ਲੋਕ ਮਰ ਰਹੇ ਹਨ, ਕੈਪਟਨ ਦਾ ਸ਼ਾਹੀ ਅੰਦਾਜ਼, ਰਾਤ ਗੁਜ਼ਰਨ ਦਾ ਕਰ ਰਹੇ ਨੇ ਇੰਤਜ਼ਾਰ
Friday, Oct 19, 2018 - 09:32 PM (IST)

ਅੰਮ੍ਰਿਤਸਰ (ਬਿਊਰੋ)- ਅੰਮ੍ਰਿਤਸਰ ਵਿਚ ਵਾਪਰੇ ਦਰਦਨਾਕ ਹਾਦਸੇ ਦੇ ਸ਼ਿਕਾਰ ਲੋਕਾਂ ਨੂੰ ਦਿੱਤੀ ਜਾ ਰਹੀ ਰਾਹਤ ਦੇ ਕੰਮਾਂ ਦਾ ਜਾਇਜ਼ਾ ਲੈਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਨੀਵਾਰ ਸਵੇਰੇ ਅੰਮ੍ਰਿਤਸਰ ਜਾਣਗੇ, ਜਦੋਂ ਕਿ ਰੇਲ ਰਾਜ ਮੰਤਰੀ ਮਨੋਜ ਸਿਨ੍ਹਾ ਤੁਰੰਤ ਘਟਨਾ ਸਥਾਨ 'ਤੇ ਪਹੁੰਚ ਰਹੇ ਹਨ। ਅਜਿਹੇ ਵਿਚ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੰਸਦ ਵਿਚ ਪਹੁੰਚਾਉਣ ਵਾਲੇ ਅੰਮ੍ਰਿਤਸਰ ਦੇ ਦਰਜਨਾਂ ਲੋਕਾਂ ਦੀ ਮੌਤ ਤੋਂ ਬਾਅਦ ਰਾਤ ਨੂੰ ਨੀਂਦ ਕਿਵੇਂ ਆਵੇਗੀ।
ਕੈਪਟਨ ਅਮਰਿੰਦਰ ਸਿੰਘ ਹਾਦਸੇ ਵਾਲੀ ਜਗ੍ਹਾ 'ਤੇ ਜਾਣ ਲਈ ਸਵੇਰ ਦਾ ਇੰਤਜ਼ਾਰ ਕਿਉਂ ਕਰ ਰਹੇ ਹਨ। ਤੁਰੰਤ ਮੌਕੇ 'ਤੇ ਜਾ ਕੇ ਰਾਹਤ ਕਾਰਜਾਂ ਦਾ ਜਾਇਜ਼ਾ ਲੈ ਕੇ ਮੌਕੇ ਦੇ ਅਫਸਰਾਂ ਨੂੰ ਤੁਰੰਤ ਹੁਕਮ ਕਿਉਂ ਨਹੀਂ ਜਾਰੀ ਹੋ ਰਹੇ। ਘਟਨਾ ਤੋਂ ਬਾਅਦ ਅੰਮ੍ਰਿਤਸਰ ਦੇ ਲੋਕਾਂ ਵਿਚ ਪ੍ਰਸ਼ਾਸਨ ਦੇ ਮਾੜੇ ਪ੍ਰਬੰਧਾਂ ਅਤੇ ਦਸਹਿਰਾ ਸਮਾਗਮ ਵਿਚ ਮੌਜੂਦ ਕਾਂਗਰਸੀ ਆਗੂਆਂ ਖਿਲਾਫ ਭਾਰੀ ਗੁੱਸਾ ਹੈ। ਇਸ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਹ ਦੇਰੀ ਸਮਝ ਤੋਂ ਪਰੇ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਤੋਂ ਹੀ ਲੋਕ ਸਭਾ ਦੀ ਚੋਣ ਲੜੀ ਸੀ ਅਤੇ ਲੋਕਾਂ ਨੇ ਇਸ ਚੋਣ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਅਰੁਣ ਜੇਤਲੀ ਦੇ ਮੁਕਾਬਲੇ 1 ਲੱਖ ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਜਿਤਾ ਕੇ ਸੰਸਦ ਵਿਚ ਭੇਜਿਆ ਸੀ। ਅੱਜ ਜਦੋਂ ਸ਼ਹਿਰ ਦੇ ਲੋਕਾਂ 'ਤੇ ਸੰਕਟ ਆਇਆ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਰਾਤ ਗੁਜ਼ਰਨ ਦਾ ਇੰਤਜ਼ਾਰ ਕਰ ਰਹੇ ਹਨ।