300 ਕਰੋੜ ਦੇ ਜਾਅਲੀ ਬਿੱਲਾਂ ''ਤੇ ਜਾਰੀ ਹੋ ਗਿਆ ਸੈਂਟਰਲ ਐਕਸਾਈਜ਼ ਰਿਫੰਡ

Monday, Oct 30, 2017 - 11:31 AM (IST)

300 ਕਰੋੜ ਦੇ ਜਾਅਲੀ ਬਿੱਲਾਂ ''ਤੇ ਜਾਰੀ ਹੋ ਗਿਆ ਸੈਂਟਰਲ ਐਕਸਾਈਜ਼ ਰਿਫੰਡ

ਜਲੰਧਰ (ਖੁਰਾਣਾ)— 60 ਰੁਪਏ ਕਿੱਲੋ ਵਾਲੀ ਚੀਜ਼ ਦਾ 300 ਰੁਪਏ ਕਿੱਲੋ ਤੱਕ ਦਾ ਬਿੱਲ ਬਣਾ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਵਾਲੇ ਦੁਬਈ ਮਾਰਕਾ ਐਕਸਪੋਰਟਰਜ਼ ਹੁਣ ਜੀ. ਐੱਸ. ਟੀ. ਲਾਗੂ ਹੋਣ ਦੇ ਬਾਅਦ ਭਾਵੇਂ ਤਿਲਮਿਲਾ ਰਹੇ ਹਨ ਪਰ ਅਜਿਹੇ ਫਰਜ਼ੀ ਐਕਸਪੋਰਟਰਜ਼ ਵੱਲੋਂ ਪਿਛਲੇ ਸਾਲਾਂ ਦੌਰਾਨ ਕੀਤੇ ਗਏ ਕਾਰਨਾਮੇ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਹੇ। ਇਨ੍ਹਾਂ ਦੇ ਕਾਂਡਾਂ ਦੇ ਇਲਾਵਾ ਜਲੰਧਰ ਵਰਗੇ ਸ਼ਹਿਰ 'ਚ ਜਾਅਲੀ ਬਿੱਲਾਂ ਦੇ ਨਾਂ 'ਤੇ ਅਰਬਾਂ ਰੁਪਏ ਦੀ ਸੇਲ ਕਰਨ ਦੇ ਕਾਰਨਾਮੇ ਵੀ ਪਿਛਲੇ ਸਮੇਂ ਦੌਰਾਨ ਕਾਫੀ ਪ੍ਰਸਿੱਧ ਰਹੇ, ਜਿਨ੍ਹਾਂ ਤਹਿਤ ਕਰੋੜਾਂ ਰੁਪਏ ਦਾ ਵੈਟ ਰਿਫੰਡ ਸਰਕਾਰ ਤੋਂ ਲੈ ਲਿਆ ਗਿਆ।
ਵੈਟ ਰਿਫੰਡ ਵਰਗਾ ਹੀ ਘਪਲਾ ਕੇਂਦਰ ਸਰਕਾਰ ਦੀ ਏਜੰਸੀ ਸੈਂਟਰਲ ਐਕਸਾਈਜ਼ ਤੋਂ ਵੀ ਹੋਇਆ, ਜਿਸ ਦੇ ਕਾਰਨਾਮੇ ਹੁਣ ਹੌਲੀ-ਹੌਲੀ ਬਾਹਰ ਆ ਰਹੇ ਹਨ। ਅੱਜ ਤੋਂ ਕੁਝ ਸਾਲ ਪਹਿਲਾਂ ਸ਼ਹਿਰ 'ਚ ਇਹ ਕਾਂਡ ਕਾਫੀ ਪ੍ਰਸਿੱਧ ਹੋਇਆ ਸੀ। ਉਦੋਂ ਦੋਸ਼ ਲੱਗੇ ਸਨ ਕਿ ਇਕ ਉਦਯੋਗਪਤੀ ਨੇ ਡੇਢ-ਦੋ ਸਾਲਾਂ 'ਚ ਕਰੀਬ 300 ਕਰੋੜ ਰੁਪਏ ਦੀ ਸੇਲ ਕਾਗਜ਼ਾਂ 'ਚ ਦਿਖਾ ਦਿੱਤੀ ਅਤੇ ਉਸ ਉਦਯੋਗਪਤੀ ਨੇ ਬੀੜੀ, ਸਿਗਰੇਟ ਤੋਂ ਲੈ ਕੇ ਹੈਂਡ ਟੂਲਜ਼ ਅਤੇ ਸਕੈਫ ਫੋਲਡਿੰਗ ਵਰਗੀਆਂ ਆਈਟਮਾਂ ਦੇ ਵੀ ਬਿੱਲ ਕੱਟ ਦਿੱਤੇ।
