ਚੰਡੀਗੜ੍ਹ ਵਾਸੀਆਂ ਨੂੰ ਕਰਫਿਊ ਤੋਂ ਮਿਲੀ ਢਿੱਲ, ਹੁਣ ਰਾਤ 8 ਵਜੇ ਤਕ ਖੁੱਲ੍ਹਣਗੀਆਂ ਦੁਕਾਨਾਂ

Wednesday, Jun 23, 2021 - 04:06 PM (IST)

ਚੰਡੀਗੜ੍ਹ ਵਾਸੀਆਂ ਨੂੰ ਕਰਫਿਊ ਤੋਂ ਮਿਲੀ ਢਿੱਲ, ਹੁਣ ਰਾਤ 8 ਵਜੇ ਤਕ ਖੁੱਲ੍ਹਣਗੀਆਂ ਦੁਕਾਨਾਂ

ਚੰਡੀਗੜ੍ਹ (ਵਿਜੈ) : ਸ਼ਹਿਰ ਵਿਚ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ ਘਟਨ ਤੋਂ ਬਾਅਦ ਇਕ ਵਾਰ ਫਿਰ ਸੈਲਾਨੀਆਂ ਲਈ ਸੁਖਨਾ ਝੀਲ ਵਿਚ ਬੋਟਿੰਗ ’ਤੇ ਲਾਈ ਗਈ ਰੋਕ ਵੀ ਹਟਾ ਲਈ ਗਈ ਹੈ। ਇਹ ਫੈਸਲਾ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਦੀ ਪ੍ਰਧਾਨਗੀ ਵਿਚ ਹੋਈ ਵਾਰ ਰੂਮ ਮੀਟਿੰਗ ਦੌਰਾਨ ਲਿਆ ਗਿਆ। ਹਾਲਾਂਕਿ ਅਜੇ ਸਿਰਫ਼ 50 ਫ਼ੀਸਦੀ ਸਮਰੱਥਾ ਨਾਲ ਹੀ ਝੀਲ ’ਤੇ ਬੋਟਿੰਗ ਹੋ ਸਕੇਗੀ। ਉੱਥੇ ਹੀ ਦੁਕਾਨਦਾਰਾਂ ਨੂੰ ਥੋੜ੍ਹੀ ਹੋਰ ਰਾਹਤ ਦਿੰਦਿਆਂ ਪ੍ਰਸ਼ਾਸਨ ਨੇ ਦੁਕਾਨਾਂ ਨੂੰ ਸਵੇਰੇ 10 ਤੋਂ ਰਾਤ 8 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਵੀ ਦੇ ਦਿੱਤੀ ਹੈ। ਹੁਣ ਤਕ ਸਿਰਫ਼ ਸ਼ਾਮ 7 ਵਜੇ ਤਕ ਹੀ ਦੁਕਾਨਾਂ ਖੁੱਲ੍ਹ ਸਕਦੀਆਂ ਸਨ। ਸ਼ਹਿਰ ਦੇ ਸਾਰੇ ਰੈਸਟੋਰੈਂਟ/ਬਾਰ ਵੀ 50 ਫ਼ੀਸਦੀ ਸਮਰੱਥਾ ਨਾਲ ਸਵੇਰੇ 10 ਤੋਂ ਰਾਤ 10:30 ਵਜੇ ਤੱਕ ਖੁੱਲ੍ਹੇ ਰਹਿਣਗੇ। ਉੱਥੇ ਹੀ ਨਾਈਟ ਕਰਫਿਊ ਦਾ ਸਮਾਂ ਹੁਣ ਰਾਤ 11 ਤੋਂ ਸਵੇਰੇ 5 ਵਜੇ ਤਕ ਕਰ ਦਿੱਤਾ ਗਿਆ ਹੈ। ਵਿਆਹ ਸਮਾਰੋਹ ਅਤੇ ਅੰਤਿਮ ਸੰਸਕਾਰ ਸਮੇਤ ਹੋਰ ਸਮਾਜਿਕ ਪ੍ਰੋਗਰਾਮਾਂ ਵਿਚ ਹੁਣ 30 ਦੀ ਥਾਂ 50 ਲੋਕ ਇਕੱਠੇ ਹੋ ਸਕਣਗੇ। ਸ਼ਹਿਰ ਦੇ ਸਪੋਰਟਸ ਕੰਪਲੈਕਸ ਦਾ ਵੀ ਮੈਂਬਰ ਇਸਤੇਮਾਲ ਕਰ ਸਕਣਗੇ। ਹਾਲਾਂਕਿ ਇਸ ਦੌਰਾਨ ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰਨਾ ਹੋਵੇਗਾ।

