ਚਾਈਨਾ ਡੋਰ ਨਾਲ ਵੱਢੀ ਗਈ ਨੌਜਵਾਨ ਦੀ ਧੌਣ, ਡਾਕਟਰਾਂ ਨੇ ਮੁਸ਼ਕਲ ਨਾਲ ਬਚਾਈ ਜਾਨ

Wednesday, Jan 06, 2021 - 04:25 PM (IST)

ਚਾਈਨਾ ਡੋਰ ਨਾਲ ਵੱਢੀ ਗਈ ਨੌਜਵਾਨ ਦੀ ਧੌਣ, ਡਾਕਟਰਾਂ ਨੇ ਮੁਸ਼ਕਲ ਨਾਲ ਬਚਾਈ ਜਾਨ

ਮਾਛੀਵਾੜਾ ਸਾਹਿਬ (ਟੱਕਰ) : ਪਾਬੰਦੀ ਦੇ ਬਾਵਜੂਦ ਪਤੰਗ ਉਡਾਉਣ ਲਈ ਚਾਈਨਾ ਡੋਰ ਦੀ ਵਿਕਰੀ ਲਗਾਤਾਰ ਜਾਰੀ ਹੈ, ਜਿਸ ਨਾਲ ਹਰੇਕ ਸਾਲ ਹਾਦਸੇ ਵੀ ਵਾਪਰਦੇ ਹਨ। ਇਸ ਜਾਨਲੇਵਾ ਡੋਰ ਕਾਰਣ ਕਈ ਮਨੁੱਖੀ ਜਾਨਾਂ ਤੇ ਪਸ਼ੂ-ਪੰਛੀ ਵੀ ਮੌਤ ਦੇ ਮੂੰਹ ’ਚ ਜਾ ਰਹੇ ਹਨ। ਮਾਛੀਵਾੜਾ ਨੇੜਲੇ ਪਿੰਡ ਜੁਲਫ਼ਗੜ੍ਹ ਦੇ ਨੌਜਵਾਨ ਭੁਪਿੰਦਰ ਸਿੰਘ ਨਾਲ ਵੀ ਅਜਿਹਾ ਹੀ ਹਾਦਸਾ ਵਾਪਰਿਆ, ਜਿਸ ਕਾਰਣ ਉਸ ਦੀ ਧੌਣ ਵੱਢੀ ਗਈ ਅਤੇ ਡਾਕਟਰਾਂ ਵੱਲੋਂ 12 ਟਾਂਕੇ ਲਗਾ ਕੇ ਬੜੀ ਮੁਸ਼ਕਿਲ ਨਾਲ ਉਸ ਦੀ ਜਾਨ ਬਚਾਈ ਗਈ।

ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਖ਼ਮੀਂ ਹੋਏ ਨੌਜਵਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਕੁਹਾੜਾ ਨੇੜੇ ਫੈਕਟਰੀ ’ਚ ਮੋਟਰਸਾਈਕਲ ’ਤੇ ਸਵਾਰ ਹੋ ਡਿਊਟੀ ਕਰਨ ਜਾ ਰਿਹਾ ਸੀ ਤਾਂ ਰਸਤੇ ’ਚ ਅਚਾਨਕ ਚਾਈਨਾ ਡੋਰ ਉਸ ਦੀ ਧੌਣ ਨਾਲ ਆ ਲੱਗੀ, ਜਿਸ ਕਾਰਣ ਉਹ ਲਹੂ-ਲੁਹਾਨ ਹੋ ਗਿਆ। ਉਸ ਨੇ ਦੱਸਿਆ ਕਿ ਇਹ ਚਾਈਨਾ ਡੋਰ ਇੰਨੀ ਤਿੱਖੀ ਸੀ ਕਿ ਮੂੰਹ ’ਤੇ ਬੰਨ੍ਹੇ ਰੁਮਾਲ ਅਤੇ ਪਹਿਨੀ ਹੋਈ ਜੈਕੇਟ ਨੂੰ ਦੋਫਾੜ ਕਰਦੀ ਧੌਣ ਨੂੰ ਚੀਰ ਗਈ।

ਜਖ਼ਮੀਂ ਹਾਲਤ ’ਚ ਨੌਜਵਾਨ ਭੁਪਿੰਦਰ ਸਿੰਘ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵੱਲੋਂ 12 ਟਾਂਕੇ ਲਗਾ ਕੇ ਉਸ ਦੀ ਜਾਨ ਬਚਾਈ ਗਈ। ਜਖ਼ਮੀਂ ਨੌਜਵਾਨ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਉਸ ਦੇ ਨੌਜਵਾਨ ਪੁੱਤਰ ਦੀ ਜਾਨ ਮੁਸ਼ਕਿਲ ਨਾਲ ਬਚੀ ਹੈ ਪਰ ਸਰਕਾਰ ਤੇ ਪ੍ਰਸ਼ਾਸਨ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੋਰ ਦੀ ਵਿਕਰੀ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਕਰੇ ਤਾਂ ਜੋ ਅੱਗੇ ਤੋਂ ਕੋਈ ਹੋਰ ਹਾਦਸਾ ਨਾ ਵਾਪਰ ਸਕੇ।


author

Babita

Content Editor

Related News