ਸਕੂਲ ਦੇ ਚੌਕੀਦਾਰ ਨਾਲ ਕੁੱਟਮਾਰ ਦੇ ਦੋਸ਼ ''ਚ ਕੇਸ ਦਰਜ
Sunday, Sep 03, 2017 - 11:39 AM (IST)
ਹੁਸ਼ਿਆਰਪੁਰ(ਅਸ਼ਵਨੀ)— ਥਾਣਾ ਮਾਹਿਲਪੁਰ ਦੀ ਪੁਲਸ ਨੇ ਮਾਹਿਲਪੁਰ ਦੇ ਇਕ ਪ੍ਰਾਈਵੇਟ ਸਕੂਲ 'ਚ ਕੰਮ ਕਰਦੇ ਚੌਕੀਦਾਰ ਬਲਵੀਰ ਸਿੰਘ ਪੁੱਤਰ ਖੁਸ਼ੀਆ ਰਾਮ ਵਾਸੀ ਪਿੰਡ ਰਾਮਪੁਰ, ਥਾਣਾ ਚੱਬੇਵਾਲ ਨੂੰ ਕੁੱਟਮਾਰ ਕਰਕੇ ਜ਼ਖਮੀ ਕਰਨ ਦੀ ਘਟਨਾ ਸਬੰਧੀ ਧਾਰਾ 323, 324, 34 ਤਹਿਤ ਕੇਸ ਦਰਜ ਕੀਤਾ ਹੈ। ਹੁਸ਼ਿਆਰਪੁਰ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਬਲਵੀਰ ਸਿੰਘ ਨੇ ਪੁਲਸ ਕੋਲ ਦਰਜ ਕਰਵਾਏ ਬਿਆਨ 'ਚ ਕਿਹਾ ਕਿ ਉਹ ਪਿਛਲੇ 12-13 ਸਾਲਾਂ ਤੋਂ ਸਕੂਲ 'ਚ ਚੌਕੀਦਾਰ ਦੀ ਨੌਕਰੀ ਕਰਦਾ ਹੈ।
ਬੀਤੀ 21 ਅਗਸਤ ਨੂੰ ਤੜਕੇ ਕਰੀਬ 3 ਵਜੇ 3-4 ਅਣਪਛਾਤੇ ਵਿਅਕਤੀ, ਜਿਨ੍ਹਾਂ ਆਪਣੇ ਮੂੰਹ ਬੰਨ੍ਹੇ ਹੋਏ ਸਨ, ਚੋਰੀ ਕਰਨ ਦੀ ਨੀਅਤ ਨਾਲ ਸਕੂਲ ਵਿਚ ਦਾਖਲ ਹੋਏ ਅਤੇ ਉਸ ਨਾਲ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ। ਉਸ ਦੇ ਰੌਲਾ ਪਾਉਣ 'ਤੇ ਦੋਸ਼ੀ ਚੋਰੀ ਕੀਤੇ ਬਿਨਾਂ ਹੀ ਉਥੋਂ ਭੱਜ ਗਏ। ਥਾਣਾ ਮਾਹਿਲਪੁਰ ਦੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
