ਪੰਜਾਬੀਓ ਸਾਵਧਾਨ! ਹੱਡ ਚੀਰਵੀਂ ਪੈਣੀ ਠੰਡ, ਯੈਲੋ ਅਲਰਟ ਜਾਰੀ

Tuesday, Nov 12, 2024 - 07:56 AM (IST)

ਪੰਜਾਬੀਓ ਸਾਵਧਾਨ! ਹੱਡ ਚੀਰਵੀਂ ਪੈਣੀ ਠੰਡ, ਯੈਲੋ ਅਲਰਟ ਜਾਰੀ

ਜਲੰਧਰ : ਪੰਜਾਬ ਭਰ ਵਿੱਚ ਇਸ ਵੇਲੇ ਸਮੋਗ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਧੁੰਦ (ਫੋਗ) ਤੇ ਧੂੰਏ (ਸਮੋਕ) ਦੇ ਸੁਮੇਲ ਨਾਲ ਬਣੀ ਇਹ ਸਮੋਗ ਨੇ ਕੁਝ ਦਿਨਾਂ ਤੋਂ ਪੰਜਾਬ ਨੂੰ ਆਪਣੀ ਲਪੇਟ 'ਚ ਲਿਆ ਹੋਇਆ ਹੈ ਪਰ ਇਸ ਵਿਚਾਲੇ ਮੌਸਮ ਵਿਭਾਗ ਨੇ ਵੀ ਅਲਰਟ ਜਾਰੀ ਕਰ ਦਿੱਤਾ ਹੈ। ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਸੁੱਕੀ ਠੰਡ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ 'ਚ ਠੰਢ ਆਪਣੇ ਸਿਖਰ 'ਤੇ ਹੋਵੇਗੀ। ਅਗਲੇ ਚਾਰ ਦਿਨਾਂ ਤੱਕ ਮੈਦਾਨੀ ਇਲਾਕਿਆਂ ਵਿੱਚ ਧੁੰਦ ਲੋਕਾਂ ਲਈ ਮੁਸ਼ਕਲਾਂ ਪੈਦਾ ਕਰੇਗੀ। ਮੌਸਮ ਵਿਭਾਗ ਨੇ ਪੰਜਾਬ ਸਣੇ ਬਾਕੀ ਮੈਦਾਨੀ ਇਲਾਕਿਆਂ ਵਿੱਚ 15 ਨਵੰਬਰ ਤੱਕ ਧੁੰਦ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਸਵੇਰ ਅਤੇ ਸ਼ਾਮ ਨੂੰ ਹੋਰ ਧੁੰਦ ਪੈਣ ਦੀ ਸੰਭਾਵਨਾ ਹੈ।
ਕਾਂਗੜਾ ਜ਼ਿਲ੍ਹੇ ਵਿੱਚ ਧੁੰਦ ਕਾਰਨ ਲੋਕਾਂ ਖਾਸਕਰ ਡਰਾਈਵਰਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਧੁੰਦ ਦਾ ਅਸਰ ਕਾਫ਼ੀ ਦੇਖਣ ਨੂੰ ਮਿਲ ਰਿਹਾ ਹੈ। ਧੁੰਦ ਕਾਰਨ ਸੜਕਾਂ 'ਤੇ ਵਿਜ਼ੀਬਿਲਟੀ 50 ਮੀਟਰ ਤੱਕ ਘੱਟ ਗਈ ਹੈ। ਅਜਿਹੇ 'ਚ ਡਰਾਈਵਰਾਂ ਨੂੰ ਡਰਾਈਵਿੰਗ 'ਚ ਦਿੱਕਤ ਆ ਰਹੀ ਹੈ। ਵਿਭਾਗ ਨੇ ਡਰਾਈਵਰਾਂ ਨੂੰ ਸਾਵਧਾਨੀ ਨਾਲ ਵਾਹਨ ਚਲਾਉਣ ਅਤੇ ਧੁੰਦ ਦੀਆਂ ਲਾਈਟਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।

