ਸ਼ਿਪਿੰਗ ਲਾਈਨ ਦੇ ਦਫਤਰ ’ਚ ਲੱਗੀ ਅੱਗ! ਰਿਕਾਰਡ ਤੇ ਸਾਮਾਨ ਸੜ ਕੇ ਸੁਆਹ, ਲੱਖਾਂ ਰੁਪਏ ਦਾ ਨੁਕਸਾਨ
Saturday, Jul 18, 2026 - 04:45 PM (IST)
ਲੁਧਿਆਣਾ (ਮੁਕੇਸ਼)- ਜਮਾਲਪੁਰ ਕਾਲੋਨੀ ਅਰਬਨ ਅਸਟੇਟ ਫੇਜ਼ 1 ਸਥਿਤ ਮੁਕੇਸ਼ ਸਵੀਟਸ ਦੇ ਨਾਲ ਸ਼ਿਪਿੰਗ ਲਾਈਨ ਦੇ ਦਫਤਰ ’ਚ ਬੀਤੀ ਰਾਤ ਅੱਗ ਲਗ ਗਈ, ਜਿਸ ਕਾਰਨ ਦਫਤਰ ਦਾ ਰਿਕਾਰਡ, ਸਾਰੇ ਏ .ਸੀ, ਪੱਖੇ, ਫਿਟਿੰਗ ਤੇ ਫਰਨੀਚਰ ਆਦਿ ਸੜ ਗਏ ਤੇ ਲੱਖਾਂ ਦਾ ਨੁਕਸਾਨ ਹੋ ਗਿਆ। ਦਫਤਰ ਦੇ ਪ੍ਰਬੰਧਕ ਪ੍ਰਦੀਪ ਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਫੇਜ਼ 1 ਮਾਰਕੀਟ ’ਚ ਬਿਲਡਿੰਗ ਦੀ ਦੂਜੀ ਮੰਜ਼ਿਲ ਤੇ ਬਾਂਸਲ ਸ਼ਿਪਿੰਗ ਐਂਡ ਲੋਜਿਸਟਿਕਸ ਨਾਮ ਤੋਂ ਦਫਤਰ ਹੈ ਤੇ ਰਾਤ 10:30 ਵਜੇ ਦੇ ਕਰੀਬ ਉਨ੍ਹਾਂ ਦੇ ਗੁਆਂਢੀ ਸੰਨੀ ਨੇ ਦਫਤਰ ਅੰਦਰੋਂ ਧੂੰਆਂ ਤੇ ਅੱਗ ਨਿਕਲਦੀ ਹੋਈ ਦੇਖੀ ਤੇ ਤੁਰੰਤ ਉਨ੍ਹਾਂ ਨੂੰ ਫੋਨ ਤੇ ਸੂਚਿਤ ਕੀਤਾ।
ਅੱਗ ਦੀ ਸੂਚਨਾ ਮਿਲਦਿਆਂ ਸਾਰ ਹੀ ਉਨ੍ਹਾਂ ਫਾਇਰ ਬ੍ਰਿਗੇਡ ਨੂੰ ਅੱਗ ਬਾਬਤ ਸੂਚਨਾ ਦਿੱਤੀ ਤੇ ਦਫਤਰ ਲਈ ਰਵਾਨਾ ਹੋ ਗਏ। ਇਸ ਦੌਰਾਨ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪਹੁੰਚ ਗਈ ਜਿਨ੍ਹਾਂ ਅੱਗ ਉਪਰ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਤੇ ਇਕ ਘੰਟੇ ਦੀ ਮਸ਼ੱਕਤ ਮਗਰੋਂ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਅੱਗ ਉਪਰ ਕਾਬੂ ਪਾ ਲਿਆ। ਪ੍ਰਦੀਪ ਕੁਮਾਰ ਨੇ ਕਿਹਾ ਕਿ ਅੱਗ ਕਾਰਨ ਤਿੰਨ ਤੋਂ ਚਾਰ ਲੱਖ ਦਾ ਨੁਕਸਾਨ ਹੋ ਗਿਆ ਹੈ ਤੇ ਅੱਗ ਕਿਵੇਂ ਲੱਗੀ ਦੀ ਜਾਂਚ ਮਗਰੋਂ ਹੀ ਕੁਝ ਕਿਹਾ ਜਾ ਸਕਦਾ ਹੈ।
