ਸਿਟੀ ਬਿਊਟੀਫੁਲ ''ਚ ਗੰਨ ਪੁਆਇੰਟ ''ਤੇ ਧੜਾਧੜ ਲੁੱਟਾਂ-ਖੋਹਾਂ

Wednesday, Dec 27, 2017 - 08:05 AM (IST)

ਸਿਟੀ ਬਿਊਟੀਫੁਲ ''ਚ ਗੰਨ ਪੁਆਇੰਟ ''ਤੇ ਧੜਾਧੜ ਲੁੱਟਾਂ-ਖੋਹਾਂ

ਚੰਡੀਗੜ੍ਹ  (ਸੁਸ਼ੀਲ) - ਬੇਖੌਫ ਲੁਟੇਰੇ ਚੰਡੀਗੜ੍ਹ ਵਿਚ ਪਿਸਤੌਲ ਦਿਖਾ ਕੇ ਲੁੱਟ ਤੇ ਅਗਵਾ ਦੀਆਂ ਵਾਰਦਾਤਾਂ ਕਰਕੇ ਫਰਾਰ ਹੋ ਗਏ। ਪੁਲਸ ਇਨ੍ਹਾਂ ਮੁਲਜ਼ਮਾਂ ਸਾਹਮਣੇ ਬੇਵੱਸ ਵਿਖਾਈ ਦੇ ਰਹੀ ਹੈ। ਸ਼ਨੀਵਾਰ ਰਾਤ ਨੂੰ ਰਿਟਜ਼ ਕਾਰ ਵਿਚ ਸਵਾਰ ਤਿੰਨ ਲੁਟੇਰਿਆਂ ਨੇ ਸੈਕਟਰ-55/40 ਨੂੰ ਵੰਡਦੀ ਸੜਕ 'ਤੇ ਇਕ ਕੁੱਕ ਨੂੰ ਪਿਸਤੌਲ ਦਿਖਾ ਕੇ ਅਗਵਾ ਕੀਤਾ ਤੇ ਉਸਦੇ ਏ. ਟੀ. ਐੱਮ. ਕਾਰਡ ਰਾਹੀਂ ਨਕਦੀ ਕਢਵਾਈ। ਕੁੱਕ ਕਾਰ ਸਵਾਰ ਲੁਟੇਰਿਆਂ ਨੂੰ ਚਕਮਾ ਦੇ ਕੇ ਪੁਲਸ ਥਾਣੇ ਪਹੁੰਚਿਆ ਤੇ ਸ਼ਿਕਾਇਤ ਦਿੱਤੀ। ਅਜੇ ਪੁਲਸ ਇਸ ਮਾਮਲੇ ਨੂੰ ਸੁਲਝਾਉਣ ਵਿਚ ਲੱਗੀ ਹੀ ਸੀ ਕਿ ਰਿਟਜ਼ ਕਾਰ ਵਿਚ ਸਵਾਰ ਲੁਟੇਰਿਆਂ ਨੇ ਸੋਮਵਾਰ ਰਾਤ ਢਾਈ ਵਜੇ ਮੋਟਰਸਾਈਕਲ 'ਤੇ ਘਰ ਜਾ ਰਹੇ ਲੜਕੇ ਨੂੰ ਪਿਸਤੌਲ ਦਿਖਾ ਕੇ ਸੈਕਟਰ-22 ਪੁਲਸ ਚੌਕੀ ਪਿੱਛੇ ਸੜਕ 'ਤੇ ਲੁੱਟ ਲਿਆ।  ਲੁਟੇਰਿਆਂ ਨੇ ਲੜਕੇ ਕੋਲੋਂ 10 ਹਜ਼ਾਰ ਦੀ ਨਕਦੀ,  ਮੋਬਾਇਲ ਫੋਨ ਤੇ ਚਾਂਦੀ ਦੀ ਚੇਨ ਲੁੱਟ ਲਈ।
ਵਾਰਦਾਤ ਦਾ ਸਿਲਸਿਲਾ ਇਥੇ ਹੀ ਨਹੀਂ ਰੁਕਿਆ ਤੇ ਖੁੱਡਾ ਅਲੀਸ਼ੇਰ ਵਿਚ ਦੋ ਲੜਕਿਆਂ ਨੇ ਆਟੋ ਚਾਲਕ ਦੀ ਮਾਰਕੁੱਟ ਕਰਕੇ ਉਸਦਾ ਆਟੋ ਖੋਹ ਲਿਆ। ਪੁਲਸ ਲੁਟੇਰਿਆਂ ਦਾ ਸੁਰਾਗ ਨਹੀਂ ਲਾ ਸਕੀ।
ਪਿਸਤੌਲ ਦਿਖਾ ਕੇ ਕੁੱਕ ਨੂੰ ਕੀਤਾ ਅਗਵਾ, ਖੰਨਾ ਤੋਂ ਕਢਵਾਏ ਪੈਸੇ