ਇਹ ਵੀ ਪੜ੍ਹੋ : ਚੱਕਰਵਾਤ ’ਚ ਕਾਂਗਰਸ-ਭਾਜਪਾ, ਅੰਦਰੂਨੀ ਵਿਵਾਦਾਂ ਕਾਰਨ ਕਈ ਸੂਬਿਆਂ 'ਚ ਮਚਿਆ ਤਹਿਲਕਾ 

ਪੀ. ਜੀ. ਆਈ. ’ਚ ਸ਼ੁਰੂ ਹੋਈ ਬਦਲਵੀਂ ਸਰਜਰੀ
ਮੀਟਿੰਗ ਦੌਰਾਨ ਡਾ. ਵਿਪਨ ਕੌਸ਼ਲ ਨੇ ਦੱਸਿਆ ਕਿ ਪੀ. ਜੀ. ਆਈ. ਵਿਚ ਬਦਲਵੀਂ ਸਰਜਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ। ਚੰਡੀਗੜ੍ਹ ਵਿਚ ਹੁਣ ਪਾਜ਼ੇਟਿਵਿਟੀ ਦਰ 1.67 ਫ਼ੀਸਦੀ ਰਹਿ ਗਈ ਹੈ। ਫਿਲਹਾਲ ਪੀ. ਜੀ. ਆਈ. ਵਿਚ 98 ਕੋਵਿਡ ਦੇ ਮਾਮਲੇ ਹਨ। ਜੀ. ਐੱਮ. ਸੀ. ਐੱਚ.- 32 ਦੀ ਡਾਇਰੈਕਟਰ ਪ੍ਰਿੰਸੀਪਲ ਡਾ. ਜਸਬਿੰਦਰ ਕੌਰ ਨੇ ਕਿਹਾ ਕਿ ਮੌਜ਼ੂਦਾ ਸਮੇਂ ਵਿਚ ਬਲੈਕ ਫੰਗਸ ਦੇ 29 ਸਰਗਰਮ ਮਾਮਲੇ ਹਨ। ਇਨ੍ਹਾਂ ਵਿਚੋਂ ਦੋ ਕੋਰੋਨਾ ਇਨਫੈਕਟਿਡ ਹਨ। ਪੀ. ਜੀ. ਆਈ., ਜੀ. ਐੱਮ. ਸੀ. ਐੱਚ. ਅਤੇ ਜੀ. ਐੱਮ. ਐੱਸ. ਐੱਚ. ਵਿਚ ਫਿਜ਼ੀਕਲ ਓ. ਪੀ. ਡੀ. ਸ਼ੁਰੂ ਹੋ ਚੁੱਕੀ ਹੈ। ਸਾਰੇ ਹਸਪਤਾਲਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਓ. ਪੀ. ਡੀ. ਵਿਚ ਮੌਜ਼ੂਦ ਉਨ੍ਹਾਂ ਮਰੀਜ਼ਾਂ ਦੇ ਕੋਵਿਡ ਸੈਂਪਲ ਜ਼ਰੂਰ ਲਏ ਜਾਣ, ਜਿਨ੍ਹਾਂ ਨੂੰ ਵੈਕਸੀਨ ਨਹੀਂ ਲੱਗ ਸਕੀ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ’ਚ ਪਹਿਲੀ ਵਾਰ ਜਬਰ-ਜ਼ਨਾਹ ਦੇ ਮਾਮਲੇ ’ਚ ਨਾਬਾਲਗ ਨੂੰ 25 ਸਾਲ ਦੀ ਕੈਦ

