''ਚੰਡੀਗੜ੍ਹ ਰੇਲਵੇ ਸਟੇਸਨ'' ਦੀ ਵਾਂਗਡੋਰ ਨਿਜੀ ਕੰਪਨੀ ਦੇ ਹੱਥ

02/12/2019 10:18:49 AM

ਚੰਡੀਗੜ੍ਹ (ਲਲਨ) : ਚੰਡੀਗੜ੍ਹ ਰੇਲਵੇ ਸਟੇਸ਼ਨ ਦੀ ਵਾਂਗਡੋਰ 15 ਫਰਵਰੀ ਤੋਂ ਨਿਜੀ ਕੰਪਨੀ ਦੇ ਹੱਥਾਂ 'ਚ ਚਲੀ ਜਾਵੇਗੀ। ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮੋੜ 'ਤੇ ਹੈਦਰਾਬਾਦ ਦੀ ਕੰਪਨੀ ਯੂ. ਡੀ. ਐੱਸ. ਨੂੰ ਸੌਂਪਿਆ ਗਿਆ ਹੈ। ਹੁਣ ਵਰਲਡ ਕਲਾਸ ਰੇਲਵੇ ਸਟੇਸ਼ਨ ਦਾ ਨਿਰਮਾਣ ਕੰਮ ਵੀ ਜਲਦੀ ਸ਼ੁਰੂ ਹੋ ਜਾਵੇਗਾ। ਯੂ. ਡੀ. ਐੱਸ. ਕੰਪਨੀ ਦੇ ਸੀਨੀਅਰ ਮੈਨੇਜਰ ਮਹਾਵੀਰ ਸਿੰਘ ਮਹਿਰਾ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਦਾ ਨਿਜੀਕਰਨ ਤਿੰਨ ਪੱਧਰਾਂ 'ਚ ਹੋਵੇਗਾ। ਪਹਿਲੇ ਪੱਧਰ ਦੀ ਜ਼ਿੰਮੇਵਾਰੀ ਯੂ. ਡੀ. ਐੱਸ. ਕੰਪਨੀ ਸੰਭਾਲੇਗੀ। ਸਟੇਸ਼ਨ ਦੀ ਸਫਾਈ, ਕੰਟੀਨ ਅਤੇ ਕਈ ਦੂਜੇ ਕੰਮ ਹੁਣ ਕੰਪਨੀ ਦੀ ਜ਼ਿੰਮੇਵਾਰੀ ਹੋਵੇਗੀ। ਸੀਨੀਅਰ ਅਧਿਕਾਰੀਆਂ ਨੇ ਰੇਲਵੇ ਸਟੇਸ਼ਨ ਦਾ ਦੌਰਾ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ। ਰੇਲਵੇ ਵਲੋਂ ਚੰਡੀਗੜ੍ਹ ਸਟੇਸ਼ਨ ਨੂੰ 99 ਸਾਲਾਂ ਲਈ ਨਿਜੀ ਕੰਪਨੀ ਨੂੰ ਸੌਂਪਿਆ ਗਿਆ ਹੈ।
ਕੰਪਨੀ ਦੇ ਸੀਨੀਅਰ ਮੈਨੇਜਰ ਮਹਿਰਾ ਨੇ ਦੱਸਿਆ ਕਿ ਪਹਿਲੇ ਪੱਧਰ 'ਚ ਯਾਤਰੀਆਂ ਨਾਲ ਜੁੜੀਆਂ ਸਹੂਲਤਾਵਾਂ ਕੰਪਨੀ ਨੂੰ ਸੌਂਪੀਆਂ ਗਈਆਂ ਹਨ। ਸਟੇਸ਼ਨ 'ਤੇ ਸਕੂਟਰ ਤੇ ਕਾਰ ਪਾਰਕਿੰਗ ਦਾ ਪੂਰ ਏਰੀਆ ਕੰਪਨੀ ਦੇ ਹੱਥਾਂ 'ਚ ਆ ਜਾਵੇਗਾ। ਅਧਿਕਾਰੀਆਂ ਵਲੋਂ ਸਰਵੇ ਕੀਤਾ ਜਾ ਰਿਹਾ ਹੈ। ਪਲੇਟਫਾਰਮ ਟਿਕਟ ਦੀ ਜ਼ਿੰਮੇਵਾਰੀ ਵੀ ਕੰਪਨੀ ਦੀ ਹੋਵੇਗੀ। ਤਿੰਨ ਸਾਲਾਂ ਤੋਂ ਰੇਲਵੇ ਸਟੇਸ਼ਨ 'ਤੇ ਬੰਦ ਪਈ ਹੋਈ ਕੰਟੀਨ ਅਤੇ ਟੀ-ਸਟਾਲ ਵੀ ਹੁਣ ਕੰਪਨੀ ਖੋਲ੍ਹੇਗੀ। ਮਹਿਰਾ ਨੇ ਦੱਸਿਆ ਕਿ ਜਲਦੀ ਹੀ ਸਾਰੇ ਪਲੇਟਫਾਰਮਾਂ 'ਤੇ ਕੰਟੀਨ ਅਤੇ ਟੀ-ਸਟਾਲ ਦੀ ਸ਼ੁਰੂਆਤ ਕੀਤੀ ਜਾਵੇਗੀ। ਅਜੇ ਪਾਰਸਲ ਅਤੇ ਟਰੇਨ ਆਪਰੇਟਿੰਗ ਦੀ ਜ਼ਿੰਮੇਵਾਰੀ ਰੇਲਵੇ ਕੋਲ ਰਹੇਗੀ।


Babita

Content Editor

Related News