ਆਖ਼ਰ ਲੋਕਾਂ ਨੂੰ ਮਿਲ ਹੀ ਗਈ ਰਾਹਤ, ਹਵਾਵਾਂ ਨੇ ਕੀਤਾ ਕਮਾਲ
Sunday, Nov 17, 2024 - 09:54 AM (IST)
ਚੰਡੀਗੜ੍ਹ (ਰੋਹਾਲ) : ਆਖ਼ਰਕਾਰ ਸ਼ਹਿਰ 'ਤੇ ਛਾਏ ਪ੍ਰਦੂਸ਼ਣ ਦੇ ਬੱਦਲਾਂ ਨੂੰ ਹਰਾਉਣ 'ਚ ਹਵਾਵਾਂ ਨੇ ਸਫ਼ਲਤਾ ਹਾਸਲ ਕੀਤੀ ਅਤੇ 4 ਨਵੰਬਰ ਤੋਂ ਬਾਅਦ ਸ਼ਹਿਰ 'ਤੇ ਫੈਲੇ ਪ੍ਰਦੂਸ਼ਣ ਦੀ ਚਾਦਰ ਹਟ ਗਈ। ਪਹਿਲਾਂ ਸ਼ੁੱਕਰਵਾਰ ਨੂੰ ਹਵਾਵਾਂ ਨੇ ਕੁੱਝ ਰਾਹਤ ਦਿੱਤੀ, ਫਿਰ ਸ਼ਨੀਵਾਰ ਸਵੇਰੇ ਅਤੇ ਦੁਪਹਿਰ ਨੂੰ ਚੱਲੀਆਂ ਹਵਾਵਾਂ ਨੇ ਸ਼ਹਿਰ ਦੀ ਹਵਾ 'ਚ ਪ੍ਰਦੂਸ਼ਣ ਦੀ ਮਾਤਰਾ 300 ਮਿਲੀਗ੍ਰਾਮ ਪ੍ਰਤੀ ਕਿਊਬਿਕ ਮੀਟਰ ਤੋਂ ਹੇਠਾਂ ਪਹੁੰਚਾ ਦਿੱਤੀ। 11 ਦਿਨਾਂ ਬਾਅਦ, ਆਖ਼ਰਕਾਰ ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ.) 277 ਮਿਲੀਗ੍ਰਾਮ ਕਿਊਬਿਕ ਮੀਟਰ ਦਰਜ ਕੀਤਾ ਗਿਆ। ਇਸ ਤਰ੍ਹਾਂ 4 ਨਵੰਬਰ ਤੋਂ ਬਾਅਦ ਹੁਣ ਜਾ ਕੇ ਅਚਾਨਕ ਪ੍ਰਦੂਸ਼ਣ ਦਾ ਸਾਹਮਣਾ ਕਰ ਰਿਹਾ ਚੰਡੀਗੜ੍ਹ ਰੈੱਡ ਜ਼ੋਨ ਤੋਂ ਨਿਕਲ ਕੇ ਯੈਲੋ ਜ਼ੋਨ 'ਚ ਆਇਆ।
ਇਹ ਵੀ ਪੜ੍ਹੋ : ਘਰੇਲੂ ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ, ਇਸ ਤਾਰੀਖ਼ ਤੋਂ ਲਾਗੂ ਹੋਏ ਨਵੇਂ ਰੇਟ
ਹਾਲਾਂਕਿ ਹਾਲੇ ਵੀ ਸ਼ਹਿਰ 'ਚ ਪ੍ਰਦੂਸ਼ਣ ਦੀ ਮਾਤਰਾ ਖ਼ਰਾਬ ਪੱਧਰ ’ਤੇ ਹੈ ਪਰ ਪਿਛਲੇ ਦਿਨਾਂ ਵਰਗੇ ਹਾਲਾਤ ਤੋਂ ਕਾਫੀ ਹੱਦ ਤੱਕ ਰਾਹਤ ਮਿਲ ਚੁੱਕੀ ਹੈ। ਆਉਣ ਵਾਲੇ ਦਿਨਾਂ ਵਿਚ ਵੀ ਹੁਣ ਦੁਬਾਰਾ ਅਜਿਹੇ ਹਾਲਾਤ ਦਾ ਸਾਹਮਣਾ ਕਰਨ ਦੀ ਸੰਭਾਵਨਾ ਨਹੀਂ ਹੈ ਕਿਉਂਕਿ 15 ਨਵੰਬਰ ਦੀ ਰਾਤ ਤੋਂ ਕਸ਼ਮੀਰ ਅਤੇ ਹਿਮਾਚਲ ਦੀਆਂ ਉੱਚੀਆਂ ਚੋਟੀਆਂ ’ਤੇ ਹੋ ਰਹੀ ਬਰਫ਼ਬਾਰੀ ਦੇ ਕਾਰਨ ਤੇਜ਼ ਹੋਈਆਂ ਹਵਾਵਾਂ ਦੇ ਸਾਹਮਣੇ ਪ੍ਰਦੂਸ਼ਣ ਦੇ ਇਕ ਥਾਂ ਟਿਕਣ ਦੀ ਸੰਭਾਵਨਾ ਨਹੀਂ ਹੈ। ਸ਼ਹਿਰ ਦੀਆਂ ਤਿੰਨੋਂ ਆਬਜ਼ਰਵੇਟਰੀਆਂ 'ਚ ਪ੍ਰਦੂਸ਼ਣ ਦਾ ਪੱਧਰ ਬੇਹੱਦ ਖ਼ਰਾਬ ਅਤੇ ਗੰਭੀਰ ਪੱਧਰ ਨੂੰ ਛੂਹਣ ਤੋਂ ਬਾਅਦ 300 ਤੋਂ ਹੇਠਾਂ ਖ਼ਰਾਬ ਪੱਧਰ ’ਤੇ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਪੁਲਸ ਲਈ CM ਮਾਨ ਦਾ ਵੱਡਾ ਐਲਾਨ, ਨਵੇਂ ਮੁਲਾਜ਼ਮਾਂ ਨੂੰ ਕੀਤੀ ਅਪੀਲ (ਵੀਡੀਓ)
ਮੌਸਮ ਵਿਚ ਵੀ ਠੰਡਕ ਵਧੀ, ਰਾਤ ਦਾ ਤਾਪਮਾਨ ਵੀ ਡਿੱਗਣ ਲੱਗਿਆ
ਪ੍ਰਦੂਸ਼ਣ ਵਿਚ ਆਈ ਕਮੀ ਤੋ ਬਾਅਦ ਸ਼ਨੀਵਾਰ ਨੂੰ ਕਈ ਦਿਨਾਂ ਬਾਅਦ ਸ਼ਹਿਰ ਦੇ ਲੋਕਾਂ ਨੂੰ ਦਿਨ ਧੁੱਪ ਦੀ ਹਲਕੀ ਤਪਿਸ਼ ਮਹਿਸੂਸ ਹੋਈ। ਹਾਲਾਂਕਿ, ਹੁਣ ਦਿਨ ਅਤੇ ਰਾਤ ਦੇ ਤਾਪਮਾਨ ਵਿਚ ਵੀ ਗਿਰਾਵਟ ਆਉਣ ਲੱਗੀ ਹੈ। ਰਾਤ ਦਾ ਤਾਪਮਾਨ ਹੁਣ 15 ਡਿਗਰੀ ਤੋਂ ਹੇਠਾ ਆ ਕੇ 14 ਡਿਗਰੀ ਦਰਜ ਹੋਇਆ। ਦੁਪਹਿਰ ਵਿਚ ਵੱਧ ਤੋਂ ਵੱਧ ਤਾਪਮਾਨ ਵੀ 25.7 ਡਿਗਰੀ ਰਿਹਾ ਪਰ ਵੱਧ ਤੋਂ ਵੱਧ ਤਾਪਮਾਨ ਵੀ ਆਮ ਨਾਲੋਂ ਵੱਧ ਹੈ। ਸ਼ੁੱਕਰਵਾਰ ਸ਼ਾਮ ਤੋਂ ਪੱਛਮੀ ਗੜਬੜੀ ਸਰਗਰਮ ਹੋਣ ਤੋਂ ਬਾਅਦ ਕਸ਼ਮੀਰ ਅਤੇ ਹਿਮਾਚਲ ਦੇ ਉਚਾਈ ਵਾਲੇ ਇਲਾਕਿਆਂ ਵਿਚ ਬਰਫ਼ ਡਿੱਗਣ ਨਾਲ ਠੰਡਕ ਵਧੀ ਹੈ। ਪੱਛਮੀ ਉੱਤਰੀ ਹਵਾਵਾਂ ਵੀ ਹੁਣ 20 ਕਿੱਲੋ ਪ੍ਰਤੀ ਘੰਟੇ ਨਾਲ ਚੱਲ ਰਹੀਆਂ ਹਨ। ਇਹ ਹਵਾਵਾਂ ਆਉਣ ਵਾਲੇ ਦਿਨਾਂ ਵਿਚ ਠੰਡ ਅਤੇ ਨਮੀ ਲੈ ਕੇ ਆਉਣਗੀਆਂ, ਜਿਸ ਨਾਲ ਰਾਤ ਦਾ ਤਾਪਮਾਨ ਹੋਰ ਡਿੱਗਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8