ਇਕੋ ਰਾਤ ਸ਼ਹਿਰ ''ਚ ਟੁੱਟੇ ਚਾਰ ਦੁਕਾਨਾਂ ਦੇ ਜਿੰਦੇ, ਲੱਖਾਂ ਰੁਪਏ ਦੀ ਹੋਈ ਚੋਰੀ

Monday, Jun 11, 2018 - 07:19 AM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਸ਼ਹਿਰ 'ਚ ਇਕ ਹੀ ਰਾਤ 'ਚ ਦੋ ਨਕਾਬਪੋਸ਼ ਚੋਰਾਂ ਵਲੋਂ ਚਾਰ ਦੁਕਾਨਾਂ ਦੇ ਜਿੰਦੇ ਤੋੜ ਕੇ ਚੋਰੀ ਦੀਆਂ ਵੱਡੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਚੋਰ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਏ। ਇਨ੍ਹਾਂ ਚੋਰਾਂ ਦੇ ਹੱਥਾਂ 'ਚ ਹਥਿਆਰ ਵੀ ਵੇਖੇ ਗਏ। ਚੋਰਾਂ ਨੇ ਆਪਣੇ ਮੂੰਹ ਲਪੇਟੇ ਹੋਏ ਸਨ ਅਤੇ ਹੱਥ 'ਚ ਸੱਬਲ, ਬੇਸਵਾਲ, ਹਾਕੀ, ਹਥੌੜਾ ਫੜੇ ਹੋਏ ਸਨ। ਸੱਬਲਾਂ ਨਾਲ ਉਹ ਸ਼ਟਰਾਂ ਨੂੰ ਤੋੜ ਰਹੇ ਸਨ। ਇਕ ਦੁਕਾਨ 'ਤੇ ਤਾਂ ਚੋਰ ਸੀ.ਸੀ.ਟੀ.ਵੀ. ਕੈਮਰੇ ਦਾ ਡੀ.ਵੀ.ਆਰ. ਵੀ ਚੁੱਕ ਕੇ ਲੈ ਗਏ। ਜ਼ਿਕਰਯੋਗ ਹੈ ਕਿ ਸ਼ਹਿਰ 'ਚ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਵਿਰੁੱਧ ਵਪਾਰੀਆਂ ਨੇ ਪੁਲਸ ਵਿਰੁੱਧ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ ਸਨ ਤੇ ਬਾਜ਼ਾਰ ਵੀ ਬੰਦ ਕਰਵਾਏ ਗਏ ਸਨ। ਬੀਤੀ ਰਾਤ ਹੋਈਆਂ ਚੋਰੀ ਦੀਆਂ ਘਟਨਾਵਾਂ ਕਾਰਨ ਥਾਣਾ ਸਿਟੀ ਦੀ ਕਾਰਗੁਜ਼ਾਰੀ 'ਤੇ ਵੀ ਕਈ ਸਵਾਲ ਖੜ੍ਹੇ ਹੁੰਦੇ ਹਨ ਕਿਉਂਕਿ ਚੋਰਾਂ ਨੇ ਸ਼ਹਿਰ ਦੀ ਸੰਘਣੀ ਆਬਾਦੀ 'ਚ ਇਨ੍ਹਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਹੈ। ਨਾਲ ਨਾਲ ਦੀਆਂ ਤਿੰਨ ਦੁਕਾਨਾਂ ਦੇ ਜਿੰਦਰੇ ਤੋੜੇ ਗਏ। ਪੁਲਸ ਥਾਣੇ ਦੀ ਦੂਰੀ ਵੀ ਚੋਰੀ ਦੀਆਂ ਘਟਨਾਵਾਂ ਤੋਂ ਬਹੁਤੀ ਦੂਰ ਨਹੀਂ, ਸਿਰਫ 5 ਮਿੰਟ ਦਾ ਰਸਤਾ ਹੀ ਥਾਣਾ ਸਿਟੀ ਤੱਕ ਦਾ ਹੈ। 
10 ਬੀ ਏ ਆਰ ਵਿਵੇਕ 34
ਮੋਬਾਇਲ ਦੀ ਦੁਕਾਨ ਤੋਂ ਉਡਾਏ 6 ਲੱਖ ਦੇ ਮੋਬਾਇਲ