ਸੈਕਟਰ-56 ਨਿਵਾਸੀ ਜੈਰਾਮ ਨੇ ਪੁਲਸ ਨੂੰ ਦੱਸਿਆ ਕਿ ਉਹ ਸੈਕਟਰ-44 ਦੀ ਇਕ ਕੈਟਰਿੰਗ ਕੰਪਨੀ ਵਿਚ ਕੰਮ ਕਰਦਾ ਹੈ। ਸ਼ਨੀਵਾਰ ਰਾਤ ਸਾਢੇ 12 ਵਜੇ ਉਹ ਜ਼ੀਰਕਪੁਰ ਵਿਚ ਸਥਿਤ ਇਕ ਵਿਆਹ ਸਮਾਰੋਹ ਤੋਂ ਐਕਟਿਵਾ 'ਤੇ ਆਪਣੇ ਘਰ ਨੂੰ ਜਾ ਰਿਹਾ ਸੀ, ਜਦੋਂ ਉਹ ਸੈਕਟਰ-55/40 ਨੂੰ ਵੰਡਦੀ ਸੜਕ 'ਤੇ ਪਹੁੰਚਿਆ ਤਾਂ ਰਿਟਜ਼ ਕਾਰ ਸਵਾਰ ਤਿੰਨ ਲੜਕਿਆਂ ਨੇ ਉਸ ਨੂੰ ਰੋਕ ਲਿਆ। ਕਾਰ ਵਿਚੋਂ ਉਤਰੇ ਇਕ ਲੜਕੇ ਨੇ ਪਿਸਤੌਲ ਕੱਢ ਕੇ ਉਸਦੇ ਸਿਰ 'ਤੇ ਤੇ ਦੂਜੇ ਨੇ ਤਲਵਾਰ ਢਿੱਡ 'ਤੇ ਲਾ ਕੇ ਨਕਦੀ ਦੀ ਮੰਗ ਕੀਤੀ। ਉਸਨੇ ਰੁਪਏ ਹੋਣ ਤੋਂ ਮਨ੍ਹਾ ਕੀਤਾ ਤਾਂ ਕਾਰ ਸਵਾਰਾਂ ਨੇ ਉਸਨੂੰ ਅਗਵਾ ਕਰਕੇ ਗੱਡੀ ਵਿਚ ਬਿਠਾ ਲਿਆ ਤੇ ਚੰਡੀਗੜ੍ਹ ਤੋਂ ਬਾਹਰ ਚੱਲ ਪਏ।
ਗੱਡੀ ਵਿਚ ਉਹ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਏ. ਟੀ. ਐੱਮ. ਕਾਰਡ ਤੇ ਮੋਬਾਇਲ ਫੋਨ ਕੱਢ ਕੇ ਕਾਰਡ ਦਾ ਪਾਸਵਰਡ ਪੁੱਛਣ ਲੱਗੇ। ਉਸਨੇ ਰੌਲਾ ਪਾਇਆ ਤਾਂ ਉਸਨੂੰ ਗੋਲੀ ਮਾਰਨ ਦੀ ਧਮਕੀ ਦੇਣ ਲੱਗੇ। ਪੀੜਤ ਨੇ ਦੱਸਿਆ ਕਿ ਅਗਵਾਕਾਰ ਉਸਨੂੰ ਖਰੜ, ਮੋਰਿੰਡਾ ਤੇ ਸਮਰਾਲਾ ਹੁੰਦੇ ਹੋਏ ਖੰਨਾ ਲੈ ਗਏ। ਅਗਵਾਕਾਰਾਂ ਨੇ ਲਾਲਰੋਂ ਕਲਾਂ ਰੋਡ 'ਤੇ ਪੈਟਰੋਲ ਪੰਪ ਤੋਂ ਗੱਡੀ 'ਚ ਤੇਲ ਪੁਆ ਕੇ ਉਸਨੂੰ ਏ. ਟੀ. ਐੱਮ. 'ਤੇ ਲੈ ਗਏ। ਉਥੇ ਪਿਸਤੌਲ ਸਿਰ 'ਤੇ ਰੱਖ ਕੇ ਉਸ ਤੋਂ ਜ਼ਬਰਦਸਤੀ 10 ਹਜ਼ਾਰ ਰੁਪਏ ਕਢਵਾ ਕੇ ਅਗਵਾਕਾਰਾਂ ਨੇ ਜੇਬ ਵਿਚ ਪਾ ਲਏ। ਜੈਰਾਮ ਨੇ ਦੱਸਿਆ ਕਿ ਅਗਵਾਕਾਰਾਂ ਨੂੰ ਬਾਥਰੂਮ ਜਾਣ ਦਾ ਬਹਾਨਾ ਲਾ ਕੇ ਉਹ ਉਨ੍ਹਾਂ ਨੂੰ ਚਕਮਾ ਦੇ ਕੇ ਭੱਜ ਗਿਆ ਤੇ ਸਿੱਧਾ ਖੰਨਾ ਪੁਲਸ ਥਾਣੇ ਵਿਚ ਪਹੁੰਚ ਕੇ ਅਗਵਾ ਤੇ ਲੁੱਟ ਦੀ ਵਾਰਦਾਤ ਬਾਰੇ ਦੱਸਿਆ।
