ਚੰਡੀਗੜ੍ਹ ਦੇ ਹੋਟਲ ''ਚ ਖਿਡਾਰੀਆਂ ਦੀ ਬੱਸ ''ਚੋਂ ਮਿਲੇ 2 ਕਾਰਤੂਸ, ਮਚੀ ਭਾਜੜ

Sunday, Feb 27, 2022 - 10:42 AM (IST)

ਚੰਡੀਗੜ੍ਹ (ਸੁਸ਼ੀਲ) : ਸ਼੍ਰੀਲੰਕਾ ਕ੍ਰਿਕਟ ਟੀਮ ਦੇ ਖਿਡਾਰੀਆਂ ਦੀ ਬੱਸ ਵਿਚੋਂ ਚੱਲੇ ਹੋਏ 2 ਕਾਰਤੂਸ ਮਿਲਣ ਕਾਰਨ ਭਾਜੜ ਮਚ ਗਈ। ਬੱਸ ਦੇ ਅੰਦਰੋਂ ਕਾਰਤੂਸ ਉਸ ਸਮੇਂ ਮਿਲੇ, ਜਦੋਂ ਖਿਡਾਰੀ ਹੋਟਲ ਤੋਂ ਨਿਕਲ ਕੇ ਰਵਾਨਾ ਹੋਣ ਵਾਲੇ ਸਨ। ਖਿਡਾਰੀਆਂ ਨੂੰ ਬੱਸ ਵਿਚ ਬਿਠਾਉਣ ਤੋਂ ਪਹਿਲਾਂ ਵੀ. ਆਈ. ਪੀ. ਸਕਿਓਰਟੀ ਦੀ ਟੀਮ ਬੱਸ ਦੀ ਚੈਕਿੰਗ ਕਰਨ ਲੱਗੀ ਤਾਂ ਬੱਸ ਦੇ ਅੰਦਰ ਸਮਾਨ ਰੱਖਣ ਵਾਲੀ ਜਗ੍ਹਾ ਵਿਚ ਦੋ ਕਾਰਤੂਸ ਮਿਲੇ। ਪੁਲਸ ਜਵਾਨਾਂ ਨੇ ਮਾਮਲੇ ਦੀ ਸੂਚਨਾ ਉੱਚ ਅਫ਼ਸਰਾਂ ਨੂੰ ਦਿੱਤੀ। ਆਈ. ਟੀ. ਪਾਰਕ ਥਾਣਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਲਈ ਸੀ. ਐੱਫ਼. ਐੱਸ. ਐੱਲ. ਟੀਮ ਨੂੰ ਬੁਲਾਇਆ। ਟੀਮ ਨੇ ਦੋਵੇਂ ਕਾਰਤੂਸ ਚੈੱਕ ਕੀਤੇ, ਜੋ ਕਿ ਚੱਲੇ ਹੋਏ ਮਿਲੇ। ਜਾਂਚ ਵਿਚ ਸਾਹਮਣੇ ਆਇਆ ਕਿ ਖਿਡਾਰੀਆਂ ਨੂੰ ਲਿਆਉਣ ਅਤੇ ਲੈ ਕੇ ਜਾਣ ਲਈ ਸੈਕਟਰ-17 ਸਥਿਤ ਤਾਰਾ ਬ੍ਰਦਰਜ਼ ਦੀਆਂ ਬੱਸਾਂ ਹਾਇਰ ਕੀਤੀਆਂ ਹੋਈਆਂ ਹਨ। ਆਈ. ਟੀ. ਪਾਰਕ ਥਾਣਾ ਪੁਲਸ ਨੇ ਤਾਰਾ ਬ੍ਰਦਰਜ਼ ਦੀ ਬੱਸ ਦੇ ਅੰਦਰੋਂ ਚੱਲੇ ਹੋਏ ਕਾਰਤੂਸ ਮਿਲਣ ਦੇ ਮਾਮਲੇ ਵਿਚ ਡੀ. ਡੀ. ਆਰ. ਦਰਜ ਕਰ ਲਈ ਹੈ। ਪੁਲਸ ਬੱਸ ਚਾਲਕ ਤੋਂ ਪੁੱਛਗਿਛ ਕਰ ਰਹੀ ਹੈ।

