ਟਾਸਕ ਫ਼ੋਰਸ ਨੇ ਬਾਲ ਮਜ਼ਦੂਰੀ ਤੋਂ ਆਜ਼ਾਦ ਕਰਵਾਏ 6 ਮਾਸੂਮ

Thursday, Jul 16, 2026 - 06:35 PM (IST)

ਟਾਸਕ ਫ਼ੋਰਸ ਨੇ ਬਾਲ ਮਜ਼ਦੂਰੀ ਤੋਂ ਆਜ਼ਾਦ ਕਰਵਾਏ 6 ਮਾਸੂਮ

ਲੁਧਿਆਣਾ (ਖੁਰਾਣਾ)- ਜ਼ਿਲ੍ਹਾ ਟਾਸਕ ਫੋਰਸ ਟੀਮ ਵਿਚ ਸ਼ਾਮਲ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਲੋਂ ਕਾਕੋਵਾਲ ਰੋਡ ਸਥਿਤ ਵਿਸ਼ਾਲ ਨਗਰ ਦੀ ਗਲੀ ਨੰ. 3 ਵਿਚ ਪੈਂਦੇ ਐੱਨ. ਕੇ. ਐਂਟਰਪ੍ਰਾਈਜ਼ਿਜ਼ ਨਾਮੀ ਉਦਯੋਗਿਕ ਘਰਾਣੇ ’ਚ ਛਾਪੇਮਾਰੀ ਕਰਦੇ ਹੋਏ 6 ਮਾਸੂਮ ਬੱਚਿਆਂ ਨੂੰ ਬਾਲ ਮਜ਼ਦੂਰੀ ਦੇ ਬੰਧਨਾਂ ਤੋਂ ਆਜ਼ਾਦ ਕਰਵਾਉਣ ਵਿਚ ਸਫਲਤਾ ਹਾਸਲ ਕੀਤੀ ਹੈ।

ਜਾਣਕਾਰੀ ਮੁਤਾਬਕ ਜ਼ਿਲ੍ਹਾ ਟਾਸਕ ਫੋਰਸ ਟੀਮ ਵਲੋਂ ਉਕਤ ਕਾਰਵਾਈ ਨੂੰ ਐਸੋਸੀਏਸ਼ਨ ਫਾਰ ਵਲੰਟਰੀ ਐਕਸ਼ਨ ਦੇ ਪੰਜਾਬ ਹੈੱਡ ਯਾਦਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਅੰਜਾਮ ਦਿੱਤਾ ਗਿਆ ਹੈ। ਯਾਦਵਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਆਜ਼ਾਦ ਕਰਵਾਏ ਗਏ ਸਾਰੇ ਬੱਚਿਆਂ ਦੀ ਉਮਰ 12 ਤੋਂ 16 ਸਾਲ ਦੇ ਦਰਮਿਆਨ ਲੱਗ ਰਹੀ ਹੈ, ਜੋ ਸਿੱਧੇ ਤੌਰ ’ਤੇ ਚਾਈਲਡ ਲੇਬਰ ਐਕਟ 1955 ਖਿਲਾਫ ਹੈ, ਜਿਸ ਦੇ ਤਹਿਤ ਮੁਲਜ਼ਮ ਪਾਏ ਜਾਣ ਵਾਲੇ ਖਿਲਾਫ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਦੀ ਵਿਵਸਥਾ ਸ਼ਾਮਲ ਹੈ। ਇਸ ਵਿਚ ਮੁਲਜ਼ਮ ਨੂੰ 3 ਸਾਲ ਤੱਕ ਦੀ ਸਜ਼ਾ ਅਤੇ ਜੁਰਮਾਨਾ ਇਕੱਠੇ ਹੋ ਸਕਦੇ ਹਨ।

