ਲੁਧਿਆਣਾ ਸਿਵਲ ਸਰਜਨ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਨੇ ਕੀਤਾ ਤਲਬ! ਨਿੱਜੀ ਤੌਰ ''ਤੇ ਪੇਸ਼ ਹੋਣ ਦੇ ਹੁਕਮ
Tuesday, Jun 23, 2026 - 02:32 PM (IST)
ਲੁਧਿਆਣਾ/ਦੋਰਾਹਾ (ਵਿਨਾਇਕ): ਲੁਧਿਆਣਾ ਦੇ ਸਿਵਲ ਸਰਜਨ ਨੂੰ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਤਲਬ ਕਰ ਲਿਆ ਹੈ। ਕਮਿਸ਼ਨ ਨੇ ਅਧਾਰ ਕਾਰਡ ਦੀ ਕਥਿਤ ਦੁਰਵਰਤੋਂ ਕਰ ਕੇ ਇਕ ਬੇਕਸੂਰ ਵਿਅਕਤੀ ਨੂੰ ਸਰਕਾਰੀ ਰਿਕਾਰਡ ਵਿਚ ਨਸ਼ੇੜੀ ਦਿਖਾਉਣ ਦੇ ਗੰਭੀਰ ਦੋਸ਼ਾਂ ਦੇ ਮਾਮਲੇ ਵਿਚ ਰਿਪੋਰਟ ਮੰਗੀ ਹੈ। 14 ਅਗਸਤ ਨੂੰ ਸਿਵਲ ਸਰਜਨ ਲੁਧਿਆਣਾ ਨੂੰ ਰਿਪੋਰਟ ਦੇ ਨਾਲ ਨਿੱਜੀ ਤੌਰ 'ਤੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਇਸ ਸਬੰਧੀ ਜਾਰੀ ਹੁਕਮਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਕਮਿਸ਼ਨ ਨੇ ਇਸ ਤੋਂ ਪਹਿਲਾਂ ਵੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਅਤੇ ਸਿਵਲ ਸਰਜਨ ਲੁਧਿਆਣਾ ਤੋਂ ਮਾਮਲੇ ਵਿਚ ਕੀਤੀ ਗਈ ਕਾਰਵਾਈ ਸਬੰਧੀ ਰਿਪੋਰਟ ਮੰਗੀ ਗਈ ਸੀ, ਪਰ ਅਜੇ ਤਕ ਦੋਹਾਂ ਨੇ ਰਿਪੋਰਟ ਨਹੀਂ ਦਿੱਤੀ। ਹੁਣ ਕਮਿਸ਼ਨ ਨੇ ਸਖ਼ਤੀ ਕਰਦਿਆਂ ਸਿਵਲ ਸਰਜਨ ਲੁਧਿਆਣਾ ਨੂੰ 14 ਅਗਸਤ ਨੂੰ ਪੂਰੀ ਰਿਪੋਰਟ ਦੇ ਨਾਲ ਨਿੱਜੀ ਤੌਰ 'ਤੇ ਕਮਿਸ਼ਨ ਅੱਗੇ ਹਾਜ਼ਰ ਹੋਣ ਲਈ ਕਿਹਾ ਹੈ।
ਦੱਸ ਦਈਏ ਕਿ ਇਹ ਕਾਰਵਾਈ ਖੰਨਾ ਦੇ ਪਿੰਡ ਬੀਜਾ ਦੇ ਰਹਿਣ ਵਾਲੇ ਤਰਸੇਮ ਭਾਰਦਵਾਜ ਦੀ ਸ਼ਿਕਾਇਤ ਮਗਰੋਂ ਕੀਤੀ ਗਈ ਹੈ। ਸ਼ਿਕਾਇਤਕਰਤਾ ਮੁਤਾਬਕ ਜਦੋਂ ਉਹ ਅਸਲਾ ਲਾਇਸੰਸ ਲਈ ਡੋਪ ਟੈਸਟ ਕਰਵਾਉਣ ਗਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਅਧਾਰ ਕਾਰਡ ਦੀ ਦੁਰਵਰਤੋਂ ਕਰ ਕੇ ਨਸ਼ਾ ਛੁਡਾਊ ਕੇਂਦਰ ਵੱਲੋਂ ਉਸ ਦੇ ਨਾਂ 'ਤੇ 100 ਦੇ ਕਰੀਬ ਗੋਲੀਆਂ ਜਾਰੀ ਕੀਤੀਆਂ ਗਈਆਂ ਹਨ ਤੇ ਸਰਕਾਰੀ ਰਿਕਾਰਡਾਂ ਵਿਚ ਉਸ ਨੂੰ 'ਨਸ਼ੇੜੀ' ਦੱਸਿਆ ਗਿਆ ਹੈ। ਇਸ ਮਗਰੋਂ ਪੀੜਤ ਨੇ ਮਨੁੱਖੀ ਅਧਿਕਾਰ ਕਮਿਸ਼ਨ ਤੇ ਡੀ. ਆਈ. ਜੀ. ਲੁਧਿਆਣਾ ਰੇਂਜ ਕੋਲ ਇਨਸਾਫ਼ ਦੀ ਗੁਹਾਰ ਲਗਾਈ ਸੀ।