ਉਦੋਂ ਇਸ ਉਦਯੋਗਪਤੀ ਨੇ ਸੈਂਟਰਲ ਐਕਸਾਈਜ਼ ਲਗਾ ਕੇ ਕਰੋੜਾਂ ਰੁਪਏ ਦੇ ਬਿੱਲ ਸ਼ਹਿਰ ਦੇ ਨਾਮੀ ਉਦਯੋਗਪਤੀਆਂ ਤੇ ਐਕਸਪੋਰਟਰਜ਼ ਨੂੰ ਦੇ ਦਿੱਤੇ। ਉਨ੍ਹਾਂ ਦਿਨਾਂ 'ਚ ਕਈ ਦੁਬਈ ਮਾਰਕਾ ਐਕਸਪੋਰਟਰਜ਼ ਫਰਜ਼ੀ ਐਕਸਪੋਰਟ ਕਾਰਨ ਡੀ. ਆਰ. ਆਈ. ਦੇ ਹੱਥੇ ਚੜ੍ਹ ਗਏ, ਜਿਸ ਕਾਰਨ ਡੀ. ਆਰ. ਆਈ. ਨੇ ਜਾਅਲੀ ਬਿਲ ਕੱਟਣ ਵਾਲੇ ਇਸ ਉਦਯੋਗਪਤੀ ਨੂੰ ਵੀ ਧਰ ਲਿਆ ਤਾਂ ਬਚ-ਬਚਾਅ ਕਰਵਾ ਕੇ ਇਸ ਉਦਯੋਗਪਤੀ ਨੂੰ ਕੁਝ ਸਮੇਂ ਲਈ ਬਚਾਅ ਤਾਂ ਲਿਆ ਗਿਆ ਪਰ ਹੁਣ ਇਸ ਕਾਂਡ ਦੀਆਂ ਪਰਤਾਂ ਦੁਬਾਰਾ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ ਕਿਉਂਕਿ ਐਕਸਾਈਜ਼ ਵਿਭਾਗ 'ਤੇ ਦੋਸ਼ ਲੱਗ ਰਿਹਾ ਹੈ ਕਿ ਉਸ ਨੇ 300 ਕਰੋੜ ਦੇ ਜਾਅਲੀ ਬਿੱਲਾਂ ਦਾ ਸਕੈਂਡਲ ਪਤਾ ਲੱਗਣ ਦੇ ਬਾਵਜੂਦ ਉਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਵਿਭਾਗ ਸਿਰਫ ਨੋਟਿਸ ਕੱਢਣ ਤਕ ਸੀਮਤ ਰਿਹਾ। ਦੋਸ਼ ਤਾਂ ਇਹ ਵੀ ਹੈ ਕਿ ਇਨ੍ਹਾਂ ਜਾਅਲੀ ਬਿੱਲਾਂ ਦੇ ਆਧਾਰ 'ਤੇ ਕਰੀਬ 37 ਕਰੋੜ ਰੁਪਏ ਦਾ ਸੈਂਟਰਲ ਐਕਸਾਈਜ਼ ਰਿਫੰਡ ਵੀ ਜਾਰੀ ਹੋ ਗਿਆ। ਕਈ ਸਾਲਾਂ ਤੋਂ ਇਹ ਮਾਮਲਾ ਐਕਸਾਈਜ਼ ਵਿਭਾਗ ਦੀਆਂ ਫਾਈਲਾਂ 'ਚ ਦੱਬਿਆ ਹੋਇਆ ਹੈ, ਜਿਸ ਦੀ ਜੇ ਸੀ. ਬੀ. ਆਈ. ਜਾਂਚ ਕਰਵਾਈ ਜਾਵੇ ਤਾਂ ਲਾਪ੍ਰਵਾਹੀ ਵਰਤਣ ਜਾਂ ਮਿਲੀਭੁਗਤ ਕਰਨ ਵਾਲੇ ਸੈਂਟਰਲ ਏਜੰਸੀ ਦੇ ਕਈ ਅਧਿਕਾਰੀ ਤੇ ਕਰਮਚਾਰੀ ਕਾਬੂ ਆ ਸਕਦੇ ਹਨ। ਪਤਾ ਲੱਗਾ ਹੈ ਕਿ ਜਿਨ੍ਹਾਂ ਉਦਯੋਗਪਤੀਆਂ ਤੇ ਬਰਾਮਦਕਾਰਾਂ ਨੂੰ ਸੈਂਟਰਲ ਐਕਸਾਈਜ਼ ਨੇ ਜਾਅਲੀ ਰਿਫੰਡ ਜਾਂ ਜਾਅਲੀ ਬਿੱਲਾਂ ਦੇ ਦੋਸ਼ਾਂ 'ਚ ਨੋਟਿਸ ਕੱਢੇ ਸਨ, ਉਨ੍ਹਾਂ ਤੋਂ ਪੈਸੇ ਵਸੂਲਣ ਲਈ ਵਿਭਾਗ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਉਲਟਾ ਉਨ੍ਹਾਂ ਨੂੰ ਨੋਟਿਸ ਕੱਢਣ ਦੇ ਬਾਅਦ ਵੀ ਰਿਫੰਡ ਜਾਰੀ ਹੁੰਦੇ ਰਹੇ।
