ਮਿਡ-ਡੇਅ ਮੀਲ ਨੂੰ ਲੈ ਕੇ ਅਧਿਆਪਕਾਂ ਨੇ ਜਾਰੀ ਕੀਤੀ ਚਿਤਾਵਨੀ

Tuesday, Sep 29, 2026 - 04:09 PM (IST)

ਮਿਡ-ਡੇਅ ਮੀਲ ਨੂੰ ਲੈ ਕੇ ਅਧਿਆਪਕਾਂ ਨੇ ਜਾਰੀ ਕੀਤੀ ਚਿਤਾਵਨੀ

ਲੁਧਿਆਣਾ (ਵਿੱਕੀ) : ਸਕੂਲਾਂ ਵਿਚ ਸਿੱਖਿਆ ਕ੍ਰਾਂਤੀ ਦੇ ਸਰਕਾਰੀ ਦਾਅਵਿਆਂ ਦੀ ਜ਼ਮੀਨੀ ਹਕੀਕਤ ਅਧਿਆਪਕਾਂ ਦੀਆਂ ਖਾਲ੍ਹੀ ਹੁੰਦੀਆਂ ਜੇਬ੍ਹਾਂ ਬਿਆਨ ਕਰ ਰਹੀਆਂ ਹਨ। ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਮਿਡ-ਡੇਅ ਮੀਲ ਖੁਆਉਣ ਅਤੇ ਖੇਡਾਂ ਵਿਚ ਸ਼ਾਮਲ ਕਰਵਾਉਣ ਲਈ ਹੁਣ ਅਧਿਆਪਕ ਖ਼ੁਦ ਕਰਜ਼ਦਾਰ ਬਣਨ ਦੀ ਕਗਾਰ ''ਤੇ ਪਹੁੰਚ ਚੁੱਕੇ ਹਨ। ਸਿੱਖਿਆ ਵਿਭਾਗ ਵੱਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਮਿਡ-ਡੇਅ ਮੀਲ ਦਾ ਪੈਸਾ ਸਕੂਲਾਂ ਨੂੰ ਜਾਰੀ ਨਾ ਕੀਤੇ ਜਾਣ ਤੋਂ ਨਾਰਾਜ਼ ਅਧਿਆਪਕਾਂ ਨੇ ਹੁਣ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨੀਂਦ ਤੋਂ ਜਗਾਉਣ ਦਾ ਮਨ ਬਣਾ ਲਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਗੁਰਦੁਆਰਾ ਸਾਹਿਬ 'ਚ ਦਾਖਲ ਹੋਏ ਹਮਲਾਵਰਾਂ ਨੇ ਸੇਵਾਦਾਰ ਨੂੰ ਮਾਰੀ ਗੋਲ਼ੀ

ਈ.ਟੀ.ਟੀ. ਅਧਿਆਪਕ ਯੂਨੀਅਨ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਮਾਨ, ਜਨਰਲ ਸਕੱਤਰ ਇੰਦਰਜੀਤ ਸਿੰਘ ਸਿੱਧੂ ਅਤੇ ਪ੍ਰੈੱਸ ਸਕੱਤਰ ਕੁਲਜਿੰਦਰ ਸਿੰਘ ਬੱਦੋਵਾਲ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਸਕੂਲਾਂ ਨੂੰ ਮਿਡ-ਡੇਅ ਮੀਲ ਦਾ ਫੰਡ ਨਹੀਂ ਮਿਲਿਆ। ਸਕੂਲ ਹੈੱਡ ਇੰਚਾਰਜ ਅਤੇ ਅਧਿਆਪਕ ਆਪਣੀ ਜੇਬ ''ਚੋਂ ਪੈਸੇ ਖ਼ਰਚ ਕੇ ਵਿਦਿਆਰਥੀਆਂ ਨੂੰ ਖਾਣਾ ਖੁਆ ਰਹੇ ਹਨ। ਹੁਣ ਦੁਕਾਨਦਾਰਾਂ ਨੇ ਵੀ ਰਾਸ਼ਨ ਉਧਾਰ ਦੇਣਾ ਬੰਦ ਕਰ ਦਿੱਤਾ ਹੈ। ਉਨ੍ਹਾਂ ਦੋ-ਟੁੱਕ 'ਚ ਚਿਤਾਵਨੀ ਦਿੱਤੀ ਕਿ ਜੇਕਰ ਰਾਸ਼ੀ ਤੁਰੰਤ ਜਾਰੀ ਨਾ ਹੋਈ ਤਾਂ ਅਧਿਆਪਕ 1 ਅਕਤੂਬਰ ਤੋਂ ਮਿਡ-ਡੇਅ ਮੀਲ ਬੰਦ ਕਰਨ ਲਈ ਮਜ਼ਬੂਰ ਹੋਣਗੇ, ਜਿਸ ਦੀ ਸਿੱਧੀ ਜ਼ਿੰਮੇਵਾਰੀ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਦੀ ਹੋਵੇਗੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਪੰਡਤ ਧਿਰੇਂਦਰ ਸ਼ਾਸਤਰੀ ਦੀ ਕਥਾ 'ਚ ਹੈਰਾਨ ਕਰਨ ਵਾਲੀ ਘਟਨਾ, ਮਾਮਲਾ ਜਾਣ ਉਡਣਗੇ ਹੋਸ਼

