ਨਾਗਰਿਕਤਾ ਬਿੱਲ ਨੂੰ ਲੈ ਕੇ ਬਾਦਲਾਂ 'ਤੇ ਵਰ੍ਹੇ 'ਆਪ' ਦੇ ਸੰਧਵਾਂ ਤੇ ਰੋੜੀ

12/12/2019 11:52:12 AM

ਚੰਡੀਗੜ੍ਹ(ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਐੱਨ. ਆਰ. ਆਈ. ਵਿੰਗ ਦੇ ਪ੍ਰਧਾਨ ਅਤੇ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਬੀਤੇ ਦਿਨੀਂ ਲੋਕ ਸਭਾ 'ਚ ਪਾਸ ਕੀਤੇ ਗਏ ਨਾਗਰਿਕਤਾ ਬਿੱਲ ਨੂੰ ਹਮਾਇਤ ਦੇਣ ਦੇ ਮੁੱਦੇ 'ਤੇ ਬਾਦਲ ਪਰਿਵਾਰ ਨੂੰ ਘੇਰਦਿਆਂ ਕਿਹਾ ਕਿ ਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ਆਪਣੇ ਨਿੱਜੀ ਹਿੱਤਾਂ ਲਈ ਇਸਤੇਮਾਲ ਕਰ ਕੇ ਅਕਾਲੀ ਦਲ ਦੇ ਇਤਿਹਾਸ ਨੂੰ ਕਲੰਕਿਤ ਕੀਤਾ ਹੈ। ਸੰਧਵਾਂ ਅਤੇ ਰੋੜੀ ਨੇ ਕਿਹਾ ਕਿ ਨਾਗਰਿਕਤਾ ਬਿੱਲ ਸੰਵਿਧਾਨ ਦੀ ਧਾਰਾ 14 ਦੀ ਉਲੰਘਣਾ ਕਰਦਾ ਹੈ, ਜਿਸ ਅਨੁਸਾਰ ਧਰਮ ਆਧਾਰਿਤ ਨਾਗਰਿਕਤਾ ਦਾ ਕੋਈ ਵਰਣਨ ਨਹੀਂ ਹੈ ਪਰ ਬਾਦਲ ਪਰਿਵਾਰ ਵਲੋਂ ਅੱਖਾਂ ਮੀਟ ਕੇ ਮੋਦੀ ਸਰਕਾਰ ਦੇ ਹਰ ਫ਼ੈਸਲੇ ਦਾ ਸਮਰਥਨ ਕੇਵਲ ਤੇ ਕੇਵਲ ਕੇਂਦਰ ਸਰਕਾਰ 'ਚ ਮਿਲੀ ਮੰਤਰੀ ਦੀ ਪਦਵੀ ਨੂੰ ਸਲਾਮਤ ਰੱਖਣ ਲਈ ਕੀਤਾ ਜਾ ਰਿਹਾ ਹੈ।

ਸੰਧਵਾਂ ਨੇ ਕਿਹਾ ਕਿ 14 ਦਸੰਬਰ 1920 ਨੂੰ ਹੋਂਦ 'ਚ ਆਏ ਅਕਾਲੀ ਦਲ ਨੇ ਹਮੇਸ਼ਾ ਘੱਟ ਗਿਣਤੀਆਂ ਨਾਲ ਧੱਕੇ ਦੇ ਵਿਰੋਧ 'ਚ ਸਟੈਂਡ ਲਿਆ, ਸੂਬਿਆਂ ਨੂੰ ਵੱਧ ਅਧਿਕਾਰ ਦੇਣ ਲਈ ਆਵਾਜ਼ ਉਠਾਈ ਪਰ ਸੁਖਬੀਰ ਬਾਦਲ ਦੀ ਅਗਵਾਈ ਵਾਲਾ ਵਰਤਮਾਨ ਕਾਰਪੋਰੇਟ ਅਕਾਲੀ ਦਲ ਆਪਣੇ ਸਾਰੇ ਸਿਧਾਂਤਾਂ 'ਤੇ ਟਕਸਾਲੀ ਸਰੋਕਾਰਾਂ ਨੂੰ ਤਿਲਾਂਜਲੀ ਦੇ ਚੁੱਕਾ ਹੈ। ਸੰਧਵਾਂ ਅਤੇ ਰੋੜੀ ਨੇ ਦੱਸਿਆ ਕਿ ਮੋਦੀ ਸਰਕਾਰ ਦੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਬਾਦਲ ਪਰਿਵਾਰ ਨੇ ਪੰਜਾਬ, ਪੰਜਾਬੀਅਤ, ਪੰਥ ਅਤੇ ਘੱਟ ਗਿਣਤੀਆਂ ਦੇ ਸਰੋਕਾਰਾਂ ਅਤੇ ਮਨੁੱਖੀ ਅਧਿਕਾਰਾਂ ਦੀ ਥਾਂ ਆਪਣੀ ਨੂੰਹ ਰਾਣੀ ਦੀ ਕੁਰਸੀ ਨੂੰ ਹੀ ਤਰਜੀਹ ਦਿੱਤੀ ਹੈ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਲੋਕਾਂ ਨੇ ਬਾਦਲ ਪਰਿਵਾਰ ਨੂੰ ਖਦੇੜਿਆ ਹੈ, ਉਸੇ ਤਰ੍ਹਾਂ ਧਰਮ ਦੀ ਆੜ 'ਚ ਸਿਆਸੀ ਫ਼ਾਇਦਾ ਚੁੱਕਣ ਵਾਲੇ ਬਾਦਲ ਪਰਿਵਾਰ ਨੂੰ ਗੁਰਦੁਆਰਾ ਪ੍ਰਬੰਧਾਂ 'ਚੋਂ ਖਦੇੜਨ ਲਈ ਵੀ ਇਕਮੁੱਠ ਹੋਣਾ ਸਮੇਂ ਦੀ ਬਹੁਤ ਵੱਡੀ ਲੋੜ ਹੈ।


cherry

Content Editor

Related News