ਪੌਲੀਕਲੀਨਿਕ ਲੈਬ ਅਤੇ ਸੀਮਨ ਭੰਡਾਰਨ ਵਾਲੀ ਇਮਾਰਤ ਦੀ ਕੀਤੀ ਜਾਂਚ

06/24/2018 7:56:05 AM

ਬਰਨਾਲਾ  (ਵਿਵੇਕ ਸਿੰਧਵਾਨੀ,ਰਵੀ) – ਤੰਦਰੁਸਤ ਅਤੇ ਚੰਗੀ ਨਸਲ  ਦੇ ਦੁਧਾਰੂ ਪਸ਼ੂ ਹੀ ਗੁਣਵੱਤਾ ਵਾਲਾ ਦੁੱਧ ਦੇ ਸਕਦੇ ਹਨ ਅਤੇ ਇਸ ਲਈ ਦੁਧਾਰੂ ਪਸ਼ੂਆਂ ਦੀ ਸੰਭਾਲ ਅਤੇ ਇਲਾਜ ਸਹੀ ਤਰੀਕੇ ਨਾਲ ਕਰਨਾ ਬਹੁਤ ਜ਼ਰੂਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਧਰਮ ਪਾਲ ਗੁਪਤਾ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ‘ਤੰਦਰੁਸਤ ਪੰਜਾਬ’ ਅਧੀਨ ਸਿਵਲ ਪਸ਼ੂ ਹਸਪਤਾਲ ਬਰਨਾਲਾ ਦਾ  ਦੌਰਾ ਕਰਨ ਸਮੇਂ ਕੀਤਾ। ਡਿਪਟੀ ਕਮਿਸ਼ਨਰ ਵੱਲੋਂ ਇਸ ਮੌਕੇ ਹਸਪਤਾਲ ’ਚ ਮੌਜੂਦ ਪੌਲੀਕਲੀਨਿਕ ਲੈਬ ਅਤੇ ਸੀਮਨ ਭੰਡਾਰਨ ਵਾਲੀ ਇਮਾਰਤ ਦੀ ਵੀ ਵਿਸ਼ੇਸ਼ ਤੌਰ ’ਤੇ ਜਾਂਚ ਕੀਤੀ ਗਈ।  ਡਿਪਟੀ ਕਮਿਸ਼ਨਰ ਨੇ ਪਸ਼ੂ ਹਸਪਤਾਲ ’ਚ ਤਾਇਨਾਤ ਅਧਿਕਾਰੀਆਂ ਅਤੇ ਸਟਾਫ਼ ਨੂੰ ਹਦਾਇਤ ਕੀਤੀ ਕਿ ਜ਼ਿਲਾ ਵਾਸੀਆਂ ਦੀਆਂ ਪਸ਼ੂਆਂ ਸਬੰਧੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ ਅਤੇ ਪਸ਼ੂਆਂ ਦੀ ਸਿਹਤ ਤੇ ਨਸਲ ਸੁਧਾਰਨ ਲਈ ਉਪਰਾਲੇ ਹੋਰ ਤੇਜ਼ ਕੀਤੇ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ’ਚ ਕਿਸਾਨਾਂ ਦੀ ਆਮਦਨ ਵਧਾਉਣ ਲਈ ਉਨ੍ਹਾਂ ਨੂੰ ਪਸ਼ੂ ਪਾਲਣ ਵਰਗੇ ਸਹਾਇਕ ਕਿੱਤਿਆਂ  ਪ੍ਰਤੀ ਉਤਸ਼ਾਹਤ ਕਰਨ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਗਏ ਹਨ।  ਜ਼ਿਲਾ ਵਾਸੀ ਵੀ ਆਪਣੇ ਪਸ਼ੂਆਂ ਦਾ ਇਲਾਜ ਸਰਕਾਰੀ ਪਸ਼ੂ ਹਸਪਤਾਲਾਂ ਤੋਂ ਹੀ ਕਰਵਾਉਣ।  ਇਸ ਮੌਕੇ ਸੀਨੀਅਰ ਵੈਟਰਨਰੀ ਅਫ਼ਸਰ ਰਾਜਿੰਦਰ ਕਾਂਸਲ ਨੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀਆਂ ਛੂਤ-ਛਾਤ ਦੀਆਂ ਬੀਮਾਰੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਬੀਮਾਰੀਆਂ ਤੋਂ ਬਚਾਅ ਲਈ ਗਲਘੋਟੂ, ਮੂੰਹ ਖੁਰ, ਬਰੂਸਿਲੋਸਿਸ, ਬਲੈਕ ਕੁਆਟਰ, ਥੀਲੇਰਿਅੈਸਿਸ ਵਰਗੀਆਂ ਬੀਮਾਰੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਨਰਿੰਦਰ ਕੁਮਾਰ, ਡਾ. ਕਮਲਜੀਤ ਜੋਸ਼ੀ ਅਤੇ ਇੰਸਪੈਕਟਰ ਲਵਲੀ ਬਾਂਸਲ ਵੀ ਹਾਜ਼ਰ ਸਨ।


Related News