ਸੰਭਾਵੀ ਚੇਅਰਮੈਨਾਂ ਨੂੰ ਆਪਣਿਆਂ ਤੋਂ ਹੀ ਖਤਰਾ

07/30/2019 9:55:11 AM

ਪਟਿਆਲਾ, ਬਾਰਨ (ਇੰਦਰ ਖਰੌੜ)—ਪੰਜਾਬ ਵਿਚ ਕਾਂਗਰਸ ਸਰਕਾਰ ਬਣੀ ਨੂੰ ਕਰੀਬ ਢਾਈ ਸਾਲ ਦਾ ਸਮਾਂ ਗੁਜ਼ਰ ਚੁੱਕਾ ਹੈ। ਹੁਣ ਤੱਕ ਸਰਕਾਰ ਵੱਖ-ਵੱਖ ਵਿਭਾਗਾਂ ਦੇ ਚੇਅਰਮੈਨ ਲਾਉਣ ਵਿਚ ਕੋਈ ਦਿਲਚਸਪੀ ਨਹੀਂ ਦਿਖਾ ਰਹੀ। ਚੇਅਰਮੈਨੀਆਂ ਲੈਣ ਦੇ ਚਾਹਵਾਨ ਕਾਂਗਰਸੀ ਆਗੂਆਂ ਵਿਚ ਨਿਰਾਸ਼ਾ ਦਾ ਆਲਮ ਵਧਦਾ ਜਾ ਰਿਹਾ ਹੈ। ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਨਿਯੁਕਤ ਹੋਏ ਆਗੂ ਇਨ੍ਹਾਂ ਢਾਈ ਸਾਲਾਂ ਦੌਰਾਨ ਵੱਡੀ ਗਿਣਤੀ ਵਿਚ ਅਹੁਦੇ ਛੱਡ ਚੁੱਕੇ ਹਨ। ਉਨ੍ਹਾਂ ਦੀ ਜਗ੍ਹਾ ਕਾਂਗਰਸੀ ਆਗੂਆਂ ਨੂੰ ਨਹੀਂ ਲਾਇਆ ਗਿਆ।

