ਡਿਜੀਟਲ ਮੁਲਾਂਕਣ ਪ੍ਰਣਾਲੀ ’ਤੇ ਉੱਠੇ ਸਵਾਲਾਂ ਤੋਂ ਬਾਅਦ ਸੀ. ਬੀ. ਐੱਸ. ਈ. ਨੇ ਅਪਣਾਇਆ ‘ਟੂਲਕਿੱਟ’ ਦਾ ਰਸਤਾ

Sunday, May 31, 2026 - 06:46 PM (IST)

ਡਿਜੀਟਲ ਮੁਲਾਂਕਣ ਪ੍ਰਣਾਲੀ ’ਤੇ ਉੱਠੇ ਸਵਾਲਾਂ ਤੋਂ ਬਾਅਦ ਸੀ. ਬੀ. ਐੱਸ. ਈ. ਨੇ ਅਪਣਾਇਆ ‘ਟੂਲਕਿੱਟ’ ਦਾ ਰਸਤਾ

ਲੁਧਿਆਣਾ (ਵਿੱਕੀ)- ਡਿਜੀਟਲ ਚੈਕਿੰਗ ਭਾਵ ਆਨ-ਸਕ੍ਰੀਨ ਮਾਰਕਿੰਗ (ਓ. ਐੱਸ. ਐੱਮ.) ਪ੍ਰਣਾਲੀ ’ਚ ਗੜਬੜੀਆਂ ਦੀ ਪੋਲ ਖੁੱਲ੍ਹਣ ਤੋਂ ਬਾਅਦ ਚੌਤਰਫਾ ਆਲੋਚਨਾਵਾਂ ਦਾ ਸਾਹਮਣਾ ਕਰ ਰਿਹਾ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਹੁਣ ਆਪਣੀਆਂ ਕਮੀਆਂ ਨੂੰ ਸੁਧਾਰਨ ਦੀ ਬਜਾਏ ਉਨ੍ਹਾਂ ਦਾ ਬਚਾਅ ਕਰਨ ’ਚ ਪੂਰੀ ਤਾਕਤ ਲਾ ਰਿਹਾ ਹੈ। ਓ. ਐੱਸ. ਐੱਮ. ਨੂੰ ਲੈ ਕੇ ਪੈਦਾ ਹੋਏ ਵਿਵਾਦ ਦਰਮਿਆਨ ਹੁਣ ਇਕ ਨਵਾਂ ਮਾਮਲਾ ਭਖ ਗਿਆ ਹੈ।

ਸੂਤਰਾਂ ਮੁਤਾਬਕ ਮਾਮਲੇ ਨੂੰ ਰਫਾ-ਦਫਾ (ਡੈਮੇਜ ਕੰਟਰੋਲ) ਕਰਨ ਦੇ ਉਦੇਸ਼ ਨਾਲ ਬੋਰਡ ਦੇ ਖੇਤਰੀ ਦਫਤਰਾਂ ਵੱਲੋਂ ਇਸ ਹਫਤੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸੋਸ਼ਲ ਮੀਡੀਆ ਲਈ ਇਕ ਖਾਸ ਗਾਈਡਲਾਈਨ (ਟੂਲਕਿੱਟ) ਭੇਜੀ ਗਈ। ਇਸ ’ਚ ਸਾਫ ਤੌਰ ’ਤੇ ਨਿਰਦੇਸ਼ ਦਿੱਤੇ ਗਏ ਸਨ ਕਿ ਉਹ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਆ ਕੇ ਬੋਰਡ ਦੀ ਇਸ ਵਿਵਾਦਿਤ ਚੈਕਿੰਗ ਪ੍ਰਣਾਲੀ ਦੇ ਪੱਖ ’ਚ ਮਾਹੌਲ ਤਿਆਰ ਕਰਨ। ਇਸ ਨਿਰਦੇਸ਼ ਤੋਂ ਬਾਅਦ ਸਰਕਾਰੀ ਕੇਂਦਰੀ ਵਿਦਿਆਲਿਆ ਅਤੇ ਜਵਾਹਰ ਨਵੋਦਿਆ ਵਿਦਿਆਲਿਆ ਸਮੇਤ ਸੈਂਕੜੇ ਸੰਸਥਾਵਾਂ ਵੱਲੋਂ ਅਜਿਹੇ ਵੀਡੀਓ ਜਾਰੀ ਕੀਤੇ ਗਏ, ਜਿਨ੍ਹਾਂ ’ਚ ਪੂਰਨ ਤੌਰ ’ਤੇ ਟੂਲਕਿੱਟ ’ਚ ਦਿੱਤੀਆਂ ਗੱਲਾਂ ਨੂੰ ਹੀ ਦੁਹਰਾਉਂਦੇ ਹੋਏ ਓ. ਐੱਸ. ਐੱਮ. ਦੀਆਂ ਤਰੀਫਾਂ ਦੇ ਪੁਲ ਬੰਨ੍ਹੇ ਗਏ।

