ਸਿਵਲ ਹਸਪਤਾਲ ''ਚ ਜ਼ਖਮੀ ''ਤੇ ਕੜੇ ਨਾਲ ਹਮਲਾ, ਵੱਜੇ ਹੂਟਰ
Tuesday, Jun 12, 2018 - 07:06 AM (IST)
ਜਲੰਧਰ, (ਸ਼ੋਰੀ)— ਇਨ੍ਹੀਂ ਦਿਨੀਂ ਹਮਲਾਵਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਰਹੇ ਹਨ ਕਿ ਉਹ ਲੋਕਾਂ 'ਤੇ ਹਮਲਾ ਕਰਨ ਤੋਂ ਬਾਅਦ ਸਿਵਲ ਹਸਪਤਾਲ 'ਚ ਦੁਬਾਰਾ ਉਨ੍ਹਾਂ 'ਤੇ ਹਮਲਾ ਕਰਨ ਤੋਂ ਬਾਜ਼ ਨਹੀਂ ਆ ਰਹੇ ਹਨ। ਅੱਜ ਦੁਪਹਿਰ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਦ ਹਮਲਾਵਰਾਂ ਨੇ 2 ਨੌਜਵਾਨਾਂ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਕੁੱਟਿਆ ਅਤੇ ਇਕ ਨੌਜਵਾਨ ਦੇ ਸਿਰ 'ਤੇ ਕੜੇ ਮਾਰ ਕੇ ਉਸ ਨੂੰ ਖੂਨ ਨਾਲ ਲੱਥਪਥ ਕਰ ਦਿੱਤਾ। ਇਸ ਦੌਰਾਨ ਹੰਗਾਮਾ ਹੁੰਦਾ ਵੇਖ ਡਿਊਟੀ 'ਤੇ ਬੈਠੇ ਡਾਕਟਰ ਨੇ ਹੂਟਰ ਮਾਰੇ ਪਰ ਹਮਲਾਵਰ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੂਟਰ ਦੀ ਆਵਾਜ਼ ਸੁਣ ਕੇ ਫਰਾਰ ਹੋ ਗਏ। ਉਥੇ ਕੁਝ ਦੇਰ ਬਾਅਦ ਥਾਣਾ ਨੰ. 4 ਦੀ ਪੁਲਸ ਵੀ ਹਸਪਤਾਲ ਪਹੁੰਚੀ।
ਬਸਤੀ ਗੁਜ਼ਾਂ ਦੇ ਮਨਜੀਤ ਨਗਰ ਨਿਵਾਸੀ ਚੰਦਰ ਸ਼ੇਖਰ ਪੁੱਤਰ ਮਹੇਸ਼ ਕੁਮਾਰ ਨੇ ਦੱਸਿਆ ਕਿ ਉਸ ਨੇ ਅਮਨ ਨਗਰ ਦੇ ਰਹਿਣ ਵਾਲੇ ਨੌਜਵਾਨ ਤੋਂ ਕਮੇਟੀ ਦੇ 1 ਲੱਖ ਰੁਪਏ ਲੈਣੇ ਹਨ। ਪੈਸੇ ਦੇਣ ਤੋਂ ਉਹ ਟਾਲ-ਮਟੋਲ ਤੇ ਝਗੜਾ ਕਰਨ ਲੱਗਾ, ਅੱਜ ਉਸ ਨੇ ਆਪਣੇ ਦੋਸਤ ਪ੍ਰਭਜੋਤ ਪੁੱਤਰ ਜਰਨੈਲ ਸਿੰਘ ਵਾਸੀ ਬਸਤੀ ਗੁਜ਼ਾਂ ਨੂੰ ਪੈਸੇ ਲੈਣ ਲਈ ਉਕਤ ਨੌਜਵਾਨ ਕੋਲ ਭੇਜਿਆ ਤਾਂ ਉਕਤ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪ੍ਰਭਜੋਤ ਨੂੰ ਬੁਰੀ ਤਰ੍ਹਾਂ ਕੁੱਟਿਆ। ਜ਼ਖਮੀ ਪ੍ਰਭਜੋਤ ਇਲਾਜ ਤੇ ਐੱਮ. ਐੱਲ. ਆਰ. ਕਟਵਾਉਣ ਲਈ ਜਿਵੇਂ ਹੀ ਦੁਪਹਿਰ 3 ਵਜੇ ਸਿਵਲ ਹਸਪਤਾਲ ਐਮਰਜੈਂਸੀ ਵਾਰਡ ਪਹੁੰਚਿਆ ਤਾਂ ਉਹ ਹਮਲਾ ਕਰਨ ਵਾਲਾ ਨੌਜਵਾਨ ਆਪਣੇ ਪਿਤਾ ਤੇ ਹੋਰ ਸਾਥੀਆਂ ਸਣੇ ਆ ਕੇ ਧਮਕੀਆਂ ਦੇਣ ਲੱਗਾ ਤੇ ਵਿਰੋਧ ਜਤਾਉਣ 'ਤੇ ਉਸ ਨੇ ਲੋਹੇ ਦਾ ਕੜਾ ਉਸ ਦੇ ਸਿਰ 'ਤੇ ਮਾਰਨਾ ਸ਼ੁਰੂ ਕਰ ਦਿੱਤਾ। ਉਥੇ ਦੂਜੇ ਪੱਖ 'ਚ ਵੀ ਇਕ ਨੌਜਵਾਨ ਜ਼ਖਮੀ ਦੱਸਿਆ ਜਾ ਰਿਹਾ ਹੈ। ਉਕਤ ਨੌਜਵਾਨ ਮੁਤਾਬਿਕ ਸਵੇਰੇ ਉਸ 'ਤੇ ਚੰਦਰ ਸ਼ੇਖਰ ਨੇ ਸਾਥੀਆਂ ਸਣੇ ਹਮਲਾ ਕੀਤਾ ਸੀ।