍ਹ ਨੇ ਲੋਕਾਂ ਨੂੰ ਠੰਡ ਤੋਂ ਬਚਣ ਲਈ ਦਿੱਤੀ ਜਾਣਕਾਰੀ
Saturday, Jan 13, 2024 - 03:50 PM (IST)
ਅਮਰਗੜ੍ਹ (ਸ਼ੇਰਗਿੱਲ) : ਕਈ ਦਿਨਾਂ ਤੋਂ ਸੂਰਜ ਦੇ ਦਰਸ਼ਨ ਨਹੀਂ ਹੋ ਰਹੇ। ਅੰਤਾਂ ਦੀ ਠੰਡ ਪੈ ਰਹੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਦਾ ਪਾਰਾ ਤਾਂ ਸ਼ਿਮਲਾ ਦੇ ਇਲਾਕਿਆਂ ਨਾਲੋਂ ਵੀ ਘੱਟ ਗਿਆ ਹੈ। ਪੰਜਾਬ ਸਰਕਾਰ ਨੇ ਲੋਕਾਂ ਨੂੰ ਠੰਡ ਤੋਂ ਬਚਣ ਲਈ ਪ੍ਰੇਰਿਤ ਕਰਨ ਵੱਜੋਂ ਸਿਹਤ ਵਿਭਾਗ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਤਾਂ ਜੋ ਲੋਕ ਠੰਡ ਵਿੱਚ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਣ। ਅੱਜ ਬਲਾਕ ਸਿਹਤ ਇੰਸਪੈਕਟਰ ਜਗਤਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਅਮਰਗੜ੍ਹ ਦੇ ਵੱਖ ਵੱਖ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਸਵਾਈਨ ਫਲੂ ਅਤੇ ਠੰਡ ਤੋਂ ਬਚਣ ਦੇ ਉਪਾਅ ਦੱਸੇ।
ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਬਜ਼ੁਰਗਾਂ ਨੂੰ ਇਸ ਮੌਸਮ ਵਿੱਚ ਵਧੇਰੇ ਚੌਕਸ ਰਹਿਣ ਦੀ ਲੋੜ ਹੁੰਦੀ ਹੈ। ਕੱਸਵੇਂ ਕੱਪੜੇ ਪਾਉਣ ਤੋਂ ਗ਼ੁਰੇਜ਼ ਕਰਦੇ ਹੋਏ ਵੱਧ ਕੱਪੜੇ ਪਾਉਣੇ ਚਾਹੀਦੇ ਹਨ। ਬੇਲੋੜੀ ਯਾਤਰਾ ਤੋਂ ਬਚਣਾ ਚਾਹੀਦਾ ਹੈ। ਫਾਰਮੇਸੀ ਅਫ਼ਸਰ ਮਨਪ੍ਰੀਤ ਸਿੰਘ ਅਤੇ ਗੁਰਧਿਆਨ ਸਿੰਘ ਨੇ ਸਵਾਈਨ ਫਲੂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਬੁਖਾਰ, ਸਿਰਦਰਦ ਅਤੇ ਜ਼ੁਕਾਮ ਦੇ ਨਾਲ ਨਾਲ ਸਾਹ ਲੈਣ ਵਿੱਚ ਔਖ ਮਹਿਸੂਸ ਹੋਵੇ ਤਾਂ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਅੰਗੀਠੀ ਅਤੇ ਹੀਟਰ ਦੀ ਵਰਤੋਂ ਕਰਦਿਆਂ ਖ਼ਾਸ ਤੌਰ 'ਤੇ ਧਿਆਨ ਰੱਖਣਾ ਚਾਹੀਦਾ ਹੈ। ਇਨ੍ਹਾਂ ਉਪਕਰਣਾਂ ਦੀ ਵਰਤੋਂ ਨਾਲ ਆਮ ਤੌਰ 'ਤੇ ਆਕਸੀਜਨ ਦੀ ਘਾਟ ਹੋ ਜਾਂਦੀ ਹੈ। ਇਸ ਮੌਕੇ ਸਿਹਤ ਕੌਂਸਲਰ ਹਰਪ੍ਰੀਤ ਸਿੰਘ ਨੇ ਮਾਨਸਿਕ ਰੋਗਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਹੈਲਥ ਇੰਸਪੈਕਟਰ ਨਿਰਭੈ ਸਿੰਘ, ਜਸਪਾਲ ਸਿੰਘ, ਜਸਕਰਨ ਸਿੰਘ ਆਦਿ ਹਾਜ਼ਰ ਸਨ।