ਮੌਸਮ ਵਿਭਾਗ ਦਾ ਅਨੁਮਾਨ

ਮੌਸਮ ਵਿਭਾਗ ਨੇ ਅੱਜ ਸੂਬੇ ਦੇ ਉੱਚੇ ਪਹਾੜੀ ਹਿੱਸਿਆਂ ਵਿੱਚ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ। 13 ਅਤੇ 14 ਨਵੰਬਰ ਨੂੰ ਮੌਸਮ ਸਾਫ਼ ਰਹੇਗਾ, ਜਦਕਿ 15 ਅਤੇ 16 ਨਵੰਬਰ ਨੂੰ ਮੈਦਾਨੀ ਇਲਾਕਿਆਂ ਨੂੰ ਛੱਡ ਕੇ ਬਾਕੀ ਹਿੱਸਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। 17 ਨਵੰਬਰ ਨੂੰ ਮੌਸਮ ਸਾਫ਼ ਰਹੇਗਾ।

ਸਾਰੀਆਂ ਉਡਾਣਾਂ ਰੱਦ

ਇਲਾਕੇ 'ਚ ਫੈਲੀ ਧੁੰਦ ਕਾਰਨ ਐਤਵਾਰ ਨੂੰ ਦਿੱਲੀ ਅਤੇ ਸ਼ਿਮਲਾ ਤੋਂ ਗੱਗਲ ਹਵਾਈ ਅੱਡੇ 'ਤੇ ਆਉਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਹਵਾਈ ਅੱਡੇ ਦੇ ਡਾਇਰੈਕਟਰ ਧੀਰੇਂਦਰ ਸਿੰਘ ਨੇ ਦੱਸਿਆ ਕਿ ਖਰਾਬ ਮੌਸਮ ਕਾਰਨ ਦਿੱਲੀ ਤੋਂ ਗੱਗਲ ਲਈ ਚਾਰ ਨਿਯਮਤ ਉਡਾਣਾਂ ਅਤੇ ਸ਼ਿਮਲਾ ਤੋਂ ਗੱਗਲ ਲਈ ਇਕ ਉਡਾਣ ਰੱਦ ਕਰ ਦਿੱਤੀ ਗਈ ਹੈ। 

ਪੰਜਾਬ ਦਾ ਮੌਸਮ

ਪੰਜਾਬ ਵਿੱਚ ਅੱਜ ਵਧੀ ਹੋਈ ਨਮੀਂ ਕਾਰਨ ਤਰਨਤਾਰਨ ਤੋਂ ਫਿਰੋਜ਼ਪੁਰ, ਫਾਜ਼ਿਲਕਾ, ਮੋਗਾ, ਫਰਦੀਕੋਟ, ਬਠਿੰਡਾ,ਬਰਨਾਲਾ, ਮਾਨਸਾ ਸੰਗਰੂਰ ਤੱਕ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜਤਾਈ ਗਈ ਹੈ।ਉਥੇ ਹੀ ਦੱਸਿਆ ਜਾ ਰਿਹਾ ਕਿ ਹਨੂੰਮਾਨਗੜ, ਗੰਗਾਨਗਰ ਵੀ ਸੰਘਣੀ ਧੁੰਦ ਦੀ ਲਪੇਟ 'ਚ ਹੈ। ਇਸ ਦੇ ਨਾਲ ਹੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ 15-16 ਨਵੰਬਰ ਲਾਗੇ ਪੰਜਾਬ ਵਿੱਚ ਹਲਕੇ ਮੀਂਹ ਮਗਰੋਂ ਠੰਡ ਆਪਣਾ ਜ਼ੋਰ ਫੜ੍ਹ ਲਵੇਗੀ। ਇਸ ਨਾਲ ਸਮੋਗ ਤੋਂ ਰਾਹਤ ਮਿਲਣ ਦੀ ਉਮੀਦ ਤਾਂ ਹੈ ਕਿ ਇਸ ਦੇ ਨਾਲ ਹੀ ਮੌਸਮ ਵਿੱਚ ਵੱਧੀ ਠੰਡਕ ਨਾਲ ਲੋਕਾਂ ਨੂੰ ਕੋਟੀਆਂ ਸਵੈਟਰ ਪਾਉਣੇ ਪੈਣਗੇ। ਆਉਣ ਵਾਲੇ ਦਿਨਾਂ ਵਿੱਚ ਹੱਡ ਚੀਰਵੀਂ ਠੰਡ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਮਜ਼ਬੂਰ ਕਰ ਸਕਦੀ ਹੈ।

 


author

DILSHER

Content Editor

Related News