ਹੈਂ! ਜਲੰਧਰ ''ਚ 918 ਹੋ ਗਿਆ AQI, ਚੱਕਰਾਂ ''ਚ ਪਏ ਲੋਕ
Friday, Dec 19, 2025 - 03:24 PM (IST)
ਜਲੰਧਰ : ਪੰਜਾਬ 'ਚ ਠੰਡ ਵਧਣ ਦੇ ਨਾਲ-ਨਾਲ ਲਗਾਤਾਰ ਸੰਘਣੀ ਧੁੰਦ ਤੇ ਜ਼ੀਰੋ ਵਿਜ਼ੀਬਿਲਟੀ ਦੀ ਦਿੱਕਤ ਵਧਦੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਵਧਦੀ ਜਾ ਰਹੀ ਹੈ ਜ਼ਹਿਰੀਲੀ ਹਵਾ। ਪਰ ਇਸ ਸਭ ਵਿਚਾਲੇ ਬੀਤੇ ਦਿਨ ਜਲੰਧਰ ਦੇ ਹਵਾ ਗੁਣਵੱਤਾ ਸੂਚਕਾਂਕ ਦੀ ਦੱਸੀ ਜਾ ਰਹੀ ਇਕ ਤਸਵੀਰ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਇਸ ਤਸਵੀਰ ਵਿਚ ਜਲੰਧਰ ਦੀ ਹਵਾ ਗੁਣਵੱਤਾ ਇੰਨੀ ਖਰਾਬ ਦੱਸੀ ਜਾ ਰਹੀ ਹੈ ਕਿ ਮੀਟਰ AQI ਨੂੰ 918 ਦਰਸਾ ਰਿਹਾ ਹੈ। ਹਾਲਾਂਕਿ ਇਸ ਬਾਰੇ ਅਜੇ ਤੱਕ ਨਗਰ ਨਿਗਮ ਦੇ ਕਿਸੇ ਅਧਿਕਾਰੀ ਦਾ ਬਿਆਨ ਸਾਹਮਣੇ ਨਹੀਂ ਆਇਆ ਹੈ।

ਫੋਟੋ ਵਾਇਰਲ ਹੁੰਦਿਆਂ ਹੀ ਜਲੰਧਰੀਆਂ ਦੀਆਂ ਚਿੰਤਾਵਾਂ ਵਧਣੀਆਂ ਵੀ ਜਾਇਜ਼ ਸਨ। ਇੰਨੀ ਖਰਾਬ ਹਵਾ ਵਿਚ ਸਾਹ ਲੈਣਾ ਔਖਾ ਹੁੰਦਾ ਹੀ ਹੈ ਸਗੋਂ ਗਲੇ, ਵਾਇਰਲ ਤੇ ਦਮਾ ਵਰਗੀਆਂ ਬਿਮਾਰੀਆਂ ਆਸਾਨੀ ਨਾਲ ਘੇਰ ਸਕਦੀਆਂ ਹਨ। ਦੱਸ ਦਈਏ ਕਿ ਵਾਇਰਲ ਹੋ ਰਹੀ ਤਸਵੀਰ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਜਲੰਧਰ ਦੇ ਫੁੱਟਬਾਲ ਚੌਕ ਦੀ ਹੈ। ਹਾਲਾਂਕਿ ਇਸ ਸਬੰਧੀ ਜਦੋਂ ਵੱਖ-ਵੱਖ ਵੈੱਬਸਾਈਟਾਂ ਦੀ ਜਾਂਚ ਕੀਤੀ ਗਈ ਤਾਂ AQI ਵੈੱਬਸਾਈਟ 'ਤੇ ਜਲੰਧਰ ਦੀ ਕੱਲ ਸ਼ਾਮ ਸੱਤ ਵਜੇ ਦੀ ਹਵਾ ਗੁਣਵੱਤਾ ਨੂੰ 524 ਦਰਸਾਇਆ ਗਿਆ ਹੈ। ਇਹੀ ਨਹੀਂ ਬੀਤੇ 24 ਘੰਟਿਆਂ ਦੌਰਾਨ ਵੀ AQI 300 ਤੋਂ ਹੇਠਾਂ ਨਹੀਂ ਆਇਆ ਹੈ।

ਇਸ ਤੋਂ ਇਲਾਵਾ ਅੱਜ (19 ਦਸੰਬਰ) 2 ਵਜੇ ਤੋਂ ਬਾਅਦ ਵੀ AQI ਲਗਾਤਾਰ ਵਧਣਾ ਸ਼ੁਰੂ ਹੋ ਗਿਆ ਹੈ, ਜੋ ਕਿ 317 ਦਰਸਾਇਆ ਗਿਆ ਹੈ। ਇਹ ਅੰਕੜਾ ਆਪਣੇ ਆਪ ਵਿਚ ਵੱਡੀ ਚਿੰਤਾ ਹੈ ਕਿਉਂਕਿ ਅਜਿਹੀ ਹਵਾ ਵਿਚ ਸਾਹ ਲੈਣਾ ਵੀ ਖਤਰੇ ਤੋਂ ਘੱਟ ਨਹੀਂ। ਫਿਲਹਾਲ ਜਲੰਧਰੀਆਂ ਨੂੰ ਕਦ ਸਾਫ ਹਵਾ ਵਿਚ ਸਾਹ ਲੈਣ ਨੂੰ ਮਿਲੇਗਾ ਇਹ ਤਾਂ ਸਮਾਂ ਹੀ ਦੱਸੇਗਾ।