ਇਹ ਵੀ ਪੜ੍ਹੋ : ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ, ਇੱਕਲੀ ਦੇਖ ਕੀਤਾ ਸੀ ਘਟੀਆ ਕਾਰਾ
ਮੋਹਾਲੀ ’ਚ 4 ਮਾਰਚ ਤੋਂ ਹੋਣਾ ਹੈ ਟੈਸਟ ਮੈਚ
ਮੋਹਾਲੀ ਸਥਿਤ ਕ੍ਰਿਕਟ ਸਟੇਡੀਅਮ ਵਿਚ 4 ਤੋਂ 8 ਮਾਰਚ ਤਕ ਇੰਡੀਆ ਅਤੇ ਸ਼੍ਰੀਲੰਕਾ ਦੇ ਖਿਡਾਰੀਆਂ ਵਿਚਕਾਰ ਟੈਸਟ ਮੈਚ ਹੋਣਾ ਹੈ। ਇਸ ਦੇ ਮੱਦੇਨਜ਼ਰ ਇੰਡੀਆ ਅਤੇ ਸ਼੍ਰੀਲੰਕਾ ਦੇ ਕੁਝ ਖਿਡਾਰੀ ਚੰਡੀਗੜ੍ਹ ਪਹੁੰਚ ਗਏ ਹਨ। ਉਨ੍ਹਾਂ ਨੂੰ ਲਿਆਉਣ ਅਤੇ ਛੱਡਣ ਲਈ ਸੈਕਟਰ-17 ਸਥਿਤ ਤਾਰਾ ਬ੍ਰਦਰਜ਼ ਦੀਆਂ ਬੱਸਾਂ 23 ਫਰਵਰੀ ਤੋਂ ਹਾਇਰ ਕੀਤੀਆਂ ਹੋਈਆਂ ਹਨ। ਇਨ੍ਹਾਂ ਬੱਸਾਂ ਵਿਚ ਖਿਡਾਰੀ ਏਅਰਪੋਰਟ ਤੋਂ ਹੋਟਲ ਲਲਿਤ ਵਿਚ ਆਉਂਦੇ ਹਨ ਅਤੇ ਇਨ੍ਹਾਂ ਬੱਸਾਂ ਵਿਚ ਹੀ ਮੋਹਾਲੀ ਸਟੇਡੀਅਮ ਜਾਂਦੇ ਹਨ। ਸ਼ਨੀਵਾਰ ਭਾਰਤੀ ਟੀਮ ਦੇ ਖਿਡਾਰੀਆਂ ਨੇ ਪ੍ਰੈਕਟਿਸ ਲਈ ਮੋਹਾਲੀ ਜਾਣਾ ਸੀ, ਜਦੋਂ ਕਿ ਸ਼੍ਰੀਲੰਕਾ ਟੀਮ ਦੇ ਖਿਡਾਰੀਆਂ ਨੇ ਹੋਟਲ ਤੋਂ ਬਾਹਰ ਕਿਸੇ ਕੰਮ ਲਈ ਜਾਣਾ ਸੀ। ਖਿਡਾਰੀਆਂ ਦੇ ਬੱਸ ਵਿਚ ਬੈਠਣ ਤੋਂ ਪਹਿਲਾਂ ਬੰਬ ਡਿਸਪੋਜ਼ਲ ਟੀਮ ਬੱਸਾਂ ਦੀ ਚੈਕਿੰਗ ਕਰ ਰਹੀ ਸੀ। ਜਦੋਂ ਸ਼੍ਰੀਲੰਕਾ ਟੀਮ ਦੇ ਨਾਲ ਅਟੈਚ ਬੱਸ ਵਿਚ ਸਾਮਾਨ ਰੱਖਣ ਵਾਲੀ ਜਗ੍ਹਾ ਨੂੰ ਚੈੱਕ ਕੀਤਾ ਤਾਂ ਅੰਦਰ ਦੋ ਚੱਲੇ ਹੋਏ ਕਾਰਤੂਸ ਮਿਲੇ। ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਅਤੇ ਆਈ. ਟੀ. ਪਾਰਕ ਥਾਣਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਮੌਕੇ ’ਤੇ ਫਾਰੈਂਸਿਕ ਟੀਮ ਨੂੰ ਬੁਲਾਇਆ।

ਇਹ ਵੀ ਪੜ੍ਹੋ : ਭਾਰਤ ਵੱਲੋਂ ਰੂਸ ਖ਼ਿਲਾਫ਼ ਵੋਟ ਨਾ ਪਾਉਣ 'ਤੇ 'ਮਨੀਸ਼ ਤਿਵਾੜੀ' ਦਾ ਵੱਡਾ ਬਿਆਨ, ਜਾਣੋ ਕੀ ਕਿਹਾ
ਬੱਸ ਚਾਲਕ ਤੋਂ ਪੁੱਛਗਿਛ ’ਚ ਜੁੱਟੀ ਪੁਲਸ
ਜਾਂਚ ਦੌਰਾਨ ਪਤਾ ਲੱਗਿਆ ਕਿ ਦੋਵੇਂ ਹੀ ਕਾਰਤੂਸ ਚੱਲੇ ਹੋਏ ਹਨ। ਪੁਲਸ ਟੀਮ ਨੇ ਕਾਰਤੂਸ ਜ਼ਬਤ ਕਰ ਕੇ ਜਾਂਚ ਲਈ ਸੀ. ਐੱਫ਼. ਐੱਸ. ਐੱਲ. ਭੇਜ ਦਿੱਤੇ ਹਨ। ਆਈ. ਟੀ. ਪਾਰਕ ਥਾਣਾ ਪੁਲਸ ਬੱਸ ਚਾਲਕ ਨੂੰ ਹਿਰਾਸਤ ਵਿਚ ਲੈ ਕੇ ਕਾਰਤੂਸਾਂ ਸਬੰਧੀ ਪੁੱਛਗਿਛ ਕਰ ਰਹੀ ਹੈ। ਉੱਥੇ ਹੀ ਪੁਲਸ ਨੇ ਮਾਮਲੇ ਵਿਚ ਡੀ. ਡੀ. ਆਰ. ਦਰਜ ਕਰ ਲਈ ਹੈ। ਮਾਮਲੇ ਵਿਚ ਪੁਲਸ ਐਤਵਾਰ ਐੱਫ਼. ਆਈ. ਆਰ. ਦਰਜ ਕਰ ਸਕਦੀ ਹੈ। ਉਧਰ, ਐੱਸ. ਪੀ. ਸਿਟੀ ਕੇਤਨ ਬਾਂਸਲ ਨੇ ਦੱਸਿਆ ਕਿ ਬੱਸ ਵਿਚੋਂ ਚੱਲੇ ਹੋਏ ਕਾਰਤੂਸ ਮਿਲੇ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News