ਮੁੱਖ ਮੰਤਰੀ ਦੀ ਕੋਠੀ ਅੱਗੇ ਕਲਰਕ ਟੈਸਟ ਪਾਸ ਯੂਨੀਅਨ ਨੇ ਲਗਾਇਆ ਧਰਨਾ, ਸੰਗਰੂਰ-ਪਟਿਆਲਾ ਮੁੱਖ ਰੋਡ ਕੀਤਾ ਜਾਮ
Sunday, May 01, 2022 - 09:54 PM (IST)
ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਕਲਰਕ ਟੈਸਟ ਪਾਸ ਯੂਨੀਅਨ ਪੰਜਾਬ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਜ਼ਬਰਦਸਤ ਰੋਸ ਰੈਲੀ ਕਰਕੇ ਸੰਗਰੂਰ-ਪਟਿਆਲਾ ਮੁੱਖ ਰੋਡ ਜਾਮ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਉਨ੍ਹਾਂ ਦੀਆਂ ਮੰਗਾਂ ਵੱਲ ਪੰਜਾਬ ਸਰਕਾਰ ਕੋਈ ਵੀ ਧਿਆਨ ਨਹੀਂ ਦੇ ਰਹੀ। ਯੂਨੀਅਨ ਦੇ ਸੂਬਾ ਪ੍ਰਧਾਨ ਗੌਰਵ ਗਾਬਾ, ਜਨਰਲ ਸਕੱਤਰ ਸੁਮਿੰਦਰ ਕੌਰ ਤੇ ਕੈਸ਼ੀਅਰ ਭੂਸ਼ਣ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਲੋਕਾਂ ਨੂੰ 'ਰੰਗਲਾ ਪੰਜਾਬ' ਬਣਾਉਣ ਦੇ ਜੋ ਸੁਪਨੇ ਦਿਖਾਏ ਸਨ, ਉਨ੍ਹਾਂ ਵਿੱਚ ਕਿਸੇ ਤਰ੍ਹਾਂ ਦੀ ਸੱਚਾਈ ਜਾਪਦੀ ਨਜ਼ਰ ਨਹੀਂ ਆ ਰਹੀ। ਇਕ ਮਹੀਨੇ ਤੋਂ ਉੱਪਰ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਸਰਕਾਰ ਦੀ ਕਾਰਜਗੁਜ਼ਾਰੀ ਕਿਤੇ ਨਜ਼ਰ ਨਹੀਂ ਆ ਰਹੀ। ਜਗ੍ਹਾ-ਜਗ੍ਹਾ ਧਰਨੇ/ਮੁਜ਼ਾਹਰਿਆਂ ਦਾ ਮਾਹੌਲ ਫਿਰ ਤੋਂ ਬਣਦਾ ਨਜ਼ਰ ਆਉਣ ਲੱਗਾ ਹੈ।
ਇਹ ਵੀ ਪੜ੍ਹੋ : ਸਰੋਤਿਆਂ ਦੀ ਪਸੰਦ ਬਣਿਆ 'ਸੌਂਕਣ ਸੌਂਕਣੇ' ਫ਼ਿਲਮ ਦਾ ਗੀਤ 'ਸਾਡੇ ਕੋਠੇ ਉੱਤੇ' (ਵੀਡੀਓ)
ਆਗੂਆਂ ਨੇ ਕਿਹਾ ਕਿ ਪਿਛਲੇ 18 ਦਿਨਾਂ ਤੋਂ ਸੀ. ਐੱਮ. ਭਗਵੰਤ ਮਾਨ ਦੀ ਰਿਹਾਇਸ਼ ਸਾਹਮਣੇ ਕਲਰਕ ਯੂਨੀਅਨ ਵੱਲੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ। ਗਰਮੀ ਦੀ ਰੁੱਤ, ਤੱਤੀਆਂ ਹਵਾਵਾਂ ਵਿੱਚ ਜਿੱਥੇ ਆਮ ਲੋਕ ਘਰਾਂ 'ਚੋਂ ਬਾਹਰ ਨਹੀਂ ਨਿਕਲਦੇ, ਉੱਥੇ ਕਲਰਕ ਟੈਸਟ ਪਾਸ ਯੂਨੀਅਨ ਆਪਣੇ ਪਰਿਵਾਰਾਂ ਤੇ ਬੱਚਿਆਂ ਸਮੇਤ ਸੜਕਾਂ 'ਤੇ ਰੋਸ ਮੁਜ਼ਾਹਰਾ ਕਰਨ ਲਈ ਮਜਬੂਰ ਹੋਏ ਹਨ। ਇੰਨੇ ਦਿਨ ਬੀਤਣ ਦੇ ਬਾਵਜੂਦ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਯੂਨੀਅਨ ਦੀਆਂ ਮੰਗਾਂ ਬਾਰੇ ਨਹੀਂ ਪੁੱਛਿਆ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਪਿਛਲੇ 6 ਸਾਲਾਂ ਤੋਂ ਸਰਕਾਰ ਨੇ ਕਲਰਕਾਂ ਦੀ ਕੋਈ ਨਵੀਂ ਭਰਤੀ ਨਹੀਂ ਕੀਤੀ ਤੇ ਹੁਣ ਜੇਕਰ 'ਆਪ' ਸਰਕਾਰ ਵੀ ਕੋਈ ਕਦਮ ਨਹੀਂ ਚੁੱਕਦੀ ਤਾਂ ਇਹ ਬਹੁਤ ਹੀ ਨਿੰਦਣਯੋਗ ਕਦਮ ਹੋਏਗਾ ਕਿਉਂਕਿ 04/2016 ਕਲਰਕ ਟੈਸਟ ਪਾਸ ਉਮੀਦਵਾਰਾਂ ਦੀ ਇਨ੍ਹਾਂ 6 ਸਾਲਾਂ ਦੌਰਾਨ ਖਾਲੀ ਹੋਈਆਂ ਅਸਾਮੀਆਂ ਲਈ ਵੈਟਿੰਗ ਲਿਸਟ ਵੀ ਨਹੀਂ ਕੱਢੀ ਗਈ, ਜਦ ਕਿ ਇਸ ਭਰਤੀ ਵਿੱਚ ਰਹਿੰਦੇ ਲੱਗਭਗ 2000 ਉਮੀਦਵਾਰਾਂ ਦੀ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਕਾਊਂਸਲਿੰਗ ਪ੍ਰਕਿਰਿਆ ਤੱਕ ਪੂਰੀ ਕਰ ਲਈ ਗਈ ਸੀ।
ਇਹ ਵੀ ਪੜ੍ਹੋ : ਸਰੋਤਿਆਂ ਦੀ ਪਸੰਦ ਬਣਿਆ 'ਸੌਂਕਣ ਸੌਂਕਣੇ' ਫ਼ਿਲਮ ਦਾ ਗੀਤ 'ਸਾਡੇ ਕੋਠੇ ਉੱਤੇ' (ਵੀਡੀਓ)
ਉਕਤ ਮਾਮਲੇ ਸਬੰਧੀ ਧਰਨਿਆਂ ਦੇ ਚੱਲਦੇ ਉਮੀਦਵਾਰਾਂ ਵੱਲੋਂ ਮੁੱਖ ਮੰਤਰੀ ਦੇ ਆਪਣੇ ਇਲਾਕੇ ਸੰਗਰੂਰ ਵਿਖੇ ਮਿਤੀ 24/04/2022 ਨੂੰ ਇਕ ਰੈਲੀ ਪ੍ਰਦਰਸ਼ਨ ਬੱਸ ਸਟੈਂਡ ਚੱਕ ਤੋਂ ਲੈ ਕੇ ਡੀ. ਸੀ. ਦਫ਼ਤਰ ਹੁੰਦੇ ਹੋਏ ਐੱਮ. ਐੱਲ. ਏ. ਨਰਿੰਦਰ ਕੌਰ ਭਰਾਜ ਦੇ ਦਫ਼ਤਰ ਤੱਕ ਕੀਤਾ ਗਿਆ ਤੇ ਵਿਧਾਇਕਾ ਭਰਾਜ ਨਾਲ ਮੀਟਿੰਗ ਕੀਤੀ ਗਈ। ਯੂਨੀਅਨ ਵੱਲੋਂ ਉਨ੍ਹਾਂ ਨੂੰ ਆਪਣੀ ਮੰਗ ਬਾਰੇ ਜਾਣੂ ਕਰਵਾਇਆ ਗਿਆ ਪਰ ਫਿਰ ਵੀ ਯੂਨੀਅਨ ਦੇ ਹੱਥ ਲਾਰਿਆਂ ਤੇ ਝੂਠੇ ਭਰੋਸਿਆਂ ਤੋਂ ਇਲਾਵਾ ਕੁਝ ਨਹੀਂ ਲੱਗਾ। ਰੋਸ ਵਜੋਂ ਅੱਜ ਉਮੀਦਵਾਰਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਜਗ੍ਹਾ ਦੇ ਸਾਹਮਣੇ ਪੈਂਦੇ ਹਾਈਵੇ ਨੂੰ ਜਾਮ ਰੱਖਿਆ। ਸੂਬਾ ਪ੍ਰਧਾਨ ਗੌਰਵ ਗਾਬਾ ਨੇ ਦੱਸਿਆ ਕਿ ਜਲਦ ਹੀ ਸੰਘਰਸ਼ ਦੀ ਰੂਪ-ਰੇਖਾ ਵਿੱਚ ਬਦਲਾਅ ਕਰਕੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਇਸ ਦੇ ਚੱਲਦਿਆਂ ਜੇਕਰ ਕਿਸੇ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਇਸ ਦੇ ਲਈ ਸਿੱਧੇ ਤੌਰ 'ਤੇ ਪ੍ਰਸ਼ਾਸਨ ਅਤੇ ਮੌਜੂਦਾ ਸਰਕਾਰ ਜ਼ਿੰਮੇਵਾਰ ਹੋਵੇਗੀ, ਜੋ ਕਿ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੂਰ ਕਰਨ ਦੇ ਸੁਪਨੇ ਦਿਖਾ ਕੇ ਸੱਤਾ ਵਿੱਚ ਆਈ ਹੈ।
ਇਹ ਵੀ ਪੜ੍ਹੋ : 1 ਕਿਲੋ ਅਫੀਮ ਤੇ 35 ਕਿਲੋ ਭੁੱਕੀ ਸਮੇਤ 3 ਕਾਬੂ
ਇਸ ਮੌਕੇ ਜਨਰਲ ਸਕੱਤਰ ਸਪਿੰਦਰ ਕੌਰ, ਮੁੱਖ ਆਗੂ ਅਜੇ ਕੁਮਾਰ, ਮੈਂਬਰ ਅੰਕਿਤ ਸਿੰਗਲਾ, ਮਲਕੀਤ ਸਿੰਘ, ਮਨਦੀਪ ਕੌਰ, ਅਮਰਜੀਤ ਕੌਰ ਤੇ ਹੋਰ ਯੂਨੀਅਨ ਮੈਂਬਰਾਂ ਨੇ ਇਸ ਰੋਸ ਪ੍ਰਦਸ਼ਨ ਵਿੱਚ ਸ਼ਮੂਲੀਅਤ ਕੀਤੀ। ਡੀ. ਐੱਸ. ਪੀ. ਤੇ ਤਹਿਸੀਲਦਾਰ ਸੰਗਰੂਰ ਵੱਲੋਂ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ 2 ਮਈ ਨੂੰ ਸਵੇਰੇ ਡਿਪਟੀ ਕਮਿਸ਼ਨਰ ਅਤੇ ਐੱਸ. ਡੀ. ਐੱਮ. ਸੰਗਰੂਰ ਨਾਲ ਮੀਟਿੰਗ ਕਰਨ ਦਾ ਭਰੋਸਾ ਦਿਵਾ ਕੇ ਮੇਨ ਹਾਈਵੇ ਤੋਂ ਧਰਨਾ ਚੁਕਵਾਇਆ ਗਿਆ।
ਇਹ ਵੀ ਪੜ੍ਹੋ : ਲੱਖਾਂ ਦੇ ਘਪਲੇ 'ਚ ਨਕੋਦਰ ਨਗਰ ਕੌਂਸਲ ਦਾ ਵੱਡਾ ਐਕਸ਼ਨ, 5 ਅਧਿਕਾਰੀਆਂ 'ਤੇ ਡਿੱਗੀ ਗਾਜ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