ਪ੍ਰਿੰਸੀਪਲਾਂ ਲਈ ਤਿਆਰ ਕੀਤੀ ਸੀ ਬੋਲਣ ਦੀ ਸਕ੍ਰਿਪਟ, ਰੀ-ਇਵੈਲਿਊਏਸ਼ਨ ਨੂੰ ਦੱਸਿਆ ਹੱਲ

ਸਾਹਮਣੇ ਆਏ ਇਕ ਦਸਤਾਵੇਜ਼ ‘ਮਟੀਰੀਅਲ ਫਾਰ ਪ੍ਰਿੰਸੀਪਲਜ਼’ ਤੋਂ ਸਾਫ ਪਤਾ ਚੱਲਦਾ ਹੈ ਕਿ ਅਧਿਕਾਰੀਆਂ ਨੂੰ ਕੀ ਅਤੇ ਕਿਵੇਂ ਬੋਲਣਾ ਹੈ, ਇਸ ਦੀ ਪੂਰੀ ਸਕ੍ਰਿਪਟ ਪਹਿਲਾਂ ਹੀ ਤਿਆਰ ਸੀ। ਇਸ ’ਚ ਪ੍ਰਿੰਸੀਪਲਾਂ ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਜਨਤਾ ਵਿਚਾਲੇ ਬੋਰਡ ਦਾ ਅਕਸ ਬੇਹੱਦ ਸਰਗਰਮ, ਸੰਵੇਦਨਸ਼ੀਲ ਅਤੇ ਸੰਵਾਦ ਕਰਨ ਵਾਲੀ ਸੰਸਥਾ ਵਜੋਂ ਪੇਸ਼ ਕਰਨ।

ਇਸ ਦੇ ਨਾਲ ਹੀ ਸਕ੍ਰਿਪਟ ’ਚ ਇਹ ਵੀ ਲਿਖਿਆ ਸੀ ਕਿ ਜਦੋਂ ਵੀ ਇੰਨੇ ਵੱਡੇ ਪੱਧਰ ’ਤੇ ਕਿਸੇ ਨਵੀਂ ਤਕਨੀਕ (ਟੈਕਨਾਲੋਜੀ) ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਸ਼ੁਰੂਆਤ ’ਚ ਕੁਝ ਤਕਨੀਕੀ ਰੁਕਾਵਟਾਂ ਆਉਣਾ ਸੁਭਾਵਿਕ ਹੈ, ਜਿਸ ਤੋਂ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਵਿਦਿਆਰਥੀਆਂ ਅਤੇ ਮਾਪਿਆਂ ਨੂੰ ਇਹ ਭਰੋਸਾ ਦਿੱਤਾ ਜਾਣਾ ਚਾਹੀਦਾ ਹੈ ਕਿ ਤਕਨੀਕੀ ਖਾਮੀਆਂ ਕਾਰਨ ਕਿਸੇ ਵੀ ਬੱਚੇ ਦਾ ਭਵਿੱਖ ਪ੍ਰਭਾਵਿਤ ਨਹੀਂ ਹੋਵੇਗਾ। ਜੇਕਰ ਕਿਸੇ ਵਿਦਿਆਰਥੀ ਨੂੰ ਆਪਣੇ ਅੰਕਾਂ ਅਤੇ ਡਿਜੀਟਲ ਸ਼ੀਟ ਦੇ ਮੁਲਾਂਕਣ ’ਚ ਕੋਈ ਫਰਕ ਨਜ਼ਰ ਆਉਂਦਾ ਹੈ, ਤਾਂ ਉਹ ਬੋਰਡ ਦੀ ਅਧਿਕਾਰਤ ਰੀ-ਇਵੈਲਿਊਏਸ਼ਨ (ਮੁੜ-ਮੁਲਾਂਕਣ) ਪ੍ਰਕਿਰਿਆ ਦਾ ਸਹਾਰਾ ਲੈ ਸਕਦਾ ਹੈ।

