25 ਲੱਖ ਖ਼ਰਚ ਕੇ ਕੈਨੇਡਾ ਭੇਜੀ ਪਤਨੀ ਨੇ ਦਿੱਤਾ ਧੋਖਾ, ਸਾਹਮਣੇ ਆਈ ਸੱਚਾਈ ਨੂੰ ਜਾਣ ਪਰਿਵਾਰ ਦੇ ਉੱਡੇ ਹੋਸ਼

Monday, May 30, 2022 - 06:13 PM (IST)

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)- ਸਟੱਡੀ ਵੀਜ਼ੇ ’ਤੇ ਕੈਨੇਡਾ ਜਾ ਕੇ ਨੌਜਵਾਨ ਨੂੰ ਵਿਦੇਸ਼ ਬੁਲਾਉਣ ਦਾ ਝਾਂਸਾ ਦੇ ਕੇ 25 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ’ਚ ਪੁਲਸ ਨੇ ਪਤਨੀ, ਸੱਸ ਅਤੇ ਸਹੁਰਾ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਸਾਹਿਬ ਬੇਦੀ ਪੁੱਤਰ ਦੀਪਕ ਕੁਮਾਰ ਵਾਸੀ ਅੰਮ੍ਰਿਤਸਰ ਹਾਲ ਵਾਸੀ ਨਵਾਂਸ਼ਹਿਰ ਨੇ ਦੱਸਿਆ ਕਿ ਉਹ 12ਵੀਂ ਜਮਾਤ ਤਕ ਸਿੱਖਿਅਤ ਹੈ ਅਤੇ ਸੀ. ਸੀ. ਟੀ. ਵੀ. ਸਕਿਓਰਿਟੀ ਸਿਸਟਮ ਦਾ ਕੰਮ ਕਰਦਾ ਹੈ। 2014 ਤੋਂ ਉਹ ਨਵਾਂਸ਼ਹਿਰ ਸਥਿਤ ਆਪਣੀ ਭੂਆ ਦੇ ਲੜਕੇ ਕਰਨ ਲੜੋਈਆ ਦੇ ਘਰ ਰਹਿ ਰਿਹਾ ਹੈ।

ਭੂਆ ਦਾ ਇਕ ਹੋਰ ਲੜਕਾ ਤਰਨ ਲੜੋਈਆ ਪਰਿਵਾਰ ਸਮੇਤ ਕੈਨੇਡਾ ਵਿਖੇ ਰਹਿੰਦਾ ਹੈ। ਉਸ ਨੇ ਦੱਸਿਆ ਕਿ 2016 ਵਿਚ ਉਸ ਦੇ ਭਰਾ ਤਰਨ ਅਤੇ ਉਸ ਦੀ ਭਾਬੀ ਲਵਪ੍ਰੀਤ ਢਿੱਲ੍ਹੋਂ ਨੇ ਆਪਣੇ ਮਾਸੜ ਦੀ ਕੁੜੀ ਅਮਨਦੀਪ ਕੌਰ ਨਾਲ ਉਸ ਦੀ ਜਾਣ-ਪਛਾਣ ਕਰਵਾਈ ਸੀ। ਉਪਰੰਤ ਉਸ ਦੀ ਫੋਨ ’ਤੇ ਗੱਲਬਾਤ ਸ਼ੁਰੂ ਹੋ ਗਈ, ਜੋ ਵਿਦੇਸ਼ ਜਾਣਾ ਚਾਹੁੰਦੀ ਸੀ। ਉਸ ਨੇ ਦੱਸਿਆ ਕਿ ਅਮਨਦੀਪ ਕੌਰ ਦੇ ਮਾਪੇ ਉਸ ਦਾ ਵਿਆਹ ਉਸ ਨਾਲ ਕਰਨ ਲਈ ਤਿਆਰ ਹੋ ਗਏ। ਆਪਣੇ ਸੱਸ-ਸਹੁਰੇ ਦੇ ਕਹਿਣ ’ਤੇ ਉਸ ਨੇ ਅਮਨਦੀਪ ਕੌਰ ਨੂੰ ਵਿਦੇਸ਼ ’ਚ ਪੜ੍ਹਾਈ ਕਰਨ ਦਾ ਪੂਰਾ ਖਰਚ ਕਰਨ ਦੀ ਸਹਿਮਤੀ ਭਰ ਦਿੱਤੀ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਵਿਖੇ ਸਰਕਾਰੀ ਸਕੂਲ ਦੀ ਬਾਸਕਟਬਾਲ ਗਰਾਊਂਡ 'ਚ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

ਉਸ ਨੇ ਦੱਸਿਆ ਕਿ ਉਸ ਦੇ ਭਰਾ ਦੇ ਅਮਨਦੀਪ ਕੌਰ ਦੀ ਕੈਨੇਡਾ ਦੇ ਇਕ ਕਾਲਜ ’ਚ ਕਰੀਬ 3.60 ਲੱਖ ਰੁਪਏ ਦੀ ਫ਼ੀਸ ਭਰ ਦਿੱਤੀ ਅਤੇ ਢਾਈ ਲੱਖ ਰੁਪਏ ਹੋਰ ਇਕ ਬੈਂਕ ਖ਼ਾਤੇ ’ਚ ਵੀ ਪਾਏ ਸਨ। ਉਸ ਨੇ ਦੱਸਿਆ ਕਿ ਜੁਲਾਈ, 2018 ਨੂੰ ਉਸ ਦੀ ਅਮਨਦੀਪ ਕੌਰ ਦੇ ਨਾਲ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਇਕ ਮਹੀਨਾ ਉਹ ਇਕੱਠੇ ਰਹੇ ਅਤੇ ਉਪਰੰਤ ਉਸ ਦੀ ਪਤਨੀ ਕੈਨੇਡਾ ਚਲੀ ਗਈ, ਜਿੱਥੇ ਉਹ ਉਸਦੇ ਭਰਾ ਦੇ ਘਰ ਵਿਖੇ ਜਾ ਕੇ ਰਹੀ। ਉਸ ਨੇ ਦੱਸਿਆ ਕਿ ਉਸ ਦੇ ਭਰਾ ਨੇ ਉਸ ਦੀ ਪਤਨੀ ਦੇ ਸਾਰੇ ਸਮੈਸਟਰ ਦੀ ਫੀਸ ਅਦਾ ਕੀਤੀ ਅਤੇ ਉਸ ਵੱਲੋਂ ਵੀ ਉਸ ਨੂੰ ਖ਼ਰਚੇ ਲਈ ਰਕਮ ਭੇਜੀ ਗਈ। ਉਸ ਨੇ ਦੱਸਿਆ ਕਿ ਇਸ ਦੌਰਾਨ ਉਸਦੀ ਪਤਨੀ ਇਕ ਵਾਰ ਇੰਡੀਆ ਆਈ ਅਤੇ ਉਹ ਘੁੰਮਣ ਲਈ ਡਲਹੌਜ਼ੀ, ਮਨਾਲੀ ਅਤੇ ਧਰਮਸ਼ਾਲਾ ਗਏ। ਉਪਰੰਤ ਉਸਦੀ ਪਤਨੀ ਵਿਦੇਸ਼ ਚਲੀ ਗਈ।

ਉਸ ਨੇ ਦੱਸਿਆ ਕਿ ਕੋਰਸ ਪੂਰਾ ਹੋਣ ’ਤੇ ਉਸ ਦੀ ਪਤਨੀ ਨੇ ਉਸ ਨਾਲ ਬਿਜ਼ਨੈੱਸ ਸ਼ੁਰੂ ਕਰਨ ਲਈ 25 ਲੱਖ ਰੁਪਏ ਦੀ ਮੰਗ ਕੀਤੀ। ਉਸਨੇ ਦੱਸਿਆ ਕਿ ਉਸਨੇ ਇੰਨੀ ਵੱਡੀ ਰਕਮ ਦੇਣ ’ਚ ਅਸਮਰਥਤਾ ਜ਼ਾਹਰ ਕੀਤੀ ਤਾਂ ਉਸਨੇ ਪਤਨੀ ਨੇ ਉਸ ਨਾਲ ਲਡ਼ਾਈ ਸ਼ੁਰੂ ਕਰ ਦਿੱਤੀ ਅਤੇ ਉਸਦਾ ਮੋਬਾਇਲ ਨੰਬਰ ਵੀ ਬਲਾਕ ਕਰ ਦਿੱਤਾ। ਉਸਨੇ ਦੱਸਿਆ ਕਿ ਇਸ ਸਬੰਧੀ ਪੂਰੀ ਜਾਣਕਾਰੀ ਆਪਣੇ ਸੱਸ-ਸਹੁਰਾ ਨੂੰ ਦੇਣ ਦੇ ਬਾਵਜੂਦ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ। ਉਸ ਨੇ ਦੱਸਿਆ ਕਿ ਉਸਦੀ ਪਤਨੀ, ਉਸ ਦੇ ਭਰਾ ਦਾ ਘਰ ਛੱਡ ਕੇ ਇਕ ਕੁੜੀ ਦੇ ਨਾਲ ਚਲੀ ਗਈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਉਸ ਨੇ ਦੱਸਿਆ ਕਿ ਉਸਦੀ ਪਤਨੀ, ਸੱਸ ਅਤੇ ਸਹੁਰਾ ਦੇ ਇਕ ਸਾਜ਼ਿਸ਼ ਤਹਿਤ ਉਸ ਨਾਲ ਵਿਆਹ ਕਰਕੇ ਵਿਦੇਸ਼ ਵਿਚ ਖ਼ਰਚਾ ਕਰਵਾ ਕੇ ਉਸ ਨੂੰ ਬੁਲਾਉਣ ਤੋਂ ਮਨਾ ਕਰ ਦਿੱਤਾ ਹੈ।

ਉਸ ਨੇ ਉਕਤ ਲੋਕਾਂ ਖ਼ਿਲਾਫ਼ ਕਾਨੂੰਨ ਦੇ ਤਹਿਤ ਬਣਦੀ ਕਾਰਵਾਈ ਕਰਕੇ ਉਸ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਵੱਲੋਂ ਕਰਨ ਉਪਰੰਤ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ ’ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਅਮਨਦੀਪ ਕੌਰ ਪੁੱਤਰੀ ਇਕਬਾਲ ਸਿੰਘ, ਇਕਬਾਲ ਸਿੰਘ ਪੁੱਤਰ ਹਰਨੇਕ ਸਿੰਘ ਅਤੇ ਹਰਜਿੰਦਰ ਕੌਰ ਪਤਨੀ ਇਕਬਾਲ ਸਿੰਘ ਦੇ ਖ਼ਿਲਾਫ਼ ਧਾਰਾ 420, 120-ਬੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਮੂਸੇਵਾਲਾ ਦੇ ਕਤਲ 'ਤੇ ਭੜਕੇ ਸੁਖਪਾਲ ਖਹਿਰਾ, ਕਿਹਾ-ਗ਼ਲਤੀ ਸਵੀਕਾਰ ਕਰ CM ਮਾਨ ਦੇਣ ਅਸਤੀਫ਼ਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News