ਆਪਰੇਸ਼ਨ ਦੌਰਾਨ ਜਨਾਨੀ ਦੇ ਢਿੱਡ ''ਚ ਤੌਲੀਆ ਛੱਡਣ ਦਾ ਮਾਮਲਾ, SMO ਨੇ ਸਿਵਲ ਸਰਜਨ ਨੂੰ ਭੇਜੀ ਰਿਪੋਰਟ
Thursday, Dec 24, 2020 - 02:32 PM (IST)

ਲੁਧਿਆਣਾ (ਰਾਜ) : ਸਿਵਲ ਹਸਪਤਾਲ ਦੇ ਮਦਰ ਐਂਡ ਚਾਈਲਡ ਸੈਂਟਰ 'ਚ ਸੀਜੇਰੀਅਨ ਦੌਰਾਨ ਜਨਾਨੀ ਦੇ ਢਿੱਡ 'ਚ ਤੌਲੀਆ ਛੱਡਣ ਦੇ ਕੇਸ 'ਚ ਡਾਕਟਰਾਂ ਦੇ ਬੋਰਡ ਨੇ ਜਾਂਚ ਪੂਰੀ ਕਰ ਲਈ ਹੈ। ਜਾਂਚ 'ਚ ਡਾਕਟਰ ਬੀਬੀ ਅਤੇ ਉਸ ਦੀ ਟੀਮ ਦੀ ਲਾਪਰਵਾਹੀ ਸਾਹਮਣੇ ਆਈ ਹੈ, ਜਿਸ ਸਬੰਧੀ ਐੱਮ. ਐੱਮ. ਓ. ਵੱਲੋਂ ਰਿਪੋਰਟ ਕਾਰਵਾਈ ਲਈ ਸੀ. ਐੱਮ. ਓ. ਦਫ਼ਤਰ ਭੇਜ ਦਿੱਤੀ ਗਈ ਹੈ। ਦੂਜੇ ਪਾਸੇ ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਕੇਸ ਵਾਪਸ ਲੈਣ ਲਈ ਡਾਕਟਰ ਬੀਬੀ ਸਿਫਾਰਸ਼ਾਂ ਲਾ ਕੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਅਸਲ 'ਚ 13 ਦਸੰਬਰ ਨੂੰ ਕੇਸ ਦੀ ਸ਼ਿਕਾਇਤ ਚੌਂਕੀ ਪੁਲਸ ਅਤੇ ਐੱਸ. ਐੱਮ. ਓ. ਨੂੰ ਦਿੱਤੀ ਗਈ ਸੀ। ਇਸ ਕੇਸ 'ਚ ਐੱਸ. ਐੱਮ. ਓ. ਡਾ. ਅਮਰਜੀਤ ਕੌਰ ਨੇ ਜਾਂਚ ਲਈ ਡਾ. ਮਾਲਵਿੰਦਰ ਕੌਰ ਮਾਲਾ ਦੀ ਅਗਵਾਈ ’ਚ ਤਿੰਨ ਡਾਕਟਰਾਂ ਦੇ ਬਣਾਏ ਬੋਰਡ 'ਚ ਡਾ. ਵਰੁਣ ਸੱਗੜ, ਡਾ. ਸ਼ੀਨੂ ਅਤੇ ਡਾ. ਸ਼ੀਤਲ ਨੂੰ ਜਾਂਚ ਸੌਂਪੀ ਸੀ। 12 ਦਿਨਾਂ 'ਚ ਬੋਰਡ ਨੇ ਜਾਂਚ ਪੂਰੀ ਕੀਤੀ ਅਤੇ ਮੰਗਲਵਾਰ ਨੂੰ ਰਿਪੋਰਟ ਬਣਾ ਕੇ ਐੱਸ. ਐੱਮ. ਓ. ਨੂੰ ਦਿੱਤੀ, ਜਿਨ੍ਹਾਂ ਦਾ ਕਹਿਣਾ ਹੈ ਕਿ ਜਾਂਚ 'ਚ ਸਿਜੇਰੀਅਨ ਦੌਰਾਨ ਲਾਪਰਵਾਹੀ ਸਾਹਮਣੇ ਆਈ ਹੈ। ਇਸ ਲਈ ਅਗਲੀ ਕਾਰਵਾਈ ਲਈ ਉਕਤ ਰਿਪੋਰਟ ਸਿਵਲ ਸਰਜਨ ਦਫ਼ਤਰ ਭੇਜ ਦਿੱਤੀ ਗਈ ਹੈ।
ਇਹ ਸੀ ਕੇਸ
ਸ਼ਿਮਲਾਪੁਰੀ ਦੇ ਅਰਵਿੰਦਰ ਸਿੰਘ ਦੀ ਪਤਨੀ ਆਸ਼ਾ ਕੌਰ ਦਾ ਸਿਵਲ ਹਸਪਤਾਲ ਦੇ ਮਦਰ ਐਂਡ ਚਾਈਲਡ ਸੈਂਟਰ 'ਚ ਸੀਜੇਰੀਅਨ ਨਾਲ ਪੁੱਤਰ ਹੋਇਆ ਸੀ। ਸੀਜੇਰੀਅਨ ਤੋਂ ਕੁਝ ਘੰਟੇ ਬਾਅਦ ਹੀ ਆਸ਼ਾ ਕੌਰ ਦੇ ਢਿੱਡ 'ਚ ਤੇਜ਼ ਦਰਦ ਰਹਿਣ ਲੱਗਾ ਸੀ ਤਾਂ ਡਾਕਟਰਾਂ ਨੇ ਉਸ ਨੂੰ ਪਟਿਆਲਾ ਰੈਫਰ ਕਰਨਾ ਚਾਹਿਆ ਸੀ ਪਰ ਉਸ ਨੇ ਨਿੱਜੀ ਹਸਪਤਾਲ ਜਾਣ ਲਈ ਕਿਹਾ ਸੀ। ਇਸ ਤੋਂ ਬਾਅਦ ਜਦੋਂ ਦੋ ਦਿਨਾਂ ਬਾਅਦ ਉਨ੍ਹਾਂ ਨੇ ਸੀ. ਐੱਮ. ਸੀ. ਹਸਪਤਾਲ ਚੈੱਕਅਪ ਕਰਵਾਇਆ ਤਾਂ ਖ਼ੁਲਾਸਾ ਹੋਇਆ ਕਿ ਉਸ ਦੀ ਪਤਨੀ ਦੇ ਢਿੱਡ ’ਚ ਤੌਲੀਆ ਸੀ, ਜੋ ਕਿ ਸੀਜੇਰੀਅਨ ਦੌਰਾਨ ਡਾਕਟਰ ਅਤੇ ਸਟਾਫ਼ ਦੀ ਲਾਪਰਵਾਹੀ ਕਾਰਨ ਢਿੱਡ 'ਚ ਹੀ ਰਹਿ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਸਬੰਧੀ ਸ਼ਿਕਾਇਤ ਦਿੱਤੀ ਸੀ।