ਵੇਰਕਾ ਜੰਕਸ਼ਨ ''ਤੇ ''ਸ਼ਾਰਟ ਟਰਮੀਨੇਸ਼ਨ'' ਨੇ ਵਧਾਈਆਂ ਮੁਸਾਫਰਾਂ ਦੀਆਂ ਮੁਸ਼ਕਲਾਂ, ਸ਼ਰਧਾਲੂ ਤੇ ਵਿਦਿਆਰਥੀ ਹੋ ਰਹੇ ਪ੍ਰੇਸ਼ਾਨ

Sunday, Apr 19, 2026 - 07:27 AM (IST)

ਵੇਰਕਾ ਜੰਕਸ਼ਨ ''ਤੇ ''ਸ਼ਾਰਟ ਟਰਮੀਨੇਸ਼ਨ'' ਨੇ ਵਧਾਈਆਂ ਮੁਸਾਫਰਾਂ ਦੀਆਂ ਮੁਸ਼ਕਲਾਂ, ਸ਼ਰਧਾਲੂ ਤੇ ਵਿਦਿਆਰਥੀ ਹੋ ਰਹੇ ਪ੍ਰੇਸ਼ਾਨ

ਗੁਰਦਾਸਪੁਰ (ਹਰਮਨ) : ਅੰਮ੍ਰਿਤਸਰ–ਡੇਰਾ ਬਾਬਾ ਨਾਨਕ ਰੂਟ ’ਤੇ ਚੱਲ ਰਹੀਆਂ ਯਾਤਰੀ ਰੇਲ ਗੱਡੀਆਂ ਦੇ ਵੇਰਕਾ ਜੰਕਸ਼ਨ ਤੱਕ ਕੀਤੇ ਗਏ ਸ਼ਾਰਟ ਟਰਮੀਨੇਸ਼ਨ ਨੂੰ ਖ਼ਤਮ ਕਰਨ ਦੀ ਮੰਗ ਜ਼ੋਰ ਫੜਨ ਲੱਗੀ ਹੈ। ਸਿਟੀ ਵੈੱਲਫੇਅਰ ਕਲੱਬ ਡੇਰਾ ਬਾਬਾ ਨਾਨਕ ਦੇ ਪ੍ਰਧਾਨ ਰਾਜੇਸ਼ ਹਾਂਡਾ ਅਤੇ ਅੰਮ੍ਰਿਤਸਰ–ਡੇਰਾ ਬਾਬਾ ਨਾਨਕ ਰੇਲਵੇ ਯਾਤਰੀ ਯੂਨੀਅਨ ਦੇ ਪ੍ਰਧਾਨ ਵਿਕਰਮਜੀਤ ਸਿੰਘ ਝੰਗੀ ਨੇ ਦੱਸਿਆ ਕਿ ਫਰਵਰੀ 2015 ਤੋਂ ਬਿਨਾਂ ਕਿਸੇ ਢੁਕਵੇਂ ਕਾਰਨ ਦੇ ਕਈ ਰੇਲਗੱਡੀਆਂ ਨੂੰ ਵੇਰਕਾ ਜੰਕਸ਼ਨ ਤੱਕ ਹੀ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਕਾਰਨ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲਾ ਦੇ ਹਜ਼ਾਰਾਂ ਯਾਤਰੀ ਪਿਛਲੇ ਲਗਭਗ 11 ਸਾਲਾਂ ਤੋਂ ਭਾਰੀ ਪ੍ਰੇਸ਼ਾਨੀ ਝੇਲ ਰਹੇ ਹਨ। ਖ਼ਾਸ ਕਰਕੇ ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਨੂੰ ਸਮਾਨ ਸਮੇਤ ਰੇਲ ਬਦਲਣ ਦੌਰਾਨ ਕਾਫ਼ੀ ਦਿੱਕਤਾਂ ਆਉਂਦੀਆਂ ਹਨ। ਯਾਤਰੀਆਂ ਨੂੰ ਵਾਧੂ ਖ਼ਰਚ ਅਤੇ ਸਮੇਂ ਦੀ ਬਰਬਾਦੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਲੁੱਟ, ਸ਼ਰਾਬ ਠੇਕੇਦਾਰ ਦੇ ਕਰਿੰਦੇ ਕੋਲੋਂ ਨਕਦੀ ਨਾਲ ਭਰਿਆ ਬੈਗ ਖੋਹ ਕੇ 3 ਨਕਾਬਪੋਸ਼ ਫਰਾਰ

ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਪਲੇਟਫਾਰਮ ਖਾਲੀ ਹੋਣ ਦੇ ਬਾਵਜੂਦ ਰੇਲਾਂ ਨੂੰ ਅੱਗੇ ਨਹੀਂ ਲਿਜਾਇਆ ਜਾ ਰਿਹਾ, ਜਦਕਿ ਵੇਰਕਾ ਤੋਂ ਅੰਮ੍ਰਿਤਸਰ ਸੈਕਸ਼ਨ ’ਤੇ ਕੋਈ ਕੰਮ ਵੀ ਨਹੀਂ ਚੱਲ ਰਿਹਾ। ਆਗੂਆਂ ਨੇ ਦੱਸਿਆ ਕਿ ਇਸ ਕਾਰਨ ਵਿਦਿਆਰਥੀਆਂ, ਨੌਕਰੀਪੇਸ਼ਾ ਲੋਕਾਂ ਅਤੇ ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਅਸੁਵਿਧਾ ਹੋ ਰਹੀ ਹੈ। ਇਸ ਮਸਲੇ ਸਬੰਧੀ ਡਿਵਿਜ਼ਨਲ ਰੇਲਵੇ ਮੈਨੇਜਰ, ਰੇਲ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਕਈ ਵਾਰ ਲਿਖਤੀ ਅਪੀਲ ਕੀਤੀ ਗਈ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਯਾਤਰੀਆਂ ਨੂੰ ਰਾਹਤ ਦੇਣ ਲਈ ਇਹ ਸ਼ਾਰਟ ਟਰਮੀਨੇਸ਼ਨ ਤੁਰੰਤ ਖ਼ਤਮ ਕੀਤਾ ਜਾਵੇ। ਇਸ ਸਬੰਧੀ ਪੱਤਰ ਦੀਆਂ ਕਾਪੀਆਂ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੂੰ ਵੀ ਭੇਜੀਆਂ ਗਈਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News