ਫਰਵਾਹੀ ਬਾਜ਼ਾਰ ਠੁੱਲੀਵਾਲ ਧਰਮਸ਼ਾਲਾ ਵਾਲੀ ਗਲੀ 'ਚ ਸੁਜਲ ਟੈਲੀਕਾਮ ਦੁਕਾਨ ਦੇ ਮਾਲਿਕ ਰਾਮ ਕੁਮਾਰ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਰਾਤੀਂ 10 ਵਜੇ ਦੇ ਕਰੀਬ ਆਪਣੀ ਦੁਕਾਨ ਬੰਦ ਕਰਕੇ ਗਿਆ ਸੀ। ਸਵੇਰੇ 7 ਵਜੇ ਦੇ ਕਰੀਬ ਮੈਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਤੁਹਾਡੀ ਦੁਕਾਨ ਦੇ ਜਿੰਦਰੇ ਟੁੱਟੇ ਪਏ ਹਨ। ਜਦੋਂ ਮੈਂ ਦੁਕਾਨ 'ਤੇ ਆ ਕੇ ਦੇਖਿਆ ਤਾਂ ਦੁਕਾਨ 'ਚ ਸਾਮਾਨ ਖਿੱਲਰਿਆ ਹੋਇਆ ਸੀ। ਚੋਰ ਦੁਕਾਨ 'ਚੋਂ 6 ਲੱਖ ਰੁਪਏ ਦੇ ਕੀਮਤੀ ਮੋਬਾਇਲ ਚੋਰੀ ਕਰਕੇ ਲੈ ਗਏ। ਇਹ ਘਟਨਾ ਸਾਰੀ ਨਾਲ ਵਾਲੀ ਦੁਕਾਨ ਦੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ। ਸੈਨੇਟਰੀ ਦੀ ਦੁਕਾਨ 'ਚੋਂ ਚੋਰਾਂ ਨੇ ਉਡਾਇਆ ਬੈਗ
ਫਰਵਾਹੀ ਬਾਜ਼ਾਰ ਸਥਿਤ ਠੁੱਲੀਵਾਲ ਧਰਮਸ਼ਾਲਾ ਦੇ ਨਾਲ ਹੀ ਸੈਨੇਟਰੀ ਦੀ ਦੁਕਾਨ ਕਰਨ ਵਾਲੇ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਰਾਤੀਂ 2.55 ਮਿੰਟ 'ਤੇ ਦੋ ਨਕਾਬਪੋਸ਼ ਚੋਰਾਂ ਨੇ ਮੇਰੀ ਦੁਕਾਨ ਦਾ ਸ਼ਟਰ ਤੋੜਿਆ ਅਤੇ ਦੁਕਾਨ 'ਚ ਪਿਆ ਬੈਗ ਦੁਕਾਨ ਤੋਂ ਬਾਹਰ ਲੈ ਆਏ। ਬੈਗ 'ਚ ਪਈ 3000 ਰੁ. ਦੀ ਨਗਦੀ ਅਤੇ ਚੈਕਬੁੱਕ ਚੋਰੀ ਕਰਕੇ ਲੈ ਗਏ ਅਤੇ ਹੋਰ ਜ਼ਰੂਰੀ ਕਾਗਜ਼ਾਤ ਉਥੇ ਪਾੜ ਕੇ ਸੁੱਟ ਗਏ ਤੇ ਬੈਗ ਵੀ ਉਥੇ ਹੀ ਸੁੱਟ ਗਏ। ਇਹ ਸਾਰੀ ਘਟਨਾ ਠੁੱਲੀਵਾਲ ਧਰਮਸ਼ਾਲਾ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਚੁੱਕੀ ਹੈ। 
ਦੁਕਾਨ 'ਚ ਪੰਜਵੀਂ ਵਾਰ ਹੋਈ ਚੋਰੀ, ਤਿੰਨ ਲੱਖ ਦਾ ਹੋ ਚੁੱਕਾ ਹੈ ਨੁਕਸਾਨ
ਤਰਕਸ਼ੀਲ ਚੌਂਕ ਨੇੜੇ ਬੂਟਾਂ ਦੀ ਦੁਕਾਨ ਕਰਨ ਵਾਲੇ ਜਗਦੀਸ਼ ਕੁਮਾਰ ਅਤੇ ਉਸ ਦੇ ਦੋਸਤ ਸੁਖਦੀਪ ਸਿੰਘ ਨੇ ਦੱਸਿਆ ਕਿ ਸਾਡੀ ਦੁਕਾਨ 'ਤੇ ਬੀਤੀ ਰਾਤੀਂ ਪੰਜਵੀਂ ਵਾਰ ਚੋਰੀ ਹੋਈ ਹੈ। ਪੰਜ ਚੋਰੀਆਂ 'ਚ ਮੇਰਾ ਲਗਭਗ ਤਿੰਨ ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਅਜੇ ਤੱਕ ਇਕ ਵੀ ਚੋਰੀ ਦੀ ਬਰਾਮਦਗੀ ਪੁਲਸ ਨੇ ਨਹੀਂ ਕਰਵਾਈ। ਬੀਤੀ ਰਾਤ ਵੀ ਚੋਰ 20 ਹਜ਼ਾਰ ਰੁ. ਨਗਦ ਅਤੇ 15-20 ਹਜ਼ਾਰ ਰੁ. ਦੇ ਲਗਭਗ ਬੂਟ, ਡੀ.