ਚੰਡੀਗੜ੍ਹ ''ਚ ਬਣਨਗੇ 139 ਨਵੇਂ ''ਬੱਸ ਕਿਊ ਸ਼ੈਲਟਰ'', ਹੈਰੀਟੇਜ ਦਾ ਰੱਖਿਆ ਜਾਵੇਗਾ ਧਿਆਨ

Saturday, Jul 04, 2020 - 12:59 PM (IST)

ਚੰਡੀਗੜ੍ਹ ''ਚ ਬਣਨਗੇ 139 ਨਵੇਂ ''ਬੱਸ ਕਿਊ ਸ਼ੈਲਟਰ'', ਹੈਰੀਟੇਜ ਦਾ ਰੱਖਿਆ ਜਾਵੇਗਾ ਧਿਆਨ

ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਪ੍ਰਸ਼ਾਸਨ ਦੇ ਇੰਟੈਲੀਜੈਂਟ ਟਰਾਂਸਪੋਰਟ ਸਿਸਟਮ ਦੇ ਸਭ ਤੋਂ ਜ਼ਰੂਰੀ ਪ੍ਰਾਜੈਕਟ ਦੇ ਹੁਣ ਰਫਤਾਰ ਫੜ੍ਹਨ ਦੀ ਉਮੀਦ ਹੈ ਕਿਉਂਕਿ ਯੂ. ਟੀ. ਪ੍ਰਸ਼ਾਸਨ ਸ਼ਹਿਰ 'ਚ 139 ਨਵੇਂ ਕੰਕਰੀਟ ਬੱਸ ਕਿਊ ਸ਼ੈਲਟਰ ਬਣਾਉਣ ਜਾ ਰਿਹਾ ਹੈ। ਹੈਰੀਟੇਜ ਦਾ ਧਿਆਨ ਰੱਖਦੇ ਹੋਏ ਹੀ ਕੰਕਰੀਟ ਦੇ ਨਵੇਂ ਬੱਸ ਕਿਊ ਸ਼ੈਲਟਰ ਬਣਾਉਣ ਦਾ ਫੈਸਲਾ ਲਿਆ ਗਿਆ ਹੈ। ਪੁਰਾਣੇ 132 ਬੱਸ ਕਿਊ ਸ਼ੈਲਟਰਾਂ ਦੀ ਮੁਰੰਮਤ ਵੀ ਕਰਵਾਈ ਜਾਵੇਗੀ, ਜਿਸ 'ਚ ਕੰਕਰੀਟ, ਸਟੇਨਲੈੱਸ ਸਟੀਲ ਅਤੇ ਆਰ. ਸੀ. ਸੀ. ਸਮੇਤ ਹੋਰ ਤਰ੍ਹਾਂ ਦੇ ਬੱਸ ਕਿਊ ਸ਼ੈਲਟਰ ਸ਼ਾਮਲ ਹਨ।

ਇਸ ਸਬੰਧੀ ਪ੍ਰਸ਼ਾਸਨ ਨੇ ਟੈਂਡਰ ਜਾਰੀ ਕਰ ਦਿੱਤਾ ਹੈ, ਤਾਂ ਜੋ ਜਲਦੀ ਹੀ ਇਸ ਦੇ ਨਿਰਮਾਣ ਅਤੇ ਮੁਰੰਮਤ ਦਾ ਕੰਮ ਸ਼ੁਰੂ ਹੋ ਸਕੇ। ਇਸ ਬਾਰੇ ਸੁਪਰੀਡੈਂਟ ਇੰਜੀਨੀਅਰ ਸੀ. ਬੀ. ਓਝਾ ਨੇ ਦੱਸਿਆ ਕਿ 191 ਕੰਕਰੀਟ ਦੇ ਬੱਸ ਕਿਊ ਸ਼ੈਲਟਰਾਂ 'ਚੋਂ 139 ਨਵੇਂ ਬਣਾਏ ਜਾ ਰਹੇ ਹਨ, ਜਦੋਂ ਕਿ 52 ਬੱਸ ਕਿਊ ਸ਼ੈਲਟਰਾਂ ਦੀ ਮੁਰੰਮਤ ਕਰਵਾਈ ਜਾਵੇਗੀ। ਸੈਕਟਰ-17, 18 ਨੂੰ ਵੰਡਦੀ ਸੜਕ 'ਤੇ ਇਕ ਬੱਸ ਕਿਊ ਸ਼ੈਲਟਰ ਬਣਾਇਆ ਹੋਇਆ ਹੈ, ਜਿਸ ਦੇ ਚੱਲਦਿਆਂ ਕੰਕਰੀਟ ਦੇ ਨਵੇਂ ਬੱਸ ਕਿਊ ਸ਼ੈਲਟਰ ਦਾ ਡਿਜ਼ਾਈਨ ਉਸੇ ਤਰ੍ਹਾਂ ਦਾ ਹੀ ਰਹੇਗਾ।

ਪ੍ਰਸ਼ਾਸਨ ਬਿਲਡ, ਆਨ, ਆਪਰੇਟ ਅਤੇ ਟਰਾਂਸਫਰ ਸਿਸਟਮ 'ਤੇ ਇਨ੍ਹਾਂ ਦਾ ਕੰਮ ਅਲਾਟ ਕਰ ਰਿਹਾ ਹੈ, ਜਿਸ ਦੇ ਤਹਿਤ ਜੋ ਕੰਪਨੀ ਬੱਸ ਕਿਊ ਸ਼ੈਲਟਰ ਨੂੰ ਬਣਾਵੇਗੀ, ਉਹ ਹੀ ਇਸ ਦੀ ਦੇਖਭਾਲ ਕਰੇਗੀ। ਨਾਲ ਹੀ ਉਸ 'ਤੇ ਇਸ਼ਤਿਹਾਰ ਲਾਉਣ ਦੀ ਮਨਜ਼ੂਰੀ ਵੀ ਹੋਵੇਗੀ। ਇਸ 'ਚ ਪ੍ਰਸ਼ਾਸਨ ਇਕ ਵੀ ਪੈਸਾ ਨਹੀਂ ਦੇਵੇਗਾ, ਜਦੋਂ ਕਿ ਉਲਟਾ ਕੰਪਨੀ ਇਸ਼ਤਿਹਾਰ 'ਚੋਂ ਮਾਲੀਆ ਹਾਸਲ ਕਰਕੇ ਕੁੱਝ ਹਿੱਸਾ ਪ੍ਰਸ਼ਾਸਨ ਨੂੰ ਦੇਵੇਗੀ। ਉੱਤਰੀ ਸੈਕਟਰਾਂ 'ਚ ਕੰਕਰੀਟ ਦੇ ਸ਼ੈਲਟਰ ਬਣਾਏ ਜਾਣਗੇ, ਜਿਸ ਦੇ ਲਈ ਹੀ ਇਹ ਟੈਂਡਰ ਜਾਰੀ ਕੀਤਾ ਗਿਆ ਹੈ।


author

Babita

Content Editor

Related News