ਮੁੱਖ ਮੰਤਰੀ ਨੇ 5 ਸ਼ਹਿਰਾਂ ''ਚ ਮਹਿਲਾਵਾਂ ਲਈ ਪੀ. ਸੀ. ਆਰ. ਵੈਨਾਂ ਨੂੰ ਕੀਤਾ ਤਾਇਨਾਤ
Friday, Dec 20, 2019 - 10:08 AM (IST)

ਜਲੰਧਰ (ਧਵਨ): ਪੰਜਾਬ 'ਚ ਜ਼ਰੂਰਤਮੰਦ ਅਤੇ ਸੰਕਟ 'ਚ ਫਸੀਆਂ ਔਰਤਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਪੁਲਸ ਸਹੂਲਤ ਨੂੰ ਹੋਰ ਮਜ਼ਬੂਤ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ 5 ਮੁੱਖ ਸ਼ਹਿਰਾਂ 'ਚ ਸਾਰੀਆਂ ਪੀ. ਸੀ. ਆਰ. ਵੈਨਾਂ ਨੂੰ ਸਰਗਰਮ ਕਰਨ ਅਤੇ ਔਰਤਾਂ ਦਾ ਫੋਨ ਆਉਣ 'ਤੇ ਉਨ੍ਹਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਦੀਆਂ ਹਦਾਇਤਾਂ ਦਿੱਤੀਆਂ ਹਨ। ਉਨ੍ਹਾਂ ਨੇ ਮੋਹਾਲੀ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ ਅਤੇ ਜਲੰਧਰ 'ਚ ਔਰਤਾਂ ਦੀ ਸੁਰੱਖਿਆ ਲਈ ਚੁੱਕੇ ਕਦਮ ਰਾਤ ਸਮੇਂ ਫਸੀਆਂ ਔਰਤਾਂ ਨੂੰ ਉਨ੍ਹਾਂ ਦੇ ਘਰਾਂ ਜਾਂ ਕੰਮ ਦੀਆਂ ਥਾਵਾਂ 'ਤੇ ਸੁਰੱਖਿਅਤ ਪਹੁੰਚਾਉਣ ਲਈ ਪੀ. ਸੀ. ਆਰ. ਵੈਨਾਂ ਤੁਰੰਤ ਮੌਕੇ 'ਤੇ ਪਹੁੰਚਣਗੀਆਂ।
ਮੁੱਖ ਮੰਤਰੀ ਨੇ ਇਸ ਸਬੰਧ 'ਚ ਰਾਜ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਉਕਤ ਕ਼ਦਮ ਚੁੱਕਣ ਦੀਆਂ ਹਦਾਇਤਾਂ ਦਿੱਤੀਆਂ ਸਨ। ਦਿਨਕਰ ਗੁਪਤਾ ਨੇ ਕਿਹਾ ਕਿ ਇਸ ਯੋਜਨਾ ਦੇ ਸ਼ੁਰੂ ਹੋਣ ਤੋਂ ਬਾਅਦ ਹੈਲਪ ਲਾਈਨ ਨੰਬਰਾਂ 112/100, 181 ਅਤੇ 1091 'ਤੇ 3 ਤੋਂ 18 ਦਸੰਬਰ ਦੇ ਵਿਚਕਾਰ ਕੁੱਲ 40 ਫੋਨ ਆਏ ਸਨ। ਡੀ. ਜੀ. ਪੀ. ਨੇ ਦੱਸਿਆ ਕਿ ਪੁਲਸ ਪੈਟਰੋਲ ਪਾਰਟੀਆਂ ਨੇ ਫੋਨ ਆਉਣ ਦੇ 7 ਮਿੰਟਾਂ ਅੰਦਰ ਮੌਕੇ 'ਤੇ ਪਹੁੰਚ ਕੇ ਔਰਤਾਂ ਨੂੰ ਰਾਹਤ ਪ੍ਰਦਾਨ ਕੀਤੀ। ਇਸ ਸਬੰਧ 'ਚ ਇਲੈਕਟ੍ਰਾਨਿਕਸ ਮੀਡੀਆ ਨਾਲ ਸਬੰਧਤ ਔਰਤ ਪੱਤਰਕਾਰਾਂ ਨੇ ਪੁਲਸ ਦੀ ਕਾਰਗੁਜ਼ਾਰੀ ਪਰਖਣ ਲਈ ਜਾਅਲੀ ਫੋਨ ਵੀ ਕੀਤੇ ਪਰ ਪੁਲਸ ਦੇ ਹੁੰਗਾਰੇ ਤੋਂ ਬਾਅਦ ਉਹ ਸੰਤੁਸ਼ਟ ਨਜ਼ਰ ਆਈਆਂ। ਉਨ੍ਹਾਂ ਕਿਹਾ ਕਿ ਛੇਤੀ ਹੀ ਸਾਰੀਆਂ ਪੀ. ਸੀ. ਆਰ. ਵੈਨਾਂ 'ਚ ਔਰਤਾਂ ਦੀ ਮਦਦ ਲਈ ਇਕ-ਇਕ ਔਰਤ ਪੁਲਸ ਅਧਿਕਾਰੀ ਵੀ ਮੌਜੂਦ ਰਹੇਗੀ।
ਦਿਨਕਰ ਗੁਪਤਾ ਨੇ ਦੱਸਿਆ ਕਿ ਭਾਵੇਂ ਅਧਿਕਾਰਕ ਤੌਰ 'ਤੇ ਇਹ ਯੋਜਨਾ ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ ਸ਼ੁਰੂ ਕੀਤੀ ਗਈ ਸੀ ਪਰ ਮੁੱਖ ਮੰਤਰੀ ਨੇ ਜਾਤੀ ਤੌਰ 'ਤੇ ਪੁਲਸ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ ਦਿਨ ਦੇ ਸਮੇਂ ਵੀ ਜੇਕਰ ਕਿਤੇ ਔਰਤਾਂ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰਨ ਤਾਂ ਉਨ੍ਹਾਂ ਦੀ ਮਦਦ ਲਈ ਪੁਲਸ ਭੇਜੀ ਜਾਵੇ। ਦਿਲਚਸਪ ਗੱਲ ਇਹ ਹੈ ਕਿ ਕਈ ਵਾਰ ਤਾਂ ਔਰਤਾਂ ਦੀ ਬਜਾਏ ਹੋਰਨਾਂ ਲੋਕਾਂ ਨੇ ਪੁਲਸ ਹੈਲਪ ਲਾਈਨ 'ਤੇ ਫੋਨ ਕਰ ਕੇ ਔਰਤਾਂ ਦੀ ਮਦਦ ਕਰਨ ਦੀ ਬੇਨਤੀ ਕੀਤੀ।