ਡੇਂਗੂ ਫੈਲਣ ਤੋਂ ਰੋਕਣ ਲਈ ਵਿਭਾਗ ਵੱਲੋ ਹਫ਼ਤੇ ਦੇ 5 ਦਿਨ ਸਰਗਰਮੀਆਂ ਤੇਜ਼

Monday, Nov 18, 2024 - 04:48 PM (IST)

ਡੇਂਗੂ ਫੈਲਣ ਤੋਂ ਰੋਕਣ ਲਈ ਵਿਭਾਗ ਵੱਲੋ ਹਫ਼ਤੇ ਦੇ 5 ਦਿਨ ਸਰਗਰਮੀਆਂ ਤੇਜ਼

ਫਾਜ਼ਿਲਕਾ (ਨਾਗਪਾਲ) : ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਹਫ਼ਤੇ ਦੇ ਪੰਜ ਦਿਨ ਐਂਟੀ ਡੇਂਗੂ ਲਾਰਵਾ ਮੁਹਿੰਮ ਚਲਾਈ ਜਾ ਰਹੀ ਹੈ। ਇਸ 'ਚ ਹਰ ਪਿੰਡ ਅਤੇ ਸ਼ਹਿਰੀ ਇਲਾਕੇ ’ਚ ਸਿਹਤ ਵਿਭਾਗ ਦੀਆ ਟੀਮਾਂ ਰੋਜ਼ ਘਰਾਂ ਦਾ ਦੌਰਾ ਕਰਨਗੀਆਂ ਅਤੇ ਰੋਜ਼ਾਨਾ ਰਿਪੋਰਟ ਹੋਵੇਗੀ। ਪਹਿਲਾਂ ਇਹ ਮੁਹਿੰਮ ਹਰ ਸ਼ੁੱਕਰਵਾਰ ਹਫ਼ਤੇ ਦੇ ਇਕ ਦਿਨ ਚੱਲ ਰਹੀ ਸੀ। ਹੁਣ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ ਤਹਿਤ ਰੋਜ਼ਾਨਾ 5 ਦਿਨ ਐਂਟੀ ਡੇਂਗੂ ਮੁਹਿੰਮ ਚੱਲੇਗੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਕਵਿਤਾ ਸਿੰਘ ਨੇ ਦੱਸਿਆ ਡੇਂਗੂ ਤੋਂ ਪ੍ਰਭਾਵਿਤ ਏਰੀਏ ’ਚ ਵਿਸ਼ੇਸ਼ ਮੁਹਿੰਮ ਚਲਾ ਕੇ ਲਾਰਵਾ ਚੈੱਕ ਕੀਤਾ ਜਾ ਰਿਹਾ ਹੈ ਅਤੇ ਜਿਸ ਜਗ੍ਹਾ 'ਤੇ ਲਾਰਵਾ ਮਿਲਿਆ, ਨੂੰ ਲਾਰਵੀਸਾਈਡ ਨਾਲ ਨਸ਼ਟ ਕੀਤਾ ਜਾ ਰਿਹਾ ਹੈ। ਇਸ ਵਿਚ ਸਿਹਤ ਵਿਭਾਗ ਨਾਲ ਨਰਸਿੰਗ ਸਟੂਡੈਂਟ ਦੀ ਮਦਦ ਲਈ ਜਾ ਰਹੀ ਹੈ।
ਡਾ. ਸੁਨੀਤਾ ਕੰਬੋਜ ਜ਼ਿਲ੍ਹਾ ਐਪੀਡਿਮਾਲੋਜਿਸਟ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਤੇਜ ਬੁਖ਼ਾਰ, ਮਾਸ ਪੇਸ਼ੀਆਂ 'ਚ ਦਰਦ, ਅੱਖਾਂ ਦੇ ਪਿਛਲੇ ਹਿੱਸੇ 'ਚ ਦਰਦ, ਸਰੀਰ ਤੇ ਲਾਲ ਰੰਗ ਦੇ ਧੱਫੜ, ਨੱਕ ਜਾਂ ਮਸੂੜਿਆਂ ਚੋਂ ਖ਼ੂਨ ਆਉਣਾ ਆਦਿ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਸਮੇਂ ਘਰੇਲੂ ਇਲਾਜ ਜਾਂ ਇਲਾਜ 'ਚ ਦੇਰੀ ਕਾਰਨ ਕਈ ਵਾਰ ਖ਼ਤਰੇ ਦਾ ਕਾਰਨ ਬਣ ਜਾਂਦਾ ਹੈ।

ਦਿਵੇਸ਼ ਕੁਮਾਰ ਅਤੇ ਹਰਮੀਤ ਸਿੰਘ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਅੱਜ-ਕੱਲ੍ਹ ਡੇਂਗੂ ਦਾ ਸੀਜ਼ਨ ਚੱਲ ਰਿਹਾ ਹੈ। ਇਸ ਲਈ ਆਪਣੇ ਘਰਾਂ, ਦੁਕਾਨਾਂ ਅਤੇ ਵਰਕਸ਼ਾਪਾਂ ’ਚ ਟਾਇਰਾਂ, ਘੜੇ, ਪਾਣੀ ਵਾਲੀਆਂ ਖੇਲਾਂ, ਗਮਲੇ, ਕੂਲਰਾਂ ਅਤੇ ਫਰਿੱਜ ਦੇ ਬੈਕ ਟਰੇਅ ਆਦਿ ਥਾਵਾਂ 'ਤੇ ਪਾਣੀ ਨੂੰ ਹਫ਼ਤੇ ’ਚ ਇਕ ਦਿਨ ਹਰ ਸੁੱਕਰਵਾਰ ਜ਼ਰੂਰ ਸੁਕਾਉਣਾ ਚਾਹੀਦਾ ਹੈ ਤਾਂ ਜੋ ਮੱਛਰ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ। ਇਸ ਦੌਰਾਨ ਸਿਹਤ ਕਰਮਚਾਰੀ ਸੁਖਜਿੰਦਰ ਸਿੰਘ, ਕ੍ਰਿਸ਼ਨ ਕੁਮਾਰ ਅਤੇ ਸਵਰਣ ਸਿੰਘ ਨੇ ਦੱਸਿਆ ਕਿ ਡੇਂਗੂ ਸਬੰਧੀ ਜੇਕਰ ਲੱਛਣ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਵਾਉਣਾ ਚਾਹੀਦਾ ਹੈ।
 


author

Babita

Content Editor

Related News