ਚੋਰੀ ਦੇ ਸ਼ੱਕ ''ਚ ਫੜੇ ਗਏ ਮੁੰਡੇ ਨੂੰ ਭੀੜ ਨੇ ਕੁੱਟਿਆ! ਸਿਰ ਮੁੰਨ ਕੇ ਕੀਤਾ ਜ਼ਲੀਲ, ਪੁਲਸ ਨੇ ਲਿਆ ਐਕਸ਼ਨ
Thursday, Jun 11, 2026 - 12:46 PM (IST)
ਲੁਧਿਆਣਾ (ਅਨਿਲ): ਥਾਣਾ ਜੋਧੇਵਾਲ ਦੇ ਅਧੀਨ ਆਉਂਦੇ ਕੈਲਾਸ਼ ਨਗਰ ਰੋਡ 'ਤੇ ਇਕ ਨੌਜਵਾਨ ਨੂੰ ਚੋਰੀ ਦੇ ਸ਼ੱਕ ਵਿਚ ਫੜ ਕੇ ਪਹਿਲਾਂ ਉਸ ਨੂੰ ਖੰਭੇ ਨਾਲ ਬੰਨ੍ਹਿਆ ਗਿਆ ਤੇ ਫ਼ਿਰ ਉਸ ਨਾਲ ਕੁੱਟਮਾਰ ਕੀਤੀ ਗਈ। ਇਸ ਮਗਰੋਂ ਉਸ ਦਾ ਸਿਰ ਮੁੰਨ ਕੇ ਤੇ ਗਲੇ ਵਿਚ 'ਮੈਂ ਚੋਰ ਹਾਂ' ਦੀ ਤਖ਼ਤੀ ਪਾ ਕੇ ਸੜਕ 'ਤੇ ਘੁੰਮਾਇਆ ਗਿਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਮਗਰੋਂ ਲੁਧਿਆਣਾ ਪੁਲਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਥਾਣੇਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੁੰਦੀ ਦਿਸੀ, ਜਿਸ ਵਿਚ ਇਕ ਨੌਜਵਾਨ ਨੂੰ ਖੰਭੇ ਨਾਲ ਬੰਨ੍ਹ ਕੇ ਉਸ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ ਤੇ ਉਸ ਦੇ ਵਾਲ ਕੱਟੇ ਜਾ ਰਹੇ ਸਨ। ਇਸ ਮਗਰੋਂ ਉਸ ਦੇ ਗਲੇ ਵਿਚ 'ਮੈਂ ਚੋਰ ਹਾਂ' ਦੀ ਤਖ਼ਤੀ ਪਾ ਕੇ ਘੁੰਮਾਇਆ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਗਰੋਂ ਪੁਲਸ ਨੇ ਤੁਰੰਤ ਸੂਚਨਾ ਦੇ ਅਧਾਰ 'ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਵੱਲੋਂ ਮੁਲਜ਼ਮਾਂ ਦੀ ਪਛਾਣ ਕਰਨ ਲਈ ਕੈਲਾਸ਼ ਨਗਰ ਰੋਡ 'ਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਛੇਤੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। --
