ਬਰਨਾਲਾ ''ਚ ਵਾਪਰਿਆ ਵੱਡਾ ਹਾਦਸਾ: ਕਣਕ ਦੀ ਕਟਾਈ ਕਰ ਰਹੇ ਕਿਸਾਨ ਨੂੰ ਲੱਗਾ ਕਰੰਟ, ਦਰਦਨਾਕ ਮੌਤ
Monday, Apr 13, 2026 - 07:54 PM (IST)
ਬਰਨਾਲਾ, (ਪੁਨੀਤ) : ਪੰਜਾਬ ਵਿੱਚ ਕਣਕ ਦੀ ਕਟਾਈ ਦਾ ਸੀਜ਼ਨ ਜਿੱਥੇ ਕਿਸਾਨਾਂ ਲਈ ਖੁਸ਼ੀਆਂ ਲੈ ਕੇ ਆਉਂਦਾ ਹੈ, ਉੱਥੇ ਹੀ ਜ਼ਿਲ੍ਹਾ ਬਰਨਾਲਾ ਦੇ ਪਿੰਡ ਬਿਧਾਤਾ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਖੇਤ ਵਿੱਚ ਕਣਕ ਦੀ ਕਟਾਈ ਕਰ ਰਹੇ 38 ਸਾਲਾ ਕਿਸਾਨ ਜਸਵਿੰਦਰ ਸਿੰਘ ਦੀ 11 ਹਜ਼ਾਰ ਵੋਲਟ ਦੀਆਂ ਲਮਕਦੀਆਂ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ।
ਬਿਜਲੀ ਵਿਭਾਗ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ
ਪ੍ਰਾਪਤ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਆਪਣੀ ਕੰਬਾਈਨ ਨਾਲ ਖੇਤ ਵਿੱਚ ਕਣਕ ਵੱਢ ਰਿਹਾ ਸੀ ਕਿ ਅਚਾਨਕ ਮਸ਼ੀਨ ਖੇਤ ਵਿੱਚੋਂ ਲੰਘਦੀਆਂ ਨੀਵੀਆਂ ਤਾਰਾਂ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਰੰਟ ਪੂਰੀ ਮਸ਼ੀਨ ਵਿੱਚ ਫੈਲ ਗਿਆ, ਜਿਸ ਨਾਲ ਕੰਬਾਈਨ ਦੇ ਟਾਇਰ ਤੱਕ ਪਾੜ ਗਏ। ਪਿੰਡ ਵਾਸੀਆਂ ਅਤੇ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਇਹ ਹਾਦਸਾ ਬਿਜਲੀ ਵਿਭਾਗ ਦੀ ਘੋਰ ਲਾਪਰਵਾਹੀ ਕਾਰਨ ਵਾਪਰਿਆ ਹੈ ਕਿਉਂਕਿ ਵਿਭਾਗ ਨੂੰ ਕਈ ਵਾਰ ਇਨ੍ਹਾਂ ਲਮਕਦੀਆਂ ਤਾਰਾਂ ਨੂੰ ਉੱਚਾ ਕਰਨ ਲਈ ਬੇਨਤੀ ਕੀਤੀ ਗਈ ਸੀ, ਪਰ ਕੋਈ ਸੁਣਵਾਈ ਨਹੀਂ ਹੋਈ।
ਪਰਿਵਾਰ ਦਾ ਇਕਲੌਤਾ ਕਮਾਊ ਜੀਅ ਸੀ ਜਸਵਿੰਦਰ
ਮ੍ਰਿਤਕ ਜਸਵਿੰਦਰ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਸਹਾਰਾ ਸੀ। ਉਹ ਮਹਿਜ਼ 6 ਏਕੜ ਜ਼ਮੀਨ 'ਤੇ ਖੇਤੀ ਕਰਕੇ ਆਪਣੇ ਮਾਪਿਆਂ, ਪਤਨੀ ਤੇ 14 ਸਾਲ ਦੇ ਇਕਲੌਤੇ ਪੁੱਤਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਅਤੇ ਕਿਸਾਨ ਜਥੇਬੰਦੀਆਂ ਸਮੇਤ ਪੰਚਾਇਤ ਨੇ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।
ਪੁਲਸ ਵੱਲੋਂ ਮਾਮਲਾ ਦਰਜ
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਟੱਲੇਵਾਲ ਦੀ ਪੁਲਸ ਮੌਕੇ 'ਤੇ ਪਹੁੰਚੀ। ਏ.ਐੱਸ.ਆਈ. ਭਜਨ ਲਾਲ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ 194 ਬੀ.ਐੱਨ.ਐੱਸ. (BNS) ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