ਰੀਲਾਂ ਬਣਾ ਕੇ ਕੀਤਾ ਗਿਆ ਬਚਾਅ, ਕੁਝ ਸਿੱਖਿਆ ਸ਼ਾਸਤਰੀਆਂ ਨੇ ਪ੍ਰਗਟਾਈ ਅਸਹਿਮਤੀ

ਨਿਰਦੇਸ਼ਾਂ ਤੋਂ ਬਾਅਦ ਸੋਸ਼ਲ ਮੀਡੀਆ, ਵਿਸ਼ੇਸ਼ ਤੌਰ ’ਤੇ ਇੰਸਟਾਗ੍ਰਾਮ ਰੀਲਾਂ ’ਤੇ ਅਜਿਹੇ ਵੀਡੀਓਜ਼ ਦੀ ਹੜ੍ਹ ਆ ਗਈ, ਜਿਨ੍ਹਾਂ ’ਚ ਵਿਦਿਆਰਥੀ ਅਤੇ ਪ੍ਰਿੰਸੀਪਲ ਬਿਲਕੁਲ ਉਹੀ ਭਾਸ਼ਾ ਅਤੇ ਕੋਟਸ ਦੀ ਵਰਤੋਂ ਕਰਦੇ ਦਿਸੇ, ਜੋ ਬੋਰਡ ਵੱਲੋਂ ਭੇਜੇ ਗਏ ਦਸਤਾਵੇਜ਼ ’ਚ ਲਿਖੀ ਸੀ। ਹਾਲਾਂਕਿ ਸਾਰੇ ਪ੍ਰਿੰਸੀਪਲਾਂ ਨੇ ਬੋਰਡ ਦੇ ਇਸ ਫਰਮਾਨ ਨੂੰ ਸਵੀਕਾਰ ਨਹੀਂ ਕੀਤਾ। ਇਕ ਨਾਮੀ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਨੇ ਗੁਪਤਤਾ ਦੀ ਸ਼ਰਤ ’ਤੇ ਦੱਸਿਆ ਕਿ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਸ ਡਿਜੀਟਲ ਚੈਕਿੰਗ ਕਾਰਨ ਬੱਚਿਆਂ ਨੂੰ ਕਿੰਨਾ ਮਾਨਸਿਕ ਤਣਾਅ ਝੱਲਣਾ ਪਿਆ ਹੈ। ਅਜਿਹੇ ’ਚ ਖੇਤਰੀ ਦਫਤਰ ਦੇ ਮੁਖੀ ਵੱਲੋਂ ਭੇਜੀ ਇਸ ਸਮੱਗਰੀ ਦੇ ਆਧਾਰ ’ਤੇ ਬੋਰਡ ਦਾ ਅੰਨ੍ਹਾ ਸਮਰਥਨ ਕਰਨਾ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਰਗਾ ਹੈ। ਇਹੀ ਵਜ੍ਹਾ ਹੈ ਕਿ ਉਨ੍ਹਾਂ ਨੇ ਇਸ ਦੇ ਪੱਖ ’ਚ ਕੋਈ ਵੀ ਵੀਡੀਓ ਜਾਰੀ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ।