ਖੰਨਾ ਥਾਣੇ ਦੇ ਐੱਸ. ਐੱਚ. ਓ. ਨੇ ਤੁਰੰਤ ਚੰਡੀਗੜ੍ਹ ਦੀ ਸੈਕਟਰ-39 ਥਾਣਾ ਪੁਲਸ ਨਾਲ ਸੰਪਰਕ ਕੀਤਾ। ਸੈਕਟਰ-39 ਥਾਣਾ ਪੁਲਸ ਤੁਰੰਤ ਖੰਨਾ ਪਹੁੰਚੀ ਤੇ ਜੈਰਾਮ ਨੂੰ ਚੰਡੀਗੜ੍ਹ ਲੈ ਕੇ ਆਈ ਤੇ ਉਸਦੇ ਬਿਆਨ ਦਰਜ ਕੀਤੇ। ਜੈਰਾਮ ਦੇ ਬਿਆਨਾਂ ਤੋਂ ਬਾਅਦ ਸੈਕਟਰ-39 ਥਾਣਾ ਪੁਲਸ ਨੇ ਆਰਮਸ ਐਕਟ, ਅਗਵਾ, ਲੁੱਟ-ਖਸੁੱਟ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ।
ਪਿਸਤੌਲ ਦਿਖਾ ਕੇ ਕਾਰ ਸਵਾਰਾਂ ਨੇ ਸੈਕਟਰ-22 ਚੌਕੀ ਦੇ ਪਿੱਛੇ ਕੀਤੀ ਲੁੱਟ
ਪਿਸਤੌਲ ਨਾਲ ਲੈਸ ਕਾਰ ਸਵਾਰ ਦੋ ਲੜਕਿਆਂ ਨੇ ਸੈਕਟਰ-22 ਚੌਕੀ ਦੇ ਪਿੱਛੇ ਸੈਕਟਰ-22/23 ਲਾਈਟਾਂ 'ਤੇ ਸੋਮਵਾਰ ਰਾਤ ਢਾਈ ਵਜੇ ਮੋਟਰਸਾਈਕਲ ਸਵਾਰ ਲੜਕੇ ਨੂੰ ਰਸਤਾ ਪੁੱਛਣ ਬਹਾਨੇ ਰੋਕ ਲਿਆ। ਇੰਨੇ ਵਿਚ ਕਾਰ ਸਵਾਰ ਦੋ ਲੜਕੇ ਗੱਡੀ 'ਚੋਂ ਬਾਹਰ ਆਏ ਤੇ ਇਕ ਨੇ ਪਿਸਤੌਲ ਕੱਢ ਕੇ ਮੋਟਰਸਾਈਕਲ ਚਾਲਕ ਸੰਜੀਵ ਨਿਵਾਸੀ ਸੈਕਟਰ-56 'ਤੇ ਤਾਣ ਕੇ ਉਸ ਕੋਲੋਂ ਪੈਸੇ ਮੰਗਣੇ ਸ਼ੁਰੂ ਕੀਤੇ। ਉਸਨੇ ਵਿਰੋਧ ਕੀਤਾ ਤਾਂ ਦੂਜੇ ਨੇ ਪਿਸਤੌਲ ਉਸਦੇ ਸਿਰ ਵਿਚ ਮਾਰ ਕੇ ਉਸਦੀ ਜੇਬ 'ਚੋਂ 10 ਹਜ਼ਾਰ ਰੁਪਏ ਕੱਢ ਲਏ। ਉਸਦੇ ਗਲੇ ਵਿਚੋਂ ਚਾਂਦੀ ਦੀ ਚੇਨ ਲਾਹ ਲਈ, ਮੋਬਾਇਲ ਫੋਨ ਵੀ ਖੋਹ ਲਿਆ ਤੇ ਕਾਰ ਵਿਚ ਬੈਠ ਕੇ ਫਰਾਰ ਹੋ ਗਏ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਰਿਟਜ਼ ਗੱਡੀ ਨੂੰ ਫੜਨ ਲਈ ਨਾਕਾਬੰਦੀ ਕਰਵਾਈ। ਸੰਜੀਵ ਕੁਮਾਰ ਨੇ ਦੱਸਿਆ ਕਿ ਲੁਟੇਰਿਆਂ ਦੀ ਗੱਡੀ ਚਿੱਟੇ ਰੰਗ ਦੀ ਸੀ ਤੇ ਉਹ ਗੱਡੀ ਦਾ ਨੰਬਰ ਐੱਚ. ਆਰ.-9671 ਹੀ ਨੋਟ ਕਰ ਸਕਿਆ।


Related News