ਸੂਬੇ ਦੀਆਂ 147 ਬਲਾਕ ਸੰਮਤੀਆਂ ਦੇ ਚੇਅਰਮੈਨ ਅਤੇ ਉੱਪ-ਚੇਅਰਮੈਨ ਨਾ ਲਾਉਣ ਕਾਰਨ ਇਨ੍ਹਾਂ ਅਦਾਰਿਆਂ ਦੀਆਂ ਕੁਰਸੀਆਂ ਖਾਲੀ ਪਈਆਂ ਹਨ। ਚੇਅਰਮੈਨੀਆਂ ਦੀ ਅਲਾਟਮੈਂਟ ਵਿਚ ਹੋ ਰਹੀ ਦੇਰੀ ਸਦਕਾ ਹਾਕਮ ਧਿਰ ਨੂੰ ਬਹੁਤੇ ਹਲਕਿਆਂ 'ਚ ਆਪਣਿਆਂ ਤੋਂ ਹੀ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 644 ਤਿੰਨ ਮੁੱਖ ਅਦਾਰਿਆਂ ਲਈ 'ਏਕ ਅਨਾਰ ਸੌ ਬੀਮਾਰ' ਵਾਲੀ ਸਥਿਤੀ ਬਣੀ ਹੋਈ ਹੈ। ਇਕ ਚੇਅਰਮੈਨੀ ਲਈ ਇਕ ਹਲਕੇ ਤੋਂ ਕਈ ਦਾਅਵੇਦਾਰ ਹਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਵੱਲੋਂ ਕਾਂਗਰਸੀ ਆਗੂਆਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਜੋ ਟਿਕਟ ਨਾ ਮਿਲਣ 'ਤੇ ਆਪਣੀ ਕਾਰਗੁਜ਼ਾਰੀ ਛੱਡ ਕੇ ਪਾਰਟੀ ਉਮੀਦਵਾਰ ਦੀ ਹਮਾਇਤ ਕਰੇਗਾ, ਉਸ ਨੂੰ ਸਰਕਾਰ ਬਣਨ 'ਤੇ ਕਿਸੇ ਵਿਭਾਗ ਦਾ ਬੋਰਡ, ਕਾਰਪੋਰੇਸ਼ਨ ਦਾ ਚੇਅਰਮੈਨ ਲਾਇਆ ਜਾਵੇਗਾ। ਸਰਕਾਰ ਦਾ ਕਰੀਬ ਅੱਧਾ ਕਾਰਜਕਾਲ ਗੁਜ਼ਰ ਚੁੱਕਾ ਹੈ ਪਰ ਸਰਕਾਰ ਕੁੱਝ ਹੀ ਵਿਭਾਗ, ਬੋਰਡ, ਕਾਰਪੋਰੇਸ਼ਨਾਂ ਦੇ ਚੇਅਰਮੈਨ ਲਾਏ ਗਏ ਹਨ।
ਦੱਸਣਯੋਗ ਹੈ ਕਿ 2017 ਵਿਚ ਪੰਜਾਬ ਸਰਕਾਰ ਬਣਨ ਉਪਰੰਤ ਮਾਰਕੀਟ ਕਮੇਟੀਆਂ ਭੰਗ ਕਰ ਦਿੱਤੀਆਂ ਗਈਆਂ ਸਨ। ਸਤੰਬਰ 2018 ਵਿਚ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਮੁਕੰਮਲ ਹੋ ਗਈਆਂ ਸਨ ਪੰ੍ਰਤੂ ਸਰਕਾਰ ਨੂੰ ਫਿਰ ਠੰਡੇ ਬਸਤੇ ਵਿਚ ਚੇਅਰਮੈਨੀਆਂ ਦਾ ਮਾਮਲਾ ਪਾਉਣ ਲਈ ਦਸੰਬਰ ਮਹੀਨੇ ਹੋਈਆਂ ਪਿੰਡਾਂ ਦੀਆਂ ਗਰਾਮ ਪੰਚਾਇਤਾਂ ਦੀਆਂ ਚੋਣਾਂ ਦਾ ਬਹਾਨਾ ਮਿਲ ਗਿਆ। ਸੰਸਦੀ ਚੋਣਾਂ ਕਰਵਾਉਣ ਤੋਂ ਬਾਅਦ ਵੀ ਸਰਕਾਰ ਨੇ ਦਾਅਵੇਦਾਰਾਂ ਨੂੰ ਲਾਰਾ ਹੀ ਵੀ ਰੱਖਿਆ। ਚੇਅਰਮੈਨੀਆਂ ਲੈਣ ਦੇ ਚਾਹਵਾਨ ਕਾਂਗਰਸੀ ਨਿਰਾਸ਼ਾ ਦੇ ਆਲਮ ਵਿਚ ਹਨ। ਉਹ ਆਪਣੇ ਆਕਾਵਾਂ ਦੇ ਘਰਾਂ ਅਤੇ ਦਫ਼ਤਰਾਂ ਵਿਚ ਗੇੜੇ ਮਾਰ-ਮਾਰ ਕੇ ਜੁੱਤੀਆਂ ਘਸਾ ਬੈਠੇ ਹਨ। ਫਿਰ ਵੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ।