ਇਕ ਪਾਸੇ ਸਿੱਖਿਆ ਕ੍ਰਾਂਤੀ ਦਾ ਢੋਲ, ਦੂਜੇ ਪਾਸੇ ਖੇਡਾਂ ਲਈ ਵੀ ਨਹੀਂ ਫੰਡ

ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਰਾਜ ਸਿੰਘ ਘਲੋਟੀ ਨੇ ਦੋਸ਼ ਲਗਾਇਆ ਕਿ ਇਕ ਪਾਸੇ ਸਰਕਾਰ ਸਿੱਖਿਆ ਕ੍ਰਾਂਤੀ ਅਤੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਮਿਡ-ਡੇਅ ਮੀਲ ਅਤੇ ਖੇਡਾਂ ਤੱਕ ਲਈ ਅਧਿਆਪਕਾਂ ਨੂੰ ਆਪਣੀ ਜੇਬ ''ਚੋਂ ਖ਼ਰਚ ਕਰਨਾ ਪੈ ਰਿਹਾ ਹੈ। ਸਰਕਾਰ ਆਪਣੀਆਂ ਬੁਨਿਆਦੀ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਪੰਜਾਬ ਦੀਆਂ ਇਹ ਚੋਣਾਂ ਕੀਤੀਆਂ ਰੱਦ

ਮੰਗ ਪੱਤਰ ''ਤੇ 15 ਦਿਨਾਂ ਬਾਅਦ ਵੀ ਨਹੀਂ ਹੋਈ ਸੁਣਵਾਈ

ਅਧਿਆਪਕ ਆਗੂ ਕੁਲਜਿੰਦਰ ਸਿੰਘ ਬੱਦੋਵਾਲ ਨੇ ਦੱਸਿਆ ਕਿ ਮਿਡ-ਡੇਅ ਮੀਲ ਰਾਸ਼ੀ, ਖੇਡਾਂ ਦੇ ਫੰਡ, ਕੁੱਕ ਤੇ ਸਫ਼ਾਈ ਕਰਮਚਾਰੀਆਂ ਦੇ ਤਿੰਨ ਮਹੀਨਿਆਂ ਦੇ ਬਕਾਇਆ ਵੇਤਨ-ਭੱਤੇ ਜਾਰੀ ਕਰਨ ਅਤੇ ਗ਼ੈਰ-ਵਿਦਿਅਕ ਕੰਮਾਂ ਵਿਚ ਡਿਊਟੀ ਨਾ ਲਗਾਉਣ ਨੂੰ ਲੈ ਕੇ ਡੀ.ਈ.ਓ. ਡਿੰਪਲ ਮਦਾਨ ਰਾਹੀਂ ਡੀ.ਪੀ.ਆਈ. ਐਲੀਮੈਂਟਰੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ ਸੀ। 15 ਦਿਨ ਬੀਤਣ ਦੇ ਬਾਵਜੂਦ ਕੋਈ ਹੱਲ ਨਹੀਂ ਨਿਕਲਿਆ। ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਮਾਨ ਨੇ ਦੁਹਰਾਇਆ ਕਿ 1 ਅਕਤੂਬਰ ਤੋਂ ਖਾਣਾ ਬੰਦ ਹੋਣ ''ਤੇ ਸਰਕਾਰ ਖ਼ੁਦ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਨਰਿੰਦਰ ਸਿੰਘ ਭੜੀ, ਹਰਬੰਸ ਸਿੰਘ ਪੱਪਾ, ਸੁਖਬੀਰ ਸਿੰਘ ਬਾਠ, ਸੁਖਪਾਲ ਦੱਦਾਹੂਰ, ਸ਼ਿੰਗਾਰਾ ਸਿੰਘ ਰਾਏਕੋਟ, ਅਵਤਾਰ ਸਿੰਘ ਤਾਰੀ, ਰਜਨੀਸ਼ ਖਾਨਪੁਰ, ਜਸਪਾਲ ਸਿੰਘ ਜੱਸਾ, ਪਰਮਿੰਦਰ ਕਲੇਰ, ਓਂਕਾਰ ਸਿੰਘ ਜਗਰਾਓਂ, ਸਤਨਾਮ ਸਿੰਘ ਮੁੱਲਾਂਪੁਰ, ਸਤਪਾਲ ਸਿੰਘ ਪਮਾਲ, ਕੁਲਵੰਤ ਸਿੰਘ ਬੜੂੰਦੀ, ਸੁਖਵਿੰਦਰ ਸਿੰਘ ਮਾਛੀਵਾੜਾ, ਬਿੱਕਰ ਸਿੰਘ, ਅਮਰ ਚੰਦ ਅਤੇ ਅਮਨਪ੍ਰੀਤ ਸਿੰਘ ਹਾਜ਼ਰ ਸਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News