ਵਿਭਾਗੀ ਅਧਿਕਾਰੀਆਂ ਵਲੋਂ ਉਕਤ ਕਾਰਵਾਈ ਨੂੰ ਛਾਪੇਮਾਰੀ ਦੌਰਾਨ ਆਜ਼ਾਦ ਕਰਵਾਏ ਗਏ ਸਾਰੇ ਬੱਚਿਆਂ ਦਾ ਸਥਾਨਕ ਸਿਵਲ ਹਸਪਤਾਲ ਤੋਂ ਮੈਡੀਕਲ ਚੈੱਕਅਪ ਕਰਵਾਉਣ ਤੋਂ ਬਾਅਦ ਬੱਚਿਆਂ ਨੂੰ ਸੀ. ਡਬਲਯੂ. ਸੀ. ਚਾਈਲਡ ਵੈੱਲਫੇਅਰ ਕਮੇਟੀ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ। ਇਥੋਂ ਅਧਿਕਾਰੀਆਂ ਵਲੋਂ ਵਿਭਾਗੀ ਕਾਰਵਾਈ ਕਰਨ ਤੋਂ ਬਾਅਦ ਬੱਚਿਆਂ ਨੂੰ ਬਾਲਘਰ ਜਮਾਲਪੁਰ ਵਿਚ ਸ਼ਿਫਟ ਕੀਤਾ ਗਿਆ ਹੈ। ਇਸ ਮੌਕੇ ਲੇਬਰ ਵਿਭਾਗ, ਸਿਹਤ ਵਿਭਾਗ, ਸਿੱਖਿਆ ਵਿਭਾਗ, ਚਾਈਲਡ ਵੈੱਲਫੇਅਰ ਕਮੇਟੀ ਸਮੇਤ ਮਨੁੱਖੀ ਸਮੱਗÇਲਿੰਗ ਵਿਰੋਧੀ ਪੁਲਸ ਦਸਤੇ ਦੇ ਜਵਾਨ ਮੁੱਖ ਤੌਰ ’ਤੇ ਸ਼ਾਮਲ ਰਹੇ।

19 ਨਾਬਾਲਿਗ ਬੱਚਿਆਂ ਤੋਂ ਕੰਮ ਕਰਵਾਉਣ ਵਾਲੇ 2 ਫੈਕਟਰੀ ਮਾਲਕਾਂ ਖਿਲਾਫ ਕੇਸ ਦਰਜ

ਲੁਧਿਆਣਾ (ਅਨਿਲ)- ਥਾਣਾ ਜੋਧੇਵਾਲ ਦੀ ਪੁਲਸ ਨੇ 2 ਫੈਕਟਰੀਆਂ ਵਿਚ ਨਾਬਾਲਿਗ ਬੱਚਿਆਂ ਤੋਂ ਕੰਮ ਕਰਵਾਉਣ ਵਾਲੇ ਫੈਕਟਰੀ ਮਾਲਕਾਂ ਖਿਲਾਫ ਕੇਸ ਦਰਜ ਕੀਤਾ ਹੈ। ਥਾਣਾ ਜੋਧੇਵਾਲ ਮੁਖੀ ਇੰਸ. ਅਮਰਜੀਤ ਸਿੰਘ ਧੰਜੂ ਨੇ ਦੱਸਿਆ ਕਿ ਪੁਲਸ ਵੱਲੋਂ ਚਾਈਲਡ ਵੈੱਲਫੇਅਰ ਕਮੇਟੀ ਦੇ ਅਧਿਕਾਰੀ ਰਿਤੁੂ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਨਾਬਾਲਿਗ ਬੱਚਿਆਂ ਤੋਂ ਜ਼ਬਰਦਸਤੀ ਕੰਮ ਕਰਵਾਉਣ ਵਾਲੀ ਫੈਕਟਰੀ ਨਿਊ ਲੀਜ਼ੈਂਡ ਐਂਟਰਪ੍ਰਾਈਜ਼ਿਜ਼ ਅਤੇ ਮੁਕੁਟ ਹੌਜ਼ਰੀ ਵਰਕਸ ਦੇ ਮਾਲਕਾਂ ਖਿਲਾਫ ਚਾਈਲਡ ਲੇਬਰ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਵਲੋਂ ਫੈਕਟਰੀ ਮਾਲਕਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਮੁਲਜ਼ਮ ਫੈਕਟਰੀ ਮਾਲਕਾਂ ਨੂੰ ਗ੍ਰਿਫਤਾਰ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।


author

Anmol Tagra

Content Editor

Related News