ਸਿਟੀ ਬਿਊਟੀਫੁੱਲ ਚੰਡੀਗੜ੍ਹ ਨੂੰ ਮਈ ''ਚ ਮਿਲੇਗਾ ਵਾਧੂ ਪਾਣੀ

Saturday, Jan 20, 2018 - 08:36 AM (IST)

ਚੰਡੀਗੜ੍ਹ (ਰਾਏ) : ਸ਼ਹਿਰ ਵਿਚ ਪਾਣੀ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਠੋਸ ਯੋਜਨਾ ਬਣਾਈ ਗਈ ਹੈ। ਇਸ ਦੇ ਤਹਿਤ ਛੇਤੀ ਹੀ ਕਜੌਲੀ ਵਾਟਰ ਵਰਕਸ ਤੇ ਜੰਡਪੁਰ ਦੇ ਪ੍ਰਾਜੈਕਟਾਂ ਦਾ ਦੌਰਾ ਕਰਕੇ ਮਈ ਤਕ ਪੀਣ ਵਾਲੇ ਪਾਣੀ ਦੀ ਵਾਧੂ ਸਪਲਾਈ ਯਕੀਨੀ ਬਣਾਉਣ ਲਈ ਹਰ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਹ ਕਹਿਣਾ ਹੈ ਮੇਅਰ ਦੇਵੇਸ਼ ਮੋਦਗਿਲ ਦਾ।  ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੇਅਰ ਨੇ ਕਿਹਾ ਕਿ ਇਸ ਵਾਰ ਨਗਰ ਨਿਗਮ ਵਿਚ ਪਹਿਲੀ ਵਾਰ ਲੋਕ ਸਭਾ ਦੀ ਤਰ੍ਹਾਂ ਚੰਡੀਗੜ੍ਹ ਪ੍ਰਸ਼ਾਸਕ ਤੇ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨਗਰ ਨਿਗਮ ਵਲੋਂ ਕੀਤੇ ਗਏ ਵਿਕਾਸ ਕੰਮਾਂ ਤੇ ਹੋਰ ਯੋਜਨਾਵਾਂ 'ਤੇ ਚਾਨਣਾ ਪਾਉਂਦੇ ਹੋਏ ਭਾਸ਼ਣ ਦੇਣਗੇ। ਮੋਦਗਿਲ ਨੇ ਦੱਸਿਆ ਕਿ ਉਹ ਆਪਣੇ ਕਾਰਜਕਾਲ ਦੌਰਾਨ ਕੁਝ ਨਵੀਂ ਸ਼ੁਰੁਆਤ ਕਰਨ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਲੋਕ ਸਭਾ, ਪੰਜਾਬ-ਹਰਿਆਣਾ ਵਿਧਾਨ ਸਭਾ ਦੀ ਤਰ੍ਹਾਂ ਨਗਰ ਨਿਗਮ ਸਦਨ ਦੇ ਪਹਿਲੇ ਦਿਨ ਰਾਜਪਾਲ ਤੇ ਚੰਡੀਗੜ੍ਹ ਪ੍ਰਸ਼ਾਸਕ ਭਾਸ਼ਣ ਦੇਣਗੇ। ਇਸ ਲਈ ਪ੍ਰਸ਼ਾਸਕ ਨਾਲ ਗੱਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਕ ਦੇ 29 ਜਨਵਰੀ ਦੇ ਭਾਸ਼ਣ ਤੋਂ ਬਾਅਦ ਅਗਲੇ ਦਿਨ 30 ਜਨਵਰੀ ਨੂੰ ਨਗਰ ਨਿਗਮ ਦੀ ਬੈਠਕ ਸ਼ੁਰੂ ਕੀਤੀ ਜਾਵੇਗੀ।
ਮੇਅਰ ਨੇ ਕਿਹਾ ਕਿ ਹਰ ਰੋਜ਼ ਸਵੇਰੇ 10 ਤੋਂ 11 ਵਜੇ ਤਕ ਸ਼ਹਿਰ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ 30 ਜਨਵਰੀ ਨੂੰ ਹੀ ਵਿੱਤ ਤੇ ਕਰਾਰ ਕਮੇਟੀ ਦੀ ਚੋਣ ਵੀ ਕੀਤੀ ਜਾਵੇਗੀ। ਉਨ੍ਹਾਂ ਇਸ ਸਬੰਧੀ ਦੱਸਿਆ ਕਿ ਵਿੱਤ ਤੇ ਕਰਾਰ ਕਮੇਟੀ ਲਈ ਉਮੀਦਵਾਰ 23 ਨੂੰ ਸ਼ਾਮ 5 ਵਜੇ ਤਕ ਨਾਮਜ਼ਦਗੀ ਜਮ੍ਹਾ ਕਰਵਾ ਸਕਦੇ ਹਨ। ਇਸ ਮੌਕੇ ਉਨ੍ਹਾਂ ਨਾਲ ਬੈਠੇ ਵਧੀਕ ਕਮਿਸ਼ਨਰ ਸੌਰਭ ਮਿਸ਼ਰਾ ਨੇ ਸ਼ਹਿਰ ਵਿਚ ਆਵਾਰਾ ਕੁੱਤਿਆਂ ਦੀ ਸਮੱਸਿਆ ਸਬੰਧੀ ਪੁੱਛੇ ਸਵਾਲ 'ਤੇ ਕਿਹਾ ਕਿ ਨਿਗਮ ਕੋਲ ਕੁੱਤਿਆਂ ਨੂੰ ਫੜਨ ਲਈ ਸਮਰਥ ਸਾਧਨ ਹਨ ਤੇ ਪੂਰੀ ਮਾਤਰਾ 'ਚ ਦਵਾਈਆਂ ਉਪਲਬਧ ਹਨ। ਸਿਰਮ ਦੀ ਕੁਝ ਕਮੀ ਜ਼ਰੂਰ ਹੈ ਤੇ ਇਸ ਸਮੱਸਿਆ ਦੇ ਨਿਪਟਾਰੇ ਦੀ ਕੋਸ਼ਿਸ਼ ਕੀਤੀ ਜਾਵੇਗੀ। 


Related News