ਚਲਦੀ ਸਕਾਰਪੀਓ ''ਚ ਖੁਦ ਨੂੰ ਗੋਲੀ ਮਾਰਨ ਵਾਲਾ ਜਸਪ੍ਰੀਤ ਜੱਸਾ ਈਸੇਵਾਲ ਗੈਂਗਰੇਪ ਕਾਂਡ ਦਾ ਸੀ ਮੁੱਖ ਗਵਾਹ

Friday, Jul 24, 2026 - 09:49 PM (IST)

ਚਲਦੀ ਸਕਾਰਪੀਓ ''ਚ ਖੁਦ ਨੂੰ ਗੋਲੀ ਮਾਰਨ ਵਾਲਾ ਜਸਪ੍ਰੀਤ ਜੱਸਾ ਈਸੇਵਾਲ ਗੈਂਗਰੇਪ ਕਾਂਡ ਦਾ ਸੀ ਮੁੱਖ ਗਵਾਹ

ਮੁੱਲਾਂਪੁਰ ਦਾਖਾ (ਕਾਲੀਆ) - ਜਸਪ੍ਰੀਤ ਸਿੰਘ ਉਰਫ ਜੱਸਾ ਜਿਸ ਨੇ ਬੀਤੇ ਦਿਨ ਤਹਿਸ਼ ਵਿੱਚ ਆ ਕੇ ਚਲਦੀ ਸਕਾਰਪੀਓ ਵਿੱਚ ਖੁਦ ਨੂੰ ਗੋਲੀ ਮਾਰ ਲਈ, ਉਹ ਈਸੇਵਾਲ ਗੈਂਗ ਰੇਪ ਕਾਂਡ ਦਾ ਮੁੱਖ ਗਵਾਹ ਸੀ ਅਤੇ ਬੜਾ ਦਲੇਰ ਸੀ। ਗੈਂਗਰੇਪ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਇਸਨੇ ਥਾਣਾ ਦਾਖਾ ਨੂੰ ਸੂਚਿਤ ਕੀਤਾ ਸੀ ਪਰ ਥਾਣਾ ਦਾਖਾ ਦਾ ਏ.ਐੱਸ.ਆਈ ਧੁੰਦ ਕਾਰਨ ਅਤੇ ਸਹੀ ਲੋਕੇਸ਼ਨ ਨਾ ਮਿਲਣ ਕਾਰਨ ਮੌਕਾ ਵਾਰਦਾਤ ''ਤੇ ਪੁੱਜ ਨਹੀਂ ਸੀ ਸਕਿਆ ਤਾਂ ਏ.ਐੱਸ.ਆਈ ਨੂੰ ਸਸਪੈਂਡ ਕਰ ਦਿੱਤਾ ਸੀ ।

ਸਾਬਕਾ ਸਰਪੰਚ ਵਰਿੰਦਰ ਸਿੰਘ ਸੇਖੋਂ ਅਤੇ ਗੁਰਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਪਿੰਡ ਦਾਖਾ ਨੇ ਈਸੇਵਾਲ ਗੈਂਗਰੇਪ ਦੀ ਪੂਰੀ ਕਾਨੂੰਨੀ ਕਾਰਵਾਈ ਕਰਵਾ ਕੇ ਪੀੜਤਾ ਨੂੰ ਇਨਸਾਫ ਦਿਵਾਇਆ ਸੀ ਅਤੇ ਉਸਦੀ ਦਲੇਰੀ ਦਾ ਸਿੱਕਾ ਸਾਰਾ ਪਿੰਡ ਮੰਨਦਾ ਸੀ। ਇਸ ਨੇ ਲਵ ਮੈਰਿਜ ਕਰਵਾਈ ਸੀ ਅਤੇ ਹੁਣ ਲੁਧਿਆਣਾ ਸ਼ਹਿਰ ਹੀ ਰਹਿੰਦਾ ਸੀ ਅਤੇ ਪਤਨੀ ਨਾਲ ਝਗੜਾ ਰਹਿੰਦਾ ਸੀ ਅਤੇ ਉਸ ਦੀ ਚਾਰ ਸਾਲਾ ਧੀ ਹੈ।

ਇੱਥੇ ਦੱਸਣਯੋਗ ਹੈ ਕਿ 10 ਫਰਵਰੀ 2019 ਦੀ ਰਾਤ ਨੂੰ ਇੱਕ ਲੜਕੀ ਨਾਲ ਛੇ ਦੋਸ਼ੀਆਂ ਜਿੰਨਾਂ ਵਿੱਚ ਸਾਦਿਕ ਅਲੀ ਵਾਸੀ ਹਿਮਾਚਲ, ਜਗਰੂਪ ਸਿੰਘ ਵਾਸੀ ਪਿੰਡ ਜਸਪਾਲ ਬਾਂਗੜ, ਅਜੇ ਵਾਸੀ ਟਿੱਬਾ, ਸੈਫ ਅਲੀ ਵਾਸੀ ਹਿਮਾਚਲ, ਸੁਰਮੂ ਵਾਸੀ ਖਾਨਪੁਰ ਅਤੇ ਲਿਆਕਤ ਅਲੀ ਵਾਸੀ ਕਠੂਆ ਨੇ ਮਿਲ ਕੇ ਗੈਂਗ ਰੇਪ ਕੀਤਾ ਸੀ। ਬਲਾਤਕਾਰੀਆਂ ਨੂੰ ਸਜ਼ਾ ਦਿਵਾਉਣ ਲਈ ਉਹ ਪੀੜਤਾ ਦੀ ਮਦਦ ਲਈ ਡਟਿਆ ਰਿਹਾ ਅਤੇ ਕੇਸ ਦਾ ਮੁੱਖ ਗਵਾਹ ਬਣਿਆ। 4 ਮਾਰਚ 2022 ਨੂੰ ਮਾਣਯੋਗ ਜੱਜ ਰਸਮੀ ਸ਼ਰਮਾ ਦੀ ਅਦਾਲਤ ਨੇ ਉਕਤਾਨ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਮ੍ਰਿਤਕ ਜਸਪ੍ਰੀਤ ਸਿੰਘ ਉਰਫ ਜੱਸਾ ਨੇ ਆਖਿਰ ਇਹ ਖੌਫਨਾਕ ਕਦਮ ਕਿਉਂ ਚੱਕਿਆ..? ਇਹ ਬੁਝਾਰਤ ਬਣਿਆ ਹੋਇਆ ਹੈ। ਫਿਲਹਾਲ ਥਾਣਾ ਦਾਖਾ ਦੀ ਪੁਲਸ ਨੇ ਮ੍ਰਿਤਕ ਦੀ ਮਾਤਾ ਰਜਿੰਦਰ ਕੌਰ ਪਤਨੀ ਹਰਵਿੰਦਰ ਸਿੰਘ ਵਾਸੀ ਪਿੰਡ ਦਾਖਾ ਦੇ ਬਿਆਨਾਂ ਤੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਉਸ ਦੀ ਮੌਤ ਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।


author

Inder Prajapati

Content Editor

Related News