ਆਪਣੇ ਸਟੈਂਡ ’ਤੇ ਕਾਇਮ ਰਹੇ ਮੁੱਖ ਮੰਤਰੀ, ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਦਾ ਕੀਤਾ ਬਾਈਕਾਟ

Monday, May 29, 2023 - 12:03 PM (IST)

ਆਪਣੇ ਸਟੈਂਡ ’ਤੇ ਕਾਇਮ ਰਹੇ ਮੁੱਖ ਮੰਤਰੀ, ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਦਾ ਕੀਤਾ ਬਾਈਕਾਟ

ਜਲੰਧਰ (ਧਵਨ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਟੈਂਡ ’ਤੇ ਕਾਇਮ ਰਹਿੰਦੇ ਹੋਏ ਦਿੱਲੀ ’ਚ ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਦਾ ਬਾਈਕਾਟ ਕੀਤਾ। ਭਗਵੰਤ ਮਾਨ ਨੇ ਉਸ ਦਿਨ ਪਹਿਲਾਂ ਆਪਣੇ ਟਵੀਟ ’ਚ ਕਿਹਾ ਸੀ ਕਿ ਜਦੋਂ ਵੀ ਸੰਸਦ ਦਾ ਸੈਸ਼ਨ ਬੁਲਾਇਆ ਜਾਂਦਾ ਹੈ ਤਾਂ ਮਾਣਯੋਗ ਰਾਸ਼ਟਰਪਤੀ ਹਰ ਸੰਸਦ ਮੈਂਬਰ ਨੂੰ ਇਜਲਾਸ ’ਚ ਸ਼ਾਮਲ ਹੋਣ ਲਈ ਸੱਦਾ ਪੱਤਰ ਭੇਜਦੇ ਹਨ ਪਰ ਨਵੇਂ ਸੰਸਦ ਭਵਨ ਦੇ ਉਦਘਾਟਨ ਕਰਵਾਉਣ ਸਮੇਂ ਕੇਂਦਰ ਸਰਕਾਰ ਵੱਲੋਂ ਮਾਣਯੋਗ ਰਾਸ਼ਟਰਪਤੀ ਨੂੰ ਸੱਦਾ ਪੱਤਰ ਨਹੀਂ ਭੇਜਿਆ ਗਿਆ ਹੈ, ਜਿਸ ਕਾਰਨ ਉਹ ਇਸ ਸਮਾਰੋਹ ’ਚ ਸ਼ਾਮਲ ਨਹੀਂ ਹੋਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਕਿਹਾ ਸੀ ਕਿ ਜੇਕਰ ਮਾਣਯੋਗ ਰਾਸ਼ਟਰਪਤੀ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਦੇ ਤਾਂ ਉਹ ਇਸ ’ਚ ਜ਼ਰੂਰ ਸ਼ਾਮਲ ਹੁੰਦੇ ਪਰ ਉਹ ਉਨ੍ਹਾਂ ਦੀ ਗੈਰ-ਮੌਜੂਦਗੀ ’ਚ ਉਹ ਇਸ ਸਮਾਰੋਹ ’ਚ ਸ਼ਾਮਲ ਨਹੀਂ ਹੋ ਰਹੇ ਹਨ ਅਤੇ ਆਪਣੇ ਸਟੈਂਡ ’ਤੇ ਭਗਵੰਤ ਮਾਨ ਪੂਰੀ ਤਰ੍ਹਾਂ ਕਾਇਮ ਹਨ।  ਭਗਵੰਤ ਮਾਨ ਦਿੱਲੀ ਦੇ ਸਮਾਗਮ ਤੋਂ ਦੂਰ ਹੀ ਰਹੇ ਹਨ ਅਤੇ ਪੰਜਾਬ ’ਚ ਪਾਰਟੀ ਆਗੂਆਂ ਤੇ ਮੰਤਰੀਆਂ ਨਾਲ ਵਿਚਾਰ-ਵਟਾਂਦਰਾ ਕਰਦੇ ਰਹੇ ਅਤੇ ਭਗਵੰਤ ਮਾਨ ਨੇ ਕੱਲ ਦਿੱਲੀ ’ਚ ਨੀਤੀਆਂ ਦੀ ਬੈਠਕ ਦਾ ਬਾਈਕਾਟ ਕੀਤਾ ਸੀ ਅਤੇ ਅੱਜ ਉਨ੍ਹਾਂ ਨਵੇਂ ਸੰਸਦ ਭਵਨ ਦੇ ਸਮਾਗਮ ਦਾ ਬਾਈਕਾਟ ਕੀਤਾ, ਜਿਸ ਕਾਰਨ ਦੇਸ਼ ਦੀ ਸਿਆਸੀ ਸਥਿਤੀ ਕਾਫੀ ਗਰਮਾ ਗਈ ਹੈ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਅੰਦਰ ਬਗਾਵਤੀ ਮਾਹੌਲ, ਪਾਰਟੀ ਦੀ ਵਧੀ ਚਿੰਤਾ    

ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰ ਰਹੇ ਸਨ, ਜਿਸ ’ਚ ਉਹ ਕੇਂਦਰ ਸਰਕਾਰ ਵੱਲੋਂ ਦਿੱਲੀ ’ਚ ਸਰਕਾਰ ਤੋਂ ਅਧਿਕਾਰੀਆਂ ਦੀਆਂ ਨਿਯੁਕਤੀਆਂ ਅਤੇ ਤਬਾਦਲਿਆਂ ਦੇ ਅਧਿਕਾਰ ਵਾਪਸ ਲੈਣ ਦੇ ਮਾਮਲੇ ’ਚ ਜਾਰੀ ਕੀਤੇ ਗਏ ਆਰਡੀਨੈਂਸ ਦਾ ਵਿਰੋਧ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਮਮਤਾ ਬੈਨਰਜੀ ਸਮੇਤ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਗੈਰ-ਭਾਜਪਾ ਸ਼ਾਸਿਤ ਸੂਬਿਆਂ ਦੇ ਸਾਬਕਾ ਮੁੱਖ ਮੰਤਰੀਆਂ ਅਤੇ ਹੋਰ ਵਿਰੋਧੀ ਨੇਤਾਵਾਂ ਦਾ ਸਮਰਥਨ ਹਾਸਲ ਹੋਇਆ ਹੈ। ਮੁੱਖ ਮੰਤਰੀ ਦੇ ਨੇੜਲੇ ਆਗੂਆਂ ਨੇ ਦੱਸਿਆ ਕਿ ਭਗਵੰਤ ਮਾਨ ਅੱਜ ਦਿੱਲੀ ਤੋਂ ਪੰਜਾਬ ਪਰਤ ਰਹੇ ਹਨ ਅਤੇ ਕੱਲ ਤੋਂ ਉਹ ਚੰਡੀਗੜ੍ਹ ’ਚ ਸਰਕਾਰੀ ਮੀਟਿੰਗਾਂ ’ਚ ਸ਼ਾਮਲ ਹੋਣਗੇ। ਅਗਲੇ ਕੁਝ ਦਿਨਾਂ ਤੱਕ ਉਹ ਚੰਡੀਗੜ੍ਹ ’ਚ ਹੀ ਰੁਕਣਗੇ ਅਤੇ ਸਰਕਾਰੀ ਕੰਮਕਾਜ ਸੰਭਾਲਣਗੇ।

ਇਹ ਵੀ ਪੜ੍ਹੋ : ਬੱਚਿਆਂ ਨੂੰ ਗੋਦ ਲੈਣ ਦੀ ਪ੍ਰਕਿਰਿਆ ਹੋਵੇਗੀ ਆਸਾਨ, ਜ਼ਿਲ੍ਹਾ ਮਜਿਸਟ੍ਰੇਟ ਨੂੰ ਹੁਕਮ ਜਾਰੀ ਕਰਨ ਦੀਆਂ ਮਿਲੀਆਂ ਸ਼ਕਤੀਆਂ     

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Anuradha

Content Editor

Related News