ਉੱਚ ਅਧਿਕਾਰੀਆਂ ਦੀ ਚੁੱਪ, ਉੱਤਰ-ਪੱਤਰੀਆਂ ਦੇਖਣ ਲਈ ਰਿਕਾਰਡ ਤੋੜ ਅਰਜ਼ੀਆਂ

ਇਸ ਪੂਰੇ ਘਟਨਾਕ੍ਰਮ ’ਤੇ ਜਿੱਥੇ ਮੁੱਖ ਬੁਲਾਰੇ ਨੇ ਪੂਰੀ ਤਰ੍ਹਾਂ ਚੁੱਪ ਧਾਰੀ ਹੋਈ ਹੈ, ਉੱਥੇ ਹੀ ਇਕ ਹੋਰ ਸੀਨੀਅਰ ਅਧਿਕਾਰੀ ਨੇ ਨਾਮ ਉਜਾਗਰ ਨਾ ਕਰਨ ਦੀ ਸ਼ਰਤ ’ਤੇ ਦਾਅਵਾ ਕੀਤਾ ਕਿ ਬੋਰਡ ਨੇ ਕਿਸੇ ਨੂੰ ਵੀ ਜ਼ਬਰਦਸਤੀ ਵੀਡੀਓ ਬਣਾਉਣ ਦਾ ਕੋਈ ਆਦੇਸ਼ ਨਹੀਂ ਦਿੱਤਾ ਸੀ। ਦੂਜੇ ਪਾਸੇ 26 ਮਈ ਦੀ ਤੈਅ ਸਮਾਂ-ਹੱਦ ਤੱਕ 12ਵੀਂ ਜਮਾਤ ਦੇ ਕਰੀਬ 18 ਲੱਖ ਵਿਦਿਆਰਥੀਆਂ ’ਚੋਂ ਹਰ ਚੌਥੇ ਵਿਦਿਆਰਥੀ ਨੇ ਆਪਣੀਆਂ ਉੱਤਰ-ਪੱਤਰੀਆਂ ਦੀ ਸਕੈਨ ਕਾਪੀ ਲਈ ਅਪਲਾਈ ਕਰ ਦਿੱਤਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਅਰਜ਼ੀਆਂ ’ਚ 208 ਫੀਸਦੀ ਤੋਂ ਵੱਧ ਦਾ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਇਸ ਭਾਰੀ ਉਛਾਲ ਦੀ ਮੁੱਖ ਵਜ੍ਹਾ ਫੀਸ ਨੂੰ 700 ਰੁਪਏ ਤੋਂ ਘਟਾ ਕੇ ਮਾਤਰ 100 ਰੁਪਏ ਕਰਨਾ ਮੰਨਿਆ ਜਾ ਰਿਹਾ ਹੈ।

