ਬਿਜਲੀ ਅੰਦੋਲਨ ਨੇ ਜਗਾਏ ਸੁੱਤੇ ਹੋਏ ਕੁੰਭਕਰਨ : 'ਆਪ'
Wednesday, Feb 20, 2019 - 12:59 PM (IST)
ਚੰਡੀਗੜ੍ਹ (ਰਮਨਜੀਤ)— ਆਮ ਆਦਮੀ ਪਾਰਟੀ ਵੱਲੋਂ ਸੂਬੇ ਵਿਚ ਸ਼ੁਰੂ ਕੀਤੇ ਗਏ 'ਬਿਜਲੀ ਅੰਦੋਲਨ' ਤੋਂ ਬਾਅਦ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਕੁੰਭਕਰਨੀ ਨੀਂਦ ਤੋਂ ਜਾਗ ਪਈ ਹੈ। 'ਆਪ' ਵੱਲੋਂ ਸੂਬੇ ਦੇ ਵੱਖ-ਵੱਖ ਖੇਤਰਾਂ ਵਿਚ ਵਧੇ ਹੋਏ ਬਿੱਲ ਆਉਣ ਵਾਲੇ ਲੋਕਾਂ ਨਾਲ ਮੁਲਾਕਾਤ ਕਰਨ ਉਪਰੰਤ ਬਿਜਲੀ ਸੁਣਵਾਈ ਸਭਾਵਾਂ ਦੌਰਾਨ ਉਨ੍ਹਾਂ ਦੀ ਆਵਾਜ਼ ਵਿਭਾਗ ਤੱਕ ਪਹੁੰਚਾਉਣ ਤੋਂ ਬਾਅਦ ਵਿਭਾਗ ਨੇ ਵਧੇ ਹੋਏ ਬਿੱਲ ਘਟਾਉਣ ਦੀ ਕਾਰਵਾਈ ਆਰੰਭ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਘਰਾਚੋਂ ਵਿਖੇ ਇਕ ਸਬਜ਼ੀ ਵੇਚਣ ਵਾਲੇ ਵਿਅਕਤੀ ਦਾ 41 ਹਜ਼ਾਰ ਅਤੇ ਖੇਤ ਮਜ਼ਦੂਰ ਦਾ 21 ਹਜ਼ਾਰ ਬਿੱਲ ਦਾ ਮੁੱਦਾ ਚੁੱਕਿਆ ਸੀ, ਜਿਸ ਤੋਂ ਬਾਅਦ ਵਿਭਾਗ ਨੇ 41 ਹਜ਼ਾਰ ਦੀ ਥਾਂ 6500 ਰੁਪਏ ਦਾ ਭੁਗਤਾਨ ਕਰਵਾ ਕੇ ਬਿਜਲੀ ਚਾਲੂ ਕਰ ਦਿੱਤੀ ਸੀ।