ਵੀ.ਆਰ. ਵੀ ਚੋਰੀ ਕਰਕੇ ਲੈ ਗਏ। ਵਾਰ ਵਾਰ ਚੋਰੀ ਦੀਆਂ ਘਟਨਾਵਾਂ ਹੋਣ ਕਾਰਨ ਮੈਂ ਆਪਣੀ ਦੁਕਾਨ 'ਤੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਸਨ। ਪਰ ਚੋਰ ਤਾਂ ਡੀ.ਵੀ.ਆਰ. ਵੀ ਪੁੱਟ ਕੇ ਲੈ ਗਏ। ਜਿਸ ਕਾਰਨ ਮੇਰੇ ਸੀ.ਸੀ.ਟੀ.ਵੀ. ਕੈਮਰੇ ਲੱਗੇ ਵੀ ਨਾ ਲੱਗਿਆਂ ਵਰਗੇ ਹੀ ਹੋ ਗਏ। 
ਇਸੇ ਤਰ੍ਹਾਂ ਨਾਲ ਚੋਰਾਂ ਨੇ ਫਰਵਾਹੀ ਬਾਜ਼ਾਰ ਸਥਿਤ ਸ਼ਰਮਾ ਟੈਲੀਕਾਮ ਦੀ ਦੁਕਾਨ 'ਤੇ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਦੁਕਾਨ ਮਾਲਿਕ ਵਿਜੇ ਸ਼ਰਮਾ ਨੇ ਦੱਸਿਆ ਕਿ ਚੋਰ ਮੇਰੀ ਦੁਕਾਨ 'ਚੋਂ ਡੈਮੋ ਮੋਬਾਇਲ ਚੋਰੀ ਕਰਕੇ ਲੈ ਗਏ। ਜਿਨ੍ਹਾਂ ਚੋਰਾਂ ਨੇ ਨਾਲ ਵਾਲੀ ਦੁਕਾਨ 'ਚ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਉਹੀ ਚੋਰਾਂ ਨੇ ਮੇਰੀ ਦੁਕਾਨ 'ਚ ਵੀ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ। 
ਪੁਲਸ ਚੋਰਾਂ 'ਤੇ ਨਕੇਲ ਕਸਣ ਦੀ ਬਜਾਏ ਵਪਾਰੀਆਂ 'ਤੇ ਹੀ ਕਰਦੀ ਹੈ ਕੇਸ ਦਰਜ
ਇੰਡਸਟਰੀ ਚੈਂਬਰ ਦੇ ਪ੍ਰਧਾਨ ਵਿਜੇ ਕੁਮਾਰ ਗਰਗ ਨੇ ਕਿਹਾ ਕਿ ਸ਼ਹਿਰ ਵਿਚ ਚੋਰੀ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਵਧ ਗਈਆਂ ਹਨ। ਇਸੇ ਗੱਲ ਨੂੰ ਲੈ ਕੇ ਇੰਡਸਟਰੀ ਚੈਂਬਰ ਅਤੇ ਵਪਾਰ ਮੰਡਲ ਵੱਲੋਂ ਸ਼ਾਂਤਮਈ ਢੰਗ ਨਾਲ ਐਸ.ਐਸ.ਪੀ. ਦਫਤਰ ਵਿਖੇ ਧਰਨਾ ਲਗਾਇਆ ਗਿਆ ਸੀ, ਪਰ ਪੁਲਸ ਨੇ ਤਾਂ ਸ਼ਾਂਤਮਈ ਢੰਗ ਨਾਲ ਰੋਸ਼ ਪ੍ਰਦਰਸ਼ਨ ਕਰ ਰਹੇ ਵਪਾਰੀਆਂ 'ਤੇ ਹੀ ਕੇਸ ਦਰਜ ਕਰ ਲਿਆ। ਜਦੋਂਕਿ ਪੁਲਸ ਨੂੰ ਚੋਰਾਂ ਖਿਲਾਫ ਨਕੇਲ ਕਸਣੀ ਚਾਹੀਦੀ ਸੀ। ਸ਼ਹਿਰ 'ਚ ਹੋ ਰਹੀਆਂ ਚੋਰੀਆਂ ਕਾਰਨ ਵਪਾਰੀਆਂ 'ਚ ਭਾਰੀ ਭੈਅ ਦਾ ਮਾਹੌਲ ਹੈ।


Related News