ਲਿਖ ਕੇ ਦੇ ਚੁੱਕੇ ਹਨ ਉਦਯੋਗਪਤੀ
ਕੁਝ ਸਾਲ ਪਹਿਲਾਂ ਜਦੋਂ ਇਕ ਮਾਮੂਲੀ ਉਦਯੋਗਤੀ ਨੇ ਜਾਅਲੀ ਬਿੱਲਾਂ ਦੇ ਆਧਾਰ 'ਤੇ 300 ਕਰੋੜ ਰੁਪਏ ਦੀ ਸੇਲ ਕਰ ਲਈ ਤਾਂ ਸਰਕਾਰੀ ਵਿਭਾਗ ਨੂੰ ਸ਼ੱਕ ਹੋਇਆ। ਇਸ ਤੋਂ ਬਾਅਦ ਡੀ. ਆਰ. ਆਈ. ਨੇ ਇਸ 'ਤੇ ਛਾਪੇਮਾਰੀ ਕਰਕੇ ਇਸ ਨੂੰ ਚੁੱਕ ਲਿਆ। ਉਦੋਂ ਉਸ ਵਿਅਕਤੀ ਨੇ ਵਿਭਾਗ ਨੂੰ ਲਿਖ ਕੇ ਦਿੱਤਾ ਕਿ ਉਸ ਨੂੰ ਫਰਜ਼ੀ ਸ਼ਿਪਮੈਂਟ ਲਈ ਬਿੱਲ ਕੱਟਣ ਦੇ ਪੈਸੇ ਮਿਲਿਆ ਕਰਦੇ ਸਨ। ਇਸ ਉਦਯੋਗਪਤੀ ਨੇ ਇਸ ਸਕੈਂਡਲ ਬਾਰੇ ਕਾਫੀ ਕੁੱਝ ਸਪੱਸ਼ਟ ਲਿਖ ਕੇ ਦਿੱਤਾ ਪਰ ਉਸ ਆਧਾਰ 'ਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਅਤੇ ਕਾਰਵਾਈ ਨਾ ਹੁੰਦੇ ਦੇਖ ਕੇ ਹੁਣ ਵਿਭਾਗ ਦੇ ਅਧਿਕਾਰੀਆਂ ਖਿਲਾਫ ਉੱਚ ਪੱਧਰ 'ਤੇ ਸ਼ਿਕਾਇਤ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਬਿਜਲੀ ਬਿੱਲਾਂ ਤੋਂ ਵੀ ਪਕੜ 'ਚ ਆ ਸਕਦੈ ਮਾਮਲਾ
ਸਿਰਫ ਕਾਗਜ਼ਾਂ ਵਿਚ ਹੀ 300 ਕਰੋੜ ਰੁਪਏ ਦੀ ਸੇਲ ਦਿਖਾਉਣ ਵਾਲੇ ਇਸ ਕਾਂਡ ਵਿਚ ਜਾਂਚ ਜੇਕਰ ਨਿਰਪੱਖ ਹੋ ਕੇ ਕੀਤੀ ਜਾਵੇ ਤਾਂ ਜਾਅਲੀ ਬਿੱਲ ਲੈਣ ਵਾਲੇ ਕਈ ਉਦਯੋਗਪਤੀ ਅਤੇ ਦੇਣ ਵਾਲੇ ਵੀ ਫਸ ਸਕਦੇ ਹਨ, ਜਾਅਲੀ ਬਿੱਲ ਕੱਟਣ ਵਾਲੇ ਉਦਯੋਗਪਤੀਆਂ ਨੇ ਮੈਨੂਫੈਕਚਰਿੰਗ ਆਈਟਮਾਂ ਦੇ ਕਰੋੜਾਂ ਰੁਪਏ ਦੇ ਬਿੱਲ ਕੱਟੇ ਪਰ ਜੇਕਰ ਉਸ ਦੀ ਛੋਟੀ ਜਿਹੀ ਫੈਕਟਰੀ ਦਾ ਬਿਜਲੀ ਦਾ ਬਿੱਲ ਦੇਖਿਆ ਜਾਵੇ ਤਾਂ ਉਹ ਹਜ਼ਾਰਾਂ ਵਿਚ ਮਿਲੇਗਾ ਜਿਸ ਤੋਂ ਸਾਫ ਹੁੰਦਾ ਹੈ ਕਿ ਫਰਜ਼ੀ ਬਿੱਲ ਕੱਟੇ ਗਏ।


Related News