ਰਾਖਵੇਂ ਵਰਗ ਦੇ ਕਾਂਗਰਸੀ ਜਤਾ ਸਕਦੇ ਨੇ ਇਤਰਾਜ਼ :
ਅਕਾਲੀ ਸਰਕਾਰ ਵੱਲੋਂ ਜ਼ਿਆਦਾਤਰ ਵਿਭਾਗ ਦੇ ਚੇਅਰਮੈਨ, ਉੱਪ-ਚੇਅਰਮੈਨ ਜਨਰਲ ਵਰਗ ਨਾਲ ਸਬੰਧਤ ਸਨ। ਇਸ ਵਾਰ ਰਾਖਵੇਂ ਵਰਗ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਵਾਲਮੀਕਿ ਸਮਾਜ, ਐੱਸ. ਸੀ., ਐੱਸ. ਟੀ. ਅਤੇ ਹੋਰ ਪਛੜੇ ਵਰਗਾਂ ਵਿਚੋਂ ਕਿਸੇ ਵੀ ਆਗੂ ਦੀ ਕੋਈ ਵੱਡੀ ਨਿਯੁਕਤੀ ਨਹੀਂ ਕੀਤੀ। ਜੇਕਰ ਹੁਣ ਚੇਅਰਮੈਨੀਆਂ ਵਿਚ ਸਰਕਾਰ ਨੇ ਰਾਖਵੇਂ ਵਰਗ ਨੂੰ ਨਜ਼ਰਅੰਦਾਜ਼ ਕੀਤਾ ਤਾਂ ਵਿਰੋਧ ਹੋਣ ਦੀ ਸੰਭਾਵਨਾ ਅਵੱਸ਼ ਹੈ।

ਸੀਨੀ. ਕਾਂਗਰਸੀ ਹੋ ਸਕਦੇ ਨੇ ਚੇਅਰਮੈਨੀ ਦੀ ਦੌੜ 'ਚੋਂ ਬਾਹਰ :
10 ਸਾਲ ਸੱਤਾ ਤੋਂ ਬਾਹਰ ਰਹੀ ਕਾਂਗਰਸ ਹੁਣ ਆਪਣੇ ਚਹੇਤਿਆਂ ਨੂੰ ਐਡਜਸਟ ਕਰਨ ਦੀ ਤਾਕ ਵਿਚ ਨਜ਼ਰ ਆ ਰਹੀ ਹੈ। ਮੰਤਰੀ ਹੋਵੇ ਜਾਂ ਵਿਧਾਇਕ ਜਾਂ ਤਾਂ ਆਪਣੇ ਪਰਿਵਾਰਕ ਮੈਂਬਰ ਨੂੰ ਜਾਂ ਫਿਰ ਆਪਣੇ ਬਹੁਤ ਹੀ ਖਾਸ ਚਹੇਤਿਆਂ ਨੂੰ ਚੇਅਰਮੈਨੀ ਦੇਣ ਦੇ ਹੱਕ ਵਿਚ ਨਜ਼ਰ ਆ ਰਿਹਾ ਹੈ। ਉਨ੍ਹਾਂ ਵਰਕਰਾਂ ਅਤੇ ਆਗੂਆਂ ਨੂੰ ਚੇਅਰਮੈਨੀ ਘੱਟ ਨਸੀਬ ਹੋਵੇਗੀ, ਜਿਨ੍ਹਾਂ ਨੇ ਪਾਰਟੀ ਲਈ ਲੰਮਾ ਸਮਾਂ ਕੰਮ ਕੀਤਾ ਹੈ। ਸੀਨੀਅਰ ਲੀਡਰਸ਼ਿਪ ਉਨ੍ਹਾਂ ਨਵੇਂ ਚਿਹਰਿਆਂ ਨੂੰ ਚੇਅਰਮੈਨੀਆਂ ਦੇਣ ਦਾ ਮੌਕਾ ਵੱਧ ਦੇਵੇਗੀ ਜੋ ਚਾਪਲੂਸੀ ਕਰਨ ਵਿਚ ਮਾਹਰ ਹਨ ਜਾਂ ਫਿਰ ਅੰਦਰਖਾਤੇ ਚੰਗੇ ਸਬੰਧ ਹਨ। ਜ਼ਿਆਦਾਤਰ ਸੀਨੀਅਰ ਨੂੰ ਇਸ ਵਾਰ ਖੁੱਡੇ ਲਾਈਨ ਲਾਇਆ ਜਾ ਸਕਦਾ ਹੈ। ਇਸ ਨੂੰ ਲੈ ਕੇ ਸੀਨੀਅਰਾਂ ਵਿਚ ਹਫੜਾ-ਦਫੜੀ ਮਚੀ ਹੋਈ ਹੈ।


Shyna

Content Editor

Related News