ਕਾਪੀਆਂ ਦੀ ਸਕੈਨ ਕਾਪੀ ਮਿਲਦਿਆਂ ਹੀ ਭੜਕੇ ਵਿਦਿਆਰਥੀ ਅਤੇ ਮਾਪੇ

ਜ਼ਿਕਰਯੋਗ ਹੈ ਕਿ 13 ਮਈ ਨੂੰ ਐਲਾਨੇ 12ਵੀਂ ਦੇ ਨਤੀਜਿਆਂ ’ਚ ਇਸ ਵਾਰ ਕੁੱਲ ਪਾਸ ਫੀਸਦੀ ਪਿਛਲੇ ਸਾਲ ਦੇ 88.39 ਫੀਸਦੀ ਤੋਂ ਡਿੱਗ ਕੇ 85.20 ਫੀਸਦੀ ’ਤੇ ਆ ਗਈ ਹੈ। ਇਸ ਸਾਲ ਕਰੀਬ 98 ਲੱਖ ਕਾਪੀਆਂ ਦਾ ਮੁਲਾਂਕਣ ਓ. ਐੱਸ. ਐੱਮ. ਰਾਹੀਂ ਡਿਜੀਟਲ ਤਰੀਕੇ ਨਾਲ ਹੋਇਆ, ਜਦੋਂਕਿ ਸਿਰਫ 13000 ਕਾਪੀਆਂ ਹੀ ਰਵਾਇਤੀ (ਮੈਨੂਅਲ) ਤਰੀਕੇ ਨਾਲ ਜਾਂਚੀਆਂ ਗਈਆਂ। ਜਦੋਂ ਵਿਦਿਆਰਥੀਆਂ ਦੇ ਹੱਥ ’ਚ ਉਨ੍ਹਾਂ ਦੀਆਂ ਕਾਪੀਆਂ ਦੀ ਸਕੈਨ ਕਾਪੀ ਆਈ, ਤਾਂ ਉਨ੍ਹਾਂ ਨੇ ਸਟੈੱਪ ਵਾਈਜ਼ ਮਾਰਕਿੰਗ ਨਾ ਹੋਣ, ਉੱਤਰ-ਪੱਤਰੀਆਂ ’ਚ ਹੇਰ-ਫੇਰ ਹੋਣ ਅਤੇ ਬਹੁ-ਬਦਲ ਪ੍ਰਸ਼ਨਾਂ ’ਚ ਗਲਤ ਤਰੀਕੇ ਨਾਲ ਨੰਬਰ ਕੱਟੇ ਜਾਣ ਦੀਆਂ ਗੰਭੀਰ ਖਾਮੀਆਂ ਉਜਾਗਰ ਕੀਤੀਆਂ। ਵਿਸ਼ੇਸ਼ ਤੌਰ ’ਤੇ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਅਤੇ ਮੈਥਸ ਵਰਗੇ ਮੁੱਖ ਵਿਸ਼ਿਆਂ ’ਚ ਘੱਟ ਅੰਕ ਆਉਣ ਤੋਂ ਬਾਅਦ ਹੀ ਵਿਦਿਆਰਥੀਆਂ ਨੂੰ ਦੁਬਾਰਾ ਜਾਂਚ (ਰੀ-ਇਵੈਲਿਊਏਸ਼ਨ) ਦਾ ਬਦਲ ਦਿੱਤਾ ਗਿਆ ਸੀ।

ਇਸ ਤਰ੍ਹਾਂ ਕੰਮ ਕਰਦੀ ਹੈ ਓ. ਐੱਸ. ਐੱਮ. ਦੀ ਵਿਵਸਥਾ

ਪ੍ਰੀਖਿਆ ਤੋਂ ਬਾਅਦ ਸਭ ਤੋਂ ਪਹਿਲਾਂ ਵਿਦਿਆਰਥੀਆਂ ਦੀਆਂ ਉੱਤਰ-ਪੱਤਰੀਆਂ ਨੂੰ ਸਕੈਨ ਕੀਤਾ ਜਾਂਦਾ ਹੈ।

ਇਸ ਤੋਂ ਬਾਅਦ ਸਕੈਨ ਫਾਈਲਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਸਰਵਰ ’ਤੇ ਅਪਲੋਡ ਕਰ ਦਿੱਤਾ ਜਾਂਦਾ ਹੈ।

ਅਧਿਆਪਕ ਆਪਣੀ ਸਹੂਲਤ ਅਨੁਸਾਰ ਕੰਪਿਊਟਰ ਜਾਂ ਲੈਪਟਾਪ ਸਕ੍ਰੀਨ ’ਤੇ ਹੀ ਇਨ੍ਹਾਂ ਕਾਪੀਆਂ ਨੂੰ ਚੈੱਕ ਕਰਦਾ ਹੈ।

ਮੁਲਾਂਕਣ ਤੋਂ ਬਾਅਦ ਸਕ੍ਰੀਨ ’ਤੇ ਹੀ ਅੰਕ ਦਿੱਤੇ ਜਾਂਦੇ ਹਨ। ਇਹ ਸਾਫਟਵੇਅਰ ਖੁਦ-ਬ-ਖੁਦ ਸਾਰੇ ਨੰਬਰਾਂ ਨੂੰ ਜੋੜ ਲੈਂਦਾ ਹੈ, ਜਿਸ ਨਾਲ ਕੁੱਲ ਜੋੜ (ਟੋਟਲਿੰਗ) ’ਚ ਮਨੁੱਖੀ ਗਲਤੀ ਦੀ ਗੁੰਜਾਇਸ਼ ਨਹੀਂ ਰਹਿੰਦੀ।
 


author

Anmol Tagra

Content Editor

Related News