ਚਾਈਨਾ ਡੋਰ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, 4 ਸਾਲਾ ਬੱਚੀ ਅਸ਼ਲੀਨ ਕੌਰ ਦੀ ਗਲ ਵੱਢਣ ਕਾਰਣ ਮੌਤ

Wednesday, Feb 09, 2022 - 12:05 AM (IST)

ਚਾਈਨਾ ਡੋਰ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, 4 ਸਾਲਾ ਬੱਚੀ ਅਸ਼ਲੀਨ ਕੌਰ ਦੀ ਗਲ ਵੱਢਣ ਕਾਰਣ ਮੌਤ

ਫਿਰੋਜ਼ਪੁਰ (ਸੰਨੀ) : ਫਿਰੋਜ਼ਪੁਰ ਵਿਚ ਉਸ ਸਮੇਂ ਮਾਤਮ ਛਾ ਗਿਆ ਜਦੋਂ 4 ਸਾਲ ਦੀ ਬੱਚੀ ਅਸ਼ਲੀਨ ਕੌਰ ਦੀ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਉਕਤ ਬੱਚੀ ਬੀਤੇ ਦਿਨੀਂ ਆਪਣੀ ਮਾਂ ਨਾਲ ਸਕੂਟਰੀ ’ਤੇ ਬੈਠ ਕੇ ਸਕੂਲ ਤੋਂ ਵਾਪਸ ਆ ਰਹੀ ਸੀ। ਇਸ ਦੌਰਾਨ ਚਾਈਨਾ ਡੋਰ ਉਕਤ ਬੱਚੀ ਦੀ ਗਰਦਨ ਦੇ ਦੁਆਲੇ ਫਿਰਨ ਨਾਲ ਉਸ ਦੀ ਗਰਦਨ ਕੱਟੀ ਗਈ। ਕੁੜੀ ਦੇ ਪਿਤਾ ਦਲਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਸਦੀ ਚਾਰ ਦੀ ਬੱਚੀ ਆਪਣੀ ਮਾਂ ਨਾਲ ਸਕੂਲ ਤੋਂ ਪੜ੍ਹ ਕੇ ਸਕੂਟਰੀ ’ਤੇ ਵਾਪਸ ਆ ਰਹੀ ਸੀ ਅਤੇ ਚਾਈਨਾ ਡੋਰ ਨਾਲ ਉਸਦੀ ਗਰਦਨ ਕੱਟੀ ਗਈ। ਕੁੜੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਅਤੇ ਡਾਕਟਰਾਂ ਵੱਲੋਂ ਉਸਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਪਰ ਅੱਜ ਸਵੇਰੇ ਕੁੜੀ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸੂਬੇ ਭਰ ਦੇ ਸਕੂਲਾਂ ਲਈ ਨਵੇਂ ਹੁਕਮ ਜਾਰੀ

ਮ੍ਰਿਤਕ ਬੱਚੀ ਦੇ ਰਿਸ਼ਤੇਦਾਰਾਂ ਨੇ ਮੰਗ ਕੀਤੀ ਕਿ ਚਾਈਨਾ ਡੋਰ ਵੇਚਣ ਅਤੇ ਇਸ ਦੀ ਵਰਤੋਂ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਕੋਈ ਹੋਰ ਅਜਿਹੇ ਹਾਦਸੇ ਦਾ ਸ਼ਿਕਾਰ ਨਾ ਹੋਵੇ। ਇਸ ਹਾਦਸੇ ਵਿਚ ਬੱਚੀ ਦੀ ਅਸ਼ਲੀਨ ਕੌਰ ਦੀ ਮਾਂ ਦਾ ਵੀ ਅੰਗੂਠਾ ਕੱਟਿਆ ਗਿਆ ਅਤੇ ਉਹ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ, ਜਿਸ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ। ਚਾਈਨਾ ਡੋਰ ਕਾਰਣ ਵਾਪਰਿਆ ਇਹ ਕੋਈ ਪਹਿਲਾ ਹਾਦਸਾ ਨਹੀਂ ਹੈ, ਬੀਤੇ ਦਿਨੀਂ ਪਟਿਆਲਾ ਵਿਚ ਇਕ ਜੇ. ਈ. ਦੀ ਡਿਊਟੀ ਤੋਂ ਘਰ ਜਾਂਦੇ ਸਮੇਂ ਗਲੇ ਵਿਚ ਚਾਈਨਾ ਡੋਰ ਫਿਰਨ ਨਾਲ ਮੌਤ ਹੋ ਗਈ ਸੀ। ਚਾਈਨਾ ਡੋਰ ਕਾਰਣ ਕਈ ਘਰਾਂ ਦੇ ਚਿਰਾਗ ਬੁੱਝ ਚੁੱਕੇ ਹਨ। ਲੋੜ ਹੈ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਵਲੋਂ ਸਖ਼ਤ ਕਦਮ ਚੁੱਕੇ ਜਾਣ ਦੀ ਤਾਂ ਜੋ ਚਾਈਨਾ ਡੋਰ ਵੇਚਣ ਵਾਲਿਆਂ ਅਤੇ ਇਸ ਦੀ ਵਰਤੋਂ ਕਰਨ ਵਾਲਿਆਂ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ : ਚਾਈਨਾ ਡੋਰ ਬਣੀ ਕਾਲ, ਡਿਊਟੀ ਤੋਂ ਪਰਤ ਰਹੇ ਪਾਵਰਕਾਮ ਦੇ ਜੇ. ਈ. ਦਾ ਗਲਾ ਵੱਢਿਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News