ਮੰਤਰੀ ਮੰਡਲ ਦੇ ਪਹਿਲੇ ਵਿਸਥਾਰ ’ਚ ਚੰਨੀ ਨੇ ਬਦਲੀ ਕਈ ਮੰਤਰੀਆਂ ਦੀ ਸੀਨਿਓਰਿਟੀ
Monday, Sep 27, 2021 - 01:25 PM (IST)
ਚੰਡੀਗੜ੍ਹ (ਹਰੀਸ਼ਚੰਦਰ) : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਮੰਤਰੀ ਮੰਡਲ ਦੇ ਪਹਿਲੇ ਵਿਸਥਾਰ ਦੇ ਨਾਲ ਹੀ ਕਈ ਸਾਬਕਾ ਮੰਤਰੀਆਂ ਦੀ ਸੀਨਿਓਰਿਟੀ ਨੂੰ ਉਲਟ-ਪਲਟ ਕੇ ਰੱਖ ਦਿੱਤਾ। ਇਸ ਤੋਂ ਪਹਿਲਾਂ ਲੰਘੇ ਐਤਵਾਰ ਜਦੋਂ ਚੰਨੀ ਦੇ ਨਾਲ ਸੁਖਜਿੰਦਰ ਰੰਧਾਵਾ ਅਤੇ ਓ. ਪੀ. ਸੋਨੀ ਨੇ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਲਈ ਸੀ , ਉਸ ਦਿਨ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਸ਼ਾਮਲ ਰਹੇ ਇਨ੍ਹਾਂ ਤਿੰਨਾਂ ਮੰਤਰੀਆਂ ਦੀ ਸੀਨਿਓਰਿਟੀ ਅਚਾਨਕ ਬਦਲ ਗਈ ਸੀ। ਚੰਨੀ ਅਮਰਿੰਦਰ ਸਰਕਾਰ ਵਿਚ 6ਵੇਂ ਨੰਬਰ ’ਤੇ ਸਨ ਅਤੇ ਹੁਣ ਸਰਕਾਰ ’ਚ ਨੰਬਰ ਇਕ ’ਤੇ ਹਨ। ਕੈਪਟਨ ਸਰਕਾਰ ਵਿਚ ਰੰਧਾਵਾ 11ਵੇਂ ਅਤੇ ਸੋਨੀ 9ਵੇਂ ਨੰਬਰ ’ਤੇ ਸਨ ਪਰ ਮੌਜੂਦਾ ਸਰਕਾਰ ਵਿਚ ਕ੍ਰਮਵਾਰ ਨੰਬਰ 2 ਅਤੇ 3 ਦੀ ਪੁਜੀਸ਼ਨ ’ਤੇ ਪਹੁੰਚ ਗਏ ਹਨ। ਅਮਰਿੰਦਰ ਸਰਕਾਰ ਵਿਚ ਬ੍ਰਹਮ ਮਹਿੰਦਰਾ ਨੰਬਰ 2 ’ਤੇ ਸਨ, ਹੁਣ 4 ’ਤੇ ਹਨ, ਜਦਕਿ ਮਨਪ੍ਰੀਤ ਬਾਦਲ ਤੀਸਰੇ ਤੋਂ 5ਵੇਂ ਨੰਬਰ ’ਤੇ ਪਹੁੰਚ ਗਏ ਹਨ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਹੁਣ 5ਵੇਂ ਤੋਂ 6ਵੇਂ ਨੰਬਰ ’ਤੇ ਆ ਗਏ ਹਨ। ਮੁੱਖ ਮੰਤਰੀ ਦੀ ਨਜ਼ਦੀਕੀ ਰਿਸ਼ਤੇਦਾਰ ਅਰੁਣਾ ਚੌਧਰੀ ਹੁਣ ਵੀ ਆਪਣਾ 7ਵਾਂ ਰੈਂਕ ਬਰਕਰਾਰ ਰੱਖਣ ਵਿਚ ਕਾਮਯਾਬ ਰਹੀ ਹੈ, ਜਦਕਿ ਰਜ਼ੀਆ ਸੁਲਤਾਨਾ ਅਮਰਿੰਦਰ ਸਰਕਾਰ ’ਚ 8ਵੇਂ ਨੰਬਰ ’ਤੇ ਸੀ ਪਰ ਹੁਣ ਮੰਤਰੀ ਮੰਡਲ ਵਿਚ ਉਨ੍ਹਾਂ ਦਾ ਨੰਬਰ 10 ਹੋ ਗਿਆ ਹੈ। ਉਨ੍ਹਾਂ ਦੇ ਪਤੀ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮੁੱਖ ਰਣਨੀਤਕ ਸਲਾਹਕਾਰ ਹਨ ਪਰ ਫਿਰ ਵੀ ਰਜ਼ੀਆ ਦੀ ਸੀਨਿਓਰਿਟੀ ਕਾਇਮ ਨਹੀਂ ਰੱਖ ਸਕੇ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੇ ਕੀਤੀ ‘ਦਲਿਤ’ ਸ਼ਬਦ ਦੀ ਵਰਤੋਂ, ਉੱਠੇ ਸਵਾਲ
ਖਾਸ ਗੱਲ ਇਹ ਹੈ ਕਿ ਮਾਝਾ ਬ੍ਰਿਗੇਡ ਦੇ ਤੀਸਰੇ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵੀ ਹੁਣ 8ਵੇਂ ਨੰਬਰ ’ਤੇ ਆ ਗਏ ਹਨ, ਜੋ ਅਮਰਿੰਦਰ ਦੀ ਸਰਕਾਰ ਵਿਚ 13ਵੇਂ ਨੰਬਰ ’ਤੇ ਸਨ। ਮੰਤਰੀਆਂ ਦੀ ਸੀਨਿਓਰਿਟੀ ਸੂਚੀ ਵਿਚ ਵਿਜੇਇੰਦਰ ਸਿੰਗਲਾ 15ਵੇਂ ਤੋਂ 11ਵੇਂ ਅਤੇ ਭਾਰਤ ਭੂਸ਼ਣ ਆਸ਼ੂ 17ਵੇਂ ਤੋਂ 12ਵੇਂ ਨੰਬਰ ’ਤੇ ਪਹੁੰਚ ਗਏ ਹਨ। ਖਾਸ ਗੱਲ ਇਹ ਰਹੀ ਕਿ ਰੇਤ ਮਾਈਨਿੰਗ ਦੇ ਦੋਸ਼ਾਂ ਕਾਰਨ ਮੰਤਰੀ ਅਹੁਦਾ ਗਵਾਉਣ ਵਾਲੇ ਰਾਣਾ ਗੁਰਜੀਤ ਸਿੰਘ ਚੰਨੀ ਮੰਤਰੀ ਮੰਡਲ ਵਿਚ 9ਵੇਂ ਨੰਬਰ ’ਤੇ ਹਨ। ਦੱਸਣਯੋਗ ਹੈ ਕਿ ਨਵੇਂ ਮੁੱਖ ਮੰਤਰੀ ਚਨਰਜੀਤ ਸਿੰਘ ਚੰਨੀ ਦੀ ਕੈਬਨਿਟ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਨਵੀਂ ਵਜ਼ਾਰਤ ਵਿਚ ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ, ਪਰਗਟ ਸਿੰਘ, ਕਾਕਾ ਰਣਦੀਪ ਸਿੰਘ, ਰਾਣਾ ਗੁਰਜੀਤ ਸਿੰਘ, ਗੁਰਕੀਰਤ ਕੋਟਲੀ, ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸ਼ਾਮਲ ਗਿਆ ਹੈ। ਰਾਜ ਭਵਨ ਵਿਚ ਹੋਏ ਸਮਾਗਮ ਵਿਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਨਵੇਂ ਚੁਣੇ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ। ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਓ.ਪੀ. ਸੋਨੀ ਪਹਿਲੇ ਗੇੜ ’ਚ ਹਲਫ਼ ਲੈ ਚੁੱਕੇ ਹਨ।
ਇਹ ਵੀ ਪੜ੍ਹੋ : ਪੰਜਾਬ ’ਚ ਚਰਨਜੀਤ ਚੰਨੀ ਦੀ ਨਿਯੁਕਤੀ ਤੋਂ ਬਾਅਦ ਕਾਂਗਰਸ ਨੇ ਆਪਣਾ ਫੋਕਸ ਦਲਿਤਾਂ ਵੱਲ ਕੀਤਾ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