ਸ਼ਾਮਚੁਰਾਸੀ ’ਚ ਸਾਫ-ਸਫਾਈ ਦਾ ਬੁਰਾ ਹਾਲ, ਥਾਂ-ਥਾਂ ਲੱਗੇ ਕੂਡ਼ੇ ਦੇ ਢੇਰ

Sunday, Aug 12, 2018 - 01:18 AM (IST)

ਸ਼ਾਮਚੁਰਾਸੀ ’ਚ ਸਾਫ-ਸਫਾਈ ਦਾ ਬੁਰਾ ਹਾਲ, ਥਾਂ-ਥਾਂ ਲੱਗੇ ਕੂਡ਼ੇ ਦੇ ਢੇਰ

ਸ਼ਾਮਚੁਰਾਸੀ,    (ਚੁੰਬਰ)-  ‘ਤੰਦਰੁਸਤ ਮਿਸ਼ਨ ਪੰਜਾਬ’ ਮੁਹਿੰਮ ਨੂੰ ਨਗਰ ਕੌਂਸਲ ਸ਼ਾਮਚੁਰਾਸੀ ਵੱਲੋਂ ਬਹੁਤ ਹੀ ਜ਼ੋਰ-ਸ਼ੋਰ  ਨਾਲ ਸ਼ੁਰੂ ਕੀਤਾ ਗਿਆ ਸੀ ਪਰ ਕੁਝ ਕੁ ਦਿਨਾਂ ਬਾਅਦ ਹੀ ਇਸ ਦੀ ਫੂਕ ਨਿਕਲ ਗਈ।  ਅੱਜ ਸ਼ਾਮਚੁਰਾਸੀ ਦੀ ਵਸੋਂ ਨੇਡ਼ੇ ਥਾਂ-ਥਾਂ ਕੂਡ਼ਾ-ਕਰਕਟ ਦੇ ਢੇਰ ਲੱਗੇ ਹੋੲੇ ਹਨ, ਜੋ ਬਰਸਾਤ ਦੇ ਮੌਸਮ ਕਾਰਨ  ਬਦਬੂ ਮਾਰਦਿਆਂ ਭਿਆਨਕ ਬੀਮਾਰੀਆਂ ਨੂੰ ਸੱਦਾ ਦੇ ਰਹੇ ਹਨ। 
ਸ਼ਾਮਚੁਰਾਸੀ-ਕੋਟਲੀ ਰੋਡ ਚੌਕ ਨੇਡ਼ੇ ਇਕ ਖਾਲੀ ਪਲਾਟ ਵਿਚ ਕੂਡ਼ਾਦਾਨ ਰੱਖਿਆ ਹੋਇਆ ਹੈ, ਜੋ ਪਿਛਲੇ ਕਈ ਦਿਨਾਂ ਤੋਂ ਕੂਡ਼ੇ ਨਾਲ ਭਰ ਚੁੱਕਿਆ ਹੈ ਅਤੇ ਇਸ ਦੇ ਆਲੇ-ਦੁਆਲੇ ਇੰਨੀ ਜ਼ਿਆਦਾ ਗੰਦਗੀ ਫੈਲ ਚੁੱਕੀ ਹੈ ਕਿ ਇਥੋਂ ਲੰਘਣ ਵਾਲਿਆਂ ਨੂੰ ਆਪਣਾ ਨੱਕ ਢਕਣਾ ਪੈਂਦਾ ਹੈ। ਇਥੇ ਨੇੜੇ ਰਹਿਣ ਵਾਲੇ ਲੋਕਾਂ ਨੇ ਕਿਹਾ ਕਿ ਚਾਰੇ ਪਾਸੇ ਫੈਲੀ ਗੰਦਗੀ ਕਾਰਨ ਉਨ੍ਹਾਂ ਦਾ  ਜਿਊਣਾ ਮੁਹਾਲ ਹੋਇਆ ਪਿਆ ਹੈ ਕਿਉਂਕਿ ਗੰਦਗੀ ਕਾਰਨ ਬਰਸਾਤੀ ਮੌਸਮ ਵਿਚ ਲੱਗਣ ਵਾਲੀਆਂ ਬੀਮਾਰੀਆਂ ਫੈਲਾਉਣ ਵਾਲੇ ਜ਼ਹਿਰਲੇ ਮੱਛਰ ਪੈਦਾ ਹੋ ਰਹੇ ਹਨ। ਕਈ-ਕਈ ਦਿਨ ਇਥੇ ਕੂਡ਼ਾ ਪਿਆ ਰਹਿੰਦਾ ਹੈ। ਇਸ ਤੋਂ ਇਲਾਵਾ ਸ਼ਾਮਚੁਰਾਸੀ ਨਗਰ ਕੌਂਸਲ ਦਫ਼ਤਰ ਨੇਡ਼ੇ ਖਾਲਸਾ ਸਕੂਲ ਅਤੇ ਖਾਲਸਾ ਕਾਲਜ ਦੇ ਨੇਡ਼ੇ ਵੀ ਇਕ ਕੂਡ਼ੇ ਦਾ ਢੇਰ ਲੱਗਾ ਹੋਇਆ ਹੈ, ਜੋ ਨਗਰ ਕੌਂਸਲ ਦਫ਼ਤਰ ਨੂੰ ਜਾਣ ਵਾਲੇ ਮੁਲਾਜ਼ਮਾਂ ਨੂੰ ਵੀ ਮੂੰਹ ਚਿੜਾਉਂਦਾ ਜਾਪਦਾ ਹੈ। ਸ਼ਹਿਰ ਵਿਚ ਕਈ ਥਾਵਾਂ ’ਤੇ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਨਾਲੀਆਂ ਉੱਛਲ ਜਾਂਦੀਆਂ ਹਨ ਅਤੇ ਇਨ੍ਹਾਂ ਵਿਚੋਂ ਕੂਡ਼ਾ-ਕਰਕਟ ਸਡ਼ਕਾਂ ਅਤੇ ਲੋਕਾਂ ਦੇ ਘਰਾਂ ਅੱਗੇ ਗੰਦਗੀ ਫੈਲਾਉਣ ਵਿਚ ਕੋਈ ਕਸਰ ਨਹੀਂ ਛੱਡਦਾ। 
ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸਡ਼ਕਾਂ ਦਾ ਵੀ ਬੁਰਾ ਹਾਲ ਹੈ। ਬਾਈਪਾਸ ਕਾਲੋਨੀ ਦੀ ਸਡ਼ਕ  ਅਤੇ ਸ਼ਾਮਚੁਰਾਸੀ ਅੱਡੇ ਤੋਂ ਸ਼ਾਮੀ ਸ਼ਾਹ ਦਰਬਾਰ ਤੱਕ ਜਾਂਦੀ ਸਡ਼ਕ ਦੀ ਹਾਲਤ ਬਹੁਤ ਖਸਤਾ ਹੈ। ਉਕਤ ਸੜਕਾਂ ਵਿਚ ਪਏ ਟੋਇਆਂ  ਕਾਰਨ  ਇਥੋਂ ਲੰਘਣਾ ਮੁਹਾਲ ਹੋਇਆ ਪਿਆ ਹੈ।  ਉਨ੍ਹਾਂ ਨਗਰ ਨਿਗਮ ਅਧਿਕਾਰੀਆਂ   ਕੋਲੋਂ  ਥਾਂ-ਥਾਂ  ਫੈਲਿਆ ਕੂੜਾ ਚੁਕਵਾਉਣ ਅਤੇ  ਖਸਤਾਹਾਲ  ਸੜਕਾਂ  ਦੀ  ਮੁਰੰਮਤ  ਕਰਵਾਉਣ  ਦੀ  ਮੰਗ  ਕੀਤੀ।


Related News