ਜੇਲ੍ਹਾਂ ’ਚ ਸ਼ੁਰੂ ਹੋਵੇਗੀ ‘ਈ’ ਪੇਸ਼ੀ, ਬਚੇਗਾ 45 ਲੱਖ ਰੋਜ਼ਾਨਾ
Friday, Jan 08, 2021 - 09:56 AM (IST)
ਚੰਡੀਗੜ੍ਹ, ਅੰਮਿ੍ਰਤਸਰ (ਰਮਨਜੀਤ): ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੂਬੇ ਦੀਆਂ ਜੇਲ੍ਹਾਂ ਦੇ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਜੇਲ੍ਹਾਂ ਨੂੰ ਸਵੈ-ਨਿਰਭਰ ਕਰਨ ਲਈ ਉਲੀਕੀ ਰੂਪ ਰੇਖਾ ਪੇਸ਼ ਕੀਤੀ। ਨਾਲ ਹੀ ਐਲਾਨ ਕੀਤਾ ਗਿਆ ਕਿ ਜੇਕਰ ਸਭ ਕੁਝ ਯੋਜਨਾ ਮੁਤਾਬਕ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ’ਚ ਜੇਲ੍ਹਾਂ ਤੋਂ ਹੀ ਅਦਾਲਤਾਂ ’ਚ ਕੈਦੀਆ ਦੀ ਪੇਸ਼ੀ ਕੀਤੀ ਜਾਵੇਗੀ। ਇਸ ਲਈ ਢਾਂਚਾਗਤ ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਨਾਲ ਹੀ ਰੰਧਾਵਾ ਨੇ ਦਾਅਵਾ ਕੀਤਾ ਕਿ ਇਸ ਦੇ ਸ਼ੁਰੂ ਹੋਣ ਨਾਲ ਰੋਜ਼ਾਨਾ ਦੀਆਂ ਪੇਸ਼ੀਆਂ ’ਤੇ ਹੋਣ ਵਾਲੀ ਸਰਕਾਰ ਦਾ ਤਕਰੀਬਨ 45 ਲੱਖ ਰੁਪਏ ਰੋਜ਼ਾਨਾ ਦਾ ਖਰਚਾ ਬਚੇਗਾ।
ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਜਨਵਰੀ ਮਹੀਨਾ ‘ਧੀਆਂ ਦੀ ਲੋਹੜੀ’ ਵਜੋਂ ਕੀਤਾ ਸਮਰਪਿਤ, ਭਲਾਈ ਸਕੀਮਾਂ ਦੀ ਕੀਤੀ ਸ਼ੁਰੂਆਤ
ਰੰਧਾਵਾ ਨੇ ਦੱਸਿਆ ਕਿ ਇਕ ਸੰਸਥਾ ਵਲੋਂ ਸਰਵੇ ਕਰਕੇ ਇਹ ਤੱਥ ਪੇਸ਼ ਕੀਤਾ ਗਿਆ ਸੀ ਕਿ ਸਿਰਫ਼ ਪੰਜਾਬ ’ਚ ਹੀ ਕੈਦੀਆਂ ਨੂੰ ਅਦਾਲਤਾਂ ’ਚ ਪੇਸ਼ੀਆਂ ’ਤੇ ਲਿਆਉਣ-ਲਿਜਾਣ ’ਤੇ ਰੋਜ਼ਾਨਾ 45 ਲੱਖ ਰੁਪਏ ਦਾ ਖਰਚਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਆਦਲਤ ’ਚ ਪੇਸ਼ੀਆਂ ਕਰਵਾਉਣ ਲਈ ਨਾ ਸਿਰਫ਼ ਜੇਲ ਵਿਭਾਗ, ਬਲਕਿ ਪੁਲਸ ਤੇ ਨਿਆਂਇਕ ਅਮਲੇ ਨੂੰ ਵੀ ਜੁਟਣਾ ਪੈਂਦਾ ਹੈ, ਇਸ ਲਈ ਇਸ ਨੂੰ ਧਿਆਨ ’ਚ ਰੱਖਦਿਆਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀਆਂ ਕਰਾਉਣ ਦਾ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਲਈ ਸਾਰੀਆਂ ਜੇਲ੍ਹਾਂ ’ਚ ਕੈਦੀਆਂ ਦੀ ਸਮਰੱਥਾ ਦੇ ਅਨੁਪਾਤ ’ਚ ਵੀਡੀਓ ਕਾਨਫਰੰਸਿੰਗ ਸਟੂਡੀਓ ਬਣਾਏ ਜਾਣਗੇ। ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਨਿਯਮਾਂ ਨੂੰ ਵੀ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਉਕਤ ਨਿਯਮਾਂ ਦਾ ਪਾਲਣ ਕਰਦਿਆਂ ਹੀ ਨਿਆਂਇਕ ਪ੍ਰਕਿਰਿਆ ਅੱਗੇ ਵਧੇ।
ਇਹ ਵੀ ਪੜ੍ਹੋ : ਪੰਜਾਬ ’ਚ ਅੱਜ ਹੋਵੇਗਾ ਕੋਰੋਨਾ ਟੀਕਾਕਰਣ ਸਬੰਧੀ ਅਭਿਆਸ
ਰੰਧਾਵਾ ਨੇ ਦੱਸਿਆ ਕਿ ਜੇਲ੍ਹਾਂ ਨੂੰ ਮਜ਼ਬੂਤ ਕਰਨ ਲਈ 960 ਅਸਾਮੀਆਂ ਦੀ ਭਰਤੀ ਕੀਤੀ ਜਾ ਰਹੀ ਹੈ ਜਿਨ੍ਹਾਂ ’ਚ 10 ਡਿਪਟੀ ਸੁਪਰਡੈਂਟ, 46 ਸਹਾਇਕ ਸੁਪਰਡੈਂਟ, 815 ਵਾਰਡਰ ਤੇ 32 ਮੈਟਰਨ ਤੋਂ ਇਲਾਵਾ ਕਲਰਕ ਅਤੇ ਟੈਕਨੀਕਲ ਸਟਾਫ਼ ਵੀ ਸ਼ਾਮਲ ਹੈ। ਇਸੇ ਤਰ੍ਹਾਂ ਜੇਲ੍ਹਾਂ ਦੀ ਸਮਰੱਥਾ ਵਧਾਉਣ ਲਈ ਗੋਇੰਦਵਾਲ ਸਾਹਿਬ ਵਿਖੇ ਕੇਂਦਰੀ ਜੇਲ੍ਹ ਬਠਿੰਡਾ ਵਿਖੇ ਮਹਿਲਾ ਜੇਲ ਨਿਰਮਾਣ ਅਧੀਨ ਹੈ। ਪਿਛਲੇ 20 ਸਾਲ ਤੋਂ ਬਿਨਾਂ ਵਾਹਨ ਕੰਮ ਕਰ ਰਹੇ ਸੁਪਰਡੈਂਟ ਜੇਲਾਂ ਲਈ ਸਰਕਾਰੀ ਵਾਹਨ ਮੁਹੱਈਆ ਕਰਵਾਏ ਜਾਣਗੇ। ਜੇਲ ਮੰਤਰੀ ਨੇ ਅੱਗੇ ਦੱਸਿਆ ਕਿ ਸੋਧਿਆ ਪੰਜਾਬ ਜੇਲ੍ਹਾਂ ਮੈਨੂਅਲ ਤਿਆਰ ਕਰ ਕੇ ਲਾਗੂ ਕੀਤਾ ਜਾਵੇਗਾ। ਜੇਲ੍ਹਾਂ ਵਿਚ ਆਰਟੀਫੀਸ਼ਲ ਇੰਟੈਲੀਜੈਂਸ ਅਧਾਰਤ ਸੀ.ਸੀ.ਟੀ.ਵੀ. ਨਿਗਰਾਨੀ ਪ੍ਰਣਾਲੀ ਲਾਗੂ ਕੀਤੀ ਜਾਵੇਗੀ। ਰੰਧਾਵਾ ਨੇ ਦੱਸਿਆ ਕਿ ਪਿਛਲੇ ਚਾਰ ਸਾਲ ਪੰਜਾਬ ਜੇਲ੍ਹ ਵਿਕਾਸ ਬੋਰਡ ਨਿਯਮ ਤਿਆਰ ਕੀਤੇ ਗਏ।
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