ਸ਼ਹਿਰ ਵਿਚ ਨਹੀਂ ਵੈਕਸੀਨ ਦੀ ਘਾਟ
ਯੂ. ਟੀ. ਦੀ ਡਾਇਰੈਕਟਰ ਹੈਲਥ ਸਰਵਿਸਿਜ਼ ਡਾ. ਅਮਨਦੀਪ ਕੰਗ ਨੇ ਜਾਣਕਾਰੀ ਦਿੱਤੀ ਕਿ ਸ਼ਹਿਰ ਦਾ ਰਿਕਵਰੀ ਦਰ 98.2 ਫ਼ੀਸਦੀ ਹੈ। ਹੁਣ ਤੱਕ ਸ਼ਹਿਰ ਵਿਚ ਵੈਕਸੀਨ ਦੀਆਂ 4, 59, 935 ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ। ਸਾਰੇ ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿਚ 18 ਸਾਲ ਅਤੇ ਉਸਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਵੈਕਸੀਨੇਸ਼ਨ ਦੀ ਸਹੂਲਤ ਮੰਗਲਵਾਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਮੌਜ਼ੂਦਾ ਸਮੇਂ ਵਿਚ ਚੰਡੀਗੜ੍ਹ ਦੇ ਕੋਲ 40,000 ਡੋਜ਼ਾਂ ਮੌਜ਼ੂਦ ਹਨ ਜਦੋਂਕਿ ਇਸ ਮਹੀਨੇ ਲਈ 50,700 ਡੋਜ਼ ਹੋਣ ਆਉਣਗੀਆਂ। ਉਥੇ ਹੀ, ਜੁਲਾਈ ਵਿਚ ਭਾਰਤ ਸਰਕਾਰ ਵਲੋਂ 1.5 ਲੱਖ ਡੋਜ਼ ਸਰਕਾਰੀ ਅਤੇ 50,000 ਡੋਜ਼ਾਂ ਪ੍ਰਾਈਵੇਟ ਹਸਪਤਾਲਾਂ ਲਈ ਭੇਜੀ ਜਾਣਗੀਆਂ। ਇਸ ਤਰ੍ਹਾਂ ਸ਼ਹਿਰ ਵਿਚ ਵੈਕਸੀਨ ਦੀ ਕੋਈ ਕਮੀ ਨਹੀਂ ਹੈ।

ਸੀਨੀਅਰ ਸਿਟੀਜ਼ਨਜ਼ ਦੇ ਘਰ ਤੱਕ ਪਹੁੰਚੇਗੀ ਵੈਕਸੀਨੇਸ਼ਨ ਟੀਮ
ਪ੍ਰਸ਼ਾਸਕ ਵਲੋਂ ਡਾਇਰੈਕਟਰ ਸਿਹਤ ਸੇਵਾਵਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਇੱਕ ਵੈਕਸੀਨੇਸ਼ਨ ਟੀਮ ਦਾ ਗਠਨ ਕੀਤਾ ਜਾਵੇ। ਇਹ ਟੀਮ ਉਨ੍ਹਾਂ ਸੀਨੀਅਰ ਸਿਟੀਜਨਜ਼ ਨੂੰ ਘਰ ਜਾ ਕੇ ਵੈਕਸੀਨ ਲਾਏਗੀ, ਜੋ ਬੀਮਾਰੀ ਕਾਰਣ ਵੈਕਸੀਨੇਸ਼ਨ ਸੈਂਟਰਾਂ ਵਿਚ ਨਹੀਂ ਪਹੁੰਚ ਪਾ ਰਹੇ ਹਨ। ਮੀਟਿੰਗ ਵਿਚ ਮੌਜ਼ੂਦ ਡਾਇਰੈਕਟਰ ਜਨਰਲ ਆਫ ਪੁਲਸ ਨੂੰ ਨਿਰਦੇਸ਼ ਦਿੱਤੇ ਗਏ ਕਿ ਸੁਖਨਾ ਝੀਲ ਸਮੇਤ ਹੋਰ ਜਨਤਕ ਥਾਂਵਾਂ ਵਿਚ ਕੋਵਿਡ ਪ੍ਰੋਟੋਕਾਲ ਦਾ ਪਾਲਣ ਨਾ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ : ਚੰਡੀਗੜ੍ਹ ਪੁਲਸ ਦਾ ਕਾਰਨਾਮਾ : ਲਾਵਾਰਿਸ ਲਾਸ਼ ਦੇ ਸਸਕਾਰ ਤੋਂ ਬਾਅਦ ਦਿੱਤੇ ਮ੍ਰਿਤਕ ਦੀ ਪਛਾਣ ਲਈ ਇਸ਼ਤਿਹਾਰ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

 


author

Anuradha

Content